ਘੜਾਮਾਂ ਖੁਰਦ ਵਿੱਚ ਅੱਜ ਤੱਕ ਨਹੀਂ ਹੋਈ ਪੰਚਾਇਤ ਦੀ ਚੋਣ
ਕਰਮਜੀਤ ਸਿੰਘ ਚਿੱਲਾ
ਬਨੂੜ, 13 ਅਕਤੂਬਰ
ਰਾਜਪੁਰਾ ਬਲਾਕ ਦਾ ਬਨੂੜ ਨੇੜਲਾ ਪਿੰਡ ਘੜਾਮਾਂ ਖੁਰਦ ਅਜਿਹਾ ਪਿੰਡ ਹੈ, ਜਿੱਥੇ ਅੱਜ ਤੱਕ ਕਦੇ ਪੰਚਾਇਤ ਦੀ ਚੋਣ ਨਹੀਂ ਹੋਈ। 1972 ਵਿੱਚ ਇਸ ਪਿੰਡ ਦੀ ਪੰਚਾਇਤ ਘੜਾਮਾਂ ਕਲਾਂ ਤੋਂ ਵੱਖ ਹੋਈ ਸੀ। ਉਸ ਮਗਰੋਂ ਇੱਥੇ ਅੱਜ ਤੱਕ ਕਦੇ ਚੋਣ ਨਹੀਂ ਹੋਈ ਤੇ ਪਿੰਡ ਦੇ ਵਸਨੀਕ ਸਰਬਸੰਮਤੀ ਨਾਲ ਪੰਚਾਇਤ ਚੁਣਦੇ ਹਨ। ਨਵੀਂ ਚੁਣੀ ਸਰਪੰਚ ਗੁਰਪ੍ਰੀਤ ਕੌਰ ਤੇ ਮੈਂਬਰ ਪੰਚਾਇਤ ਗੁਰਸੇਵਕ ਸਿੰਘ, ਰਿੰਕੂ, ਰਾਜਿੰਦਰ ਕੌਰ, ਲਖਵਿੰਦਰ ਕੌਰ ਤੇ ਪਰਮਜੀਤ ਕੌਰ ਦੇ ਸਨਮਾਨ ਲਈ ਅੱਜ ਪਿੰਡ ਦੇ ਗੁਰਦੁਆਰੇ ਵਿਖੇ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਪਿੰਡ ਦੇ ਜੰਮਪਲ ਐਡਵੋਕੇਟ ਸੁਬੇਗ ਸਿੰਘ ਅਤੇ ਟਰਾਂਸਪੋਰਟਰ ਪ੍ਰੇਮ ਸਿੰਘ ਘੜਾਮਾਂ ਉਚੇਚੇ ਤੌਰ ’ਤੇ ਸ਼ਾਮਲ ਹੋਏ।
ਦੋਵਾਂ ਆਗੂਆਂ ਨੇ ਨਵੀਂ ਚੁਣੀ ਪੰਚਾਇਤ ਨੂੰ ਵਧਾਈ ਦਿੱਤੀ। ਉਨ੍ਹਾਂ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਅਤੇ ਨਵੀਂ ਚੁਣੀ ਪੰਚਾਇਤ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਪਿੰਡ ਦੇ ਵਿਕਾਸ ਲਈ ਪੂਰੀ ਨਿਰਪੱਖਤਾ ਨਾਲ ਕਾਰਜਸ਼ੀਲ ਹੋਣ ਦਾ ਸੱਦਾ ਦਿੱਤਾ। ਪ੍ਰੇਮ ਸਿੰਘ ਘੜਾਮਾਂ ਨੇ ਨਵੀਂ ਚੁਣੀ ਪੰਚਾਇਤ ਨੂੰ ਪਿੰਡ ਦੇ ਸਕੂਲ ਦੀ ਬਿਹਤਰੀ ਲਈ ਪੰਜਾਹ ਹਜ਼ਾਰ ਦੀ ਰਾਸ਼ੀ ਵੀ ਭੇਟ ਕੀਤੀ ਤੇ ਭਵਿੱਖ ਵਿੱਚ ਵੀ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਨਵੀਂ ਪੰਚਾਇਤ ਨੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਸਾਬਕਾ ਸਰਪੰਚ ਰਣਜੀਤ ਸਿੰਘ, ਕਰਨੈਲ ਸਿੰਘ, ਅੰਗਰੇਜ਼ ਸਿੰਘ, ਜੋਗਿੰਦਰ ਸਿੰਘ, ਨੱਥੂ ਰਾਮ, ਵਰਿਆਮ ਸਿੰਘ, ਜੋਧਾ ਸਿੰਘ, ਨਿਸ਼ਾਨ ਸਿੰਘ ਅਤੇ ਜੋਗਿੰਦਰ ਸਿੰਘ ਹਾਜ਼ਰ ਸਨ।