ਪੰਚਾਇਤ ਚੋਣਾਂ: ਹਾਈ ਕੋਰਟ ਵੱਲੋਂ ਸਾਰੀਆਂ ਪਟੀਸ਼ਨਾਂ ਰੱਦ, ਚੋਣਾਂ ’ਤੇ ਲੱਗੀ ਰੋਕ ਹਟੀ
ਹਰਦੀਪ ਸਿੰਘ
ਧਰਮਕੋਟ, 14 ਅਕਤੂਬਰ
Panchayat Elections Punjab: ਪੰਜਾਬ ਅਤੇ ਹਰਿਆਣਾ ਹਾਈ ਕੋਰਟ (Punjab and Haryana High Court) ਨੇ ਪੰਚਾਇਤੀ ਚੋਣਾਂ ਨਾਲ ਸਬੰਧਤ ਸਾਰੀਆਂ ਹੀ ਚੋਣ ਪਟੀਸ਼ਨਾਂ ਨੂੰ ਰੱਦ ਕਰ ਦਿੱਤਾ ਹੈ। ਇਸ ਤਰ੍ਹਾਂ ਭਲਕੇ 15 ਅਕਤੂਬਰ ਨੂੰ ਹੋਣ ਵਾਲੀਆਂ ਪੰਚਾਇਤੀ ਚੋਣਾਂ ਲਈ ਰਾਹ ਪੂਰੀ ਤਰ੍ਹਾਂ ਪੱਧਰਾ ਹੋ ਗਿਆ ਹੈ।
ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਇਸ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਦਾ ਰੁਖ਼ ਕਰਨ ਦਾ ਫੈਸਲਾ ਕੀਤਾ ਹੈ। ਸੀਨੀਅਰ ਅਕਾਲੀ ਆਗੂ ਅਤੇ ਅਕਾਲੀ ਦਲ ਦੇ ਹਲਕਾ ਇੰਚਾਰਜ ਐਡਵੋਕੇਟ ਬਰਜਿੰਦਰ ਸਿੰਘ ਮੱਖਣ ਬਰਾੜ ਨੇ ‘ਪੰਜਾਬੀ ਟ੍ਰਿਬਿਊਨ’ ਨਾਲ ਫੋਨ ਉਤੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਅੱਜ ਉਹ ਦਿਨ ਭਰ ਹਾਈ ਕੋਰਟ ਵਿੱਚ ਧਰਮਕੋਟ ਹਲਕੇ ਨਾਲ ਸਬੰਧਤ ਲਗਭਗ 50 ਪਟੀਸ਼ਨਾਂ ਦੀ ਸੁਣਵਾਈ ਲਈ ਪੁੱਜੇ ਹੋਏ ਸਨ।
ਅਦਾਲਤ ਨੇ ਦਿਨ ਭਰ ਦੀ ਸੁਣਵਾਈ ਤੋਂ ਬਾਅਦ ਸ਼ਾਮ 4 ਵਜੇ ਉਨ੍ਹਾਂ ਸਮੇਤ ਸਾਰੀਆਂ ਹੀ ਪੰਚਾਇਤੀ ਚੋਣਾਂ ਨਾਲ ਸਬੰਧਤ ਪਟੀਸ਼ਨਾਂ ਨੂੰ ਰੱਦ ਕਰਨ ਦਾ ਫੈਸਲਾ ਸੁਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਪਾਸ ਕਾਨੂੰਨੀ ਬਦਲ ਖੁੱਲ੍ਹੇ ਹਨ ਅਤੇ ਉਹ ਮੰਗਲਵਾਰ ਨੂੰ ਇਸ ਸਬੰਧੀ ਦੇਸ਼ ਦੀ ਸਿਖਰਲੀ ਅਦਾਲਤ ਸੁਪਰੀਮ ਕੋਰਟ ਦਾ ਬੂਹਾ ਖੜਕਾਉਣਗੇ।
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਾਈ ਕੋਰਟ ਦਾ ਧੰਨਵਾਦ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਚਾਇਤ ਚੋਣਾਂ ਦਾ ਰਾਹ ਸਾਫ਼ ਕਰਨ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਇਸ ਸਬੰਧੀ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉਤੇ ਪਾਈ ਪੋਸਟ ਵਿਚ ਪੰਜਾਬੀਆਂ ਨੂੰ ‘ਅਮਨ ਸ਼ਾਂਤੀ ਨਾਲ ਆਪਸੀ ਭਾਈਚਾਰਾ’ ਕਾਇਮ ਰੱਖਦੇ ਹੋਏ ਵੋਟਾਂ ਪਾਉਣ ਦੀ ਅਪੀਲ ਕੀਤੀ ਹੈ।
ਆਪਣੀ ਟਵੀਟ ਵਿਚ ਭਗਵੰਤ ਮਾਨ ਨੇ ਕਿਹਾ, ‘‘ਮਾਨਯੋਗ ਹਾਈ ਕੋਰਟ ਦਾ ਧੰਨਵਾਦ... ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਰਸਤਾ ਸਾਫ ਹੋ ਚੁੱਕਿਆ ਹੈ.. ਕੱਲ੍ਹ 15 ਅਕਤੂਬਰ ਨੂੰ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਹੋਣਗੀਆਂ’’
ਉਨ੍ਹਾਂ ਹੋਰ ਕਿਹਾ, ‘‘ਮੇਰੀ ਸਾਰੇ ਪੰਜਾਬੀਆਂ ਨੂੰ ਬੇਨਤੀ ਹੈ ਕੱਲ੍ਹ 15 ਅਕਤੂਬਰ ਨੂੰ ਅਮਨ ਸ਼ਾਂਤੀ ਨਾਲ ਆਪਸੀ ਭਾਈਚਾਰਾ ਕਾਇਮ ਰੱਖਦੇ ਹੋਏ ਵੋਟਾਂ ਪਾਓ ਤੇ ਆਪਣੇ ਆਪਣੇ ਪਿੰਡਾਂ ਦੇ ਚੰਗੇ ਨੁਮਾਇੰਦੇ ਚੁਣੋ ਜੋ ਪਿੰਡਾਂ ਦੇ ਵਿਕਾਸ ਦੇ ਵਿੱਚ ਯੋਗਦਾਨ ਪਾਉਣ... ਪੰਚਾਇਤੀ ਚੋਣਾਂ ਵਾਸਤੇ ਜਿੰਨੇ ਵੀ ਉਮੀਦਵਾਰ ਮੈਂਬਰ ਜਾਂ ਸਰਪੰਚ ਚੋਣਾਂ ਲੜ ਰਹੇ ਨੇ ਸਭ ਨੂੰ ਮੇਰੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ...।’’