ਪੰਚਾਇਤੀ ਚੋਣਾਂ: ਅਸਲਾ ਜਮ੍ਹਾਂ ਕਰਵਾਉਣਾ ਭੁੱਲੀ ਸਰਕਾਰ
ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 5 ਅਕਤੂਬਰ
ਪੰਚਾਇਤ ਚੋਣਾਂ ਦੇ ਮੱਦੇਨਜ਼ਰ ਸਰਕਾਰ ਅਸਲਾ ਜਮ੍ਹਾਂ ਕਰਵਾਉਣਾ ਹੀ ਭੁੱਲ ਗਈ। ਨਿੱਜੀ ਕਿੜਾਂ ਭਾਰੂ ਹੋਣ ਕਾਰਨ ਹਮੇਸ਼ਾ ਪੰਚਾਇਤ ਚੋਣਾਂ ਵਿੱਚ ਸਭ ਤੋਂ ਵੱਧ ਲੜਾਈ-ਝਗੜੇ ਹੋਣ ਦਾ ਖ਼ਦਸ਼ਾ ਰਹਿੰਦਾ ਹੈ। ਇਸ ਦੇ ਬਾਵਜੂਦ ਸਰਕਾਰ ਜਾਂ ਪੁਲੀਸ ਵੱਲੋਂ ਅਸਲਾ ਜਮ੍ਹਾਂ ਨਹੀਂ ਕਰਵਾਇਆ ਗਿਆ। ਪਿੰਡ ਮਨੌਲੀ ਦੇ ਜਤਿੰਦਰ ਸਿੰਘ ਨੇ ਦੋਸ਼ ਲਾਇਆ ਕਿ ਉਸ ਨੂੰ ਫਾਰਮ ਭਰਨ ਲਈ ਕਾਫ਼ੀ ਖੱਜਲ-ਖੁਆਰ ਹੋਣਾ ਪਿਆ ਹੈ। ਪਿੰਡਾਂ ਵਿੱਚ ਹੀ ਦਸਤਾਵੇਜ਼ ਜਮ੍ਹਾਂ ਹੋਣੇ ਚਾਹੀਦੇ ਸਨ। ਸਰਕਾਰ ਨੇ ਨਾ ਤਾਂ ਕੋਈ ਪਬਲਿਕ ਨੋਟਿਸ ਲਗਾ ਕੇ ਜਾਣਕਾਰੀ ਸਾਂਝੀ ਕੀਤੀ ਹੈ ਅਤੇ ਨਾ ਹੀ ਕੋਈ ਡੈਮੋ ਲਗਾਇਆ ਗਿਆ।
ਜਤਿੰਦਰ ਸਿੰਘ ਨੇ ਕਿਹਾ ਕਿ ਸਭ ਤੋਂ ਵੱਡੀ ਲਪਰਵਾਹੀ ਇਹ ਸਾਹਮਣੇ ਹੈ ਕਿ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਸਮੇਂ ਤਾਂ ਦੋ ਮਹੀਨੇ ਪਹਿਲਾਂ ਹੀ ਥਾਣਿਆਂ ਵਿੱਚ ਅਸਲਾ ਜਮ੍ਹਾਂ ਕਰਵਾ ਲਿਆ ਜਾਂਦਾ ਹੈ, ਜਦਕਿ ਪੰਚਾਇਤੀ ਚੋਣਾਂ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਜਾਂ ਪੁਲੀਸ ਵੱਲੋਂ ਅਜਿਹੀ ਕੋਈ ਹਦਾਇਤ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਪੰਚਾਇਤਾਂ ਚੋਣਾਂ ਦੌਰਾਨ ਲੋਕਾਂ ਦੀ ਜਾਨ-ਮਾਲ ਨੂੰ ਖ਼ਤਰਾ ਹੈ। ਇਹ ਬਹੁਤ ਵੱਡੀ ਲਾਪਰਵਾਹੀ ਹੈ। ਇਸ ਵੱਲ ਚੋਣ ਕਮਿਸ਼ਨ ਨੂੰ ਧਿਆਨ ਦੇਣਾ ਚਾਹੀਦਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਜੇ ਗਰਾਮ ਪੰਚਾਇਤ ਚੋਣਾਂ ਦੌਰਾਨ ਕਿਸੇ ਪਿੰਡ ਵਿੱਚ ਲੜਾਈ ਝਗੜਾ ਜਾਂ ਖੂਨ ਖਰਾਬਾ ਹੁੰਦਾ ਹੈ ਤਾਂ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ, ਪੁਲੀਸ ਅਤੇ ਚੋਣ ਕਮਿਸ਼ਨਰ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੋਣਗੇ।
ਮੁਹਾਲੀ ਪ੍ਰਸ਼ਾਸਨ ਵੱਲੋਂ ਹਥਿਆਰ ਲੈ ਕੇ ਚੱਲਣ ’ਤੇ ਪਾਬੰਦੀ
ਮੁਹਾਲੀ ਦੇ ਡੀਸੀ ਕਮ ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ 27 ਸਤੰਬਰ ਤੋਂ 16 ਅਕਤੂਬਰ ਤੱਕ ਹਥਿਆਰ ਤੇ ਗੋਲਾ-ਬਾਰੂਦ ਨਾਲ ਲੈ ਕੇ ਚੱਲਣ ’ਤੇ ਜ਼ਿਲ੍ਹੇ ਵਿੱਚ ਪਾਬੰਦੀ ਹੈ। ਇਹ ਪਾਬੰਦੀ ਲੋਕ ਹਿੱਤ ਵਿੱਚ ਹੈ ਤਾਂ ਜੋ ਗਰਾਮ ਪੰਚਾਇਤਾਂ ਚੋਣਾਂ ਦੌਰਾਨ ਅਮਨ-ਕਾਨੂੰਨ ਅਤੇ ਆਮ ਲੋਕਾਂ ਦੀ ਸੁਰੱਖਿਆ ਨਾਲ ਸਬੰਧਤ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਉਂਜ ਉਨ੍ਹਾਂ ਕਿਹਾ ਕਿ ਜਿਹੜੇ ਅਸਲਾ ਲਾਇਸੈਂਸ ਧਾਰਕ, ਜ਼ਿਲ੍ਹਾ ਮੈਜਿਸਟਰੇਟ ਦੇ ਦਫ਼ਤਰ ਵੱਲੋਂ ਸਕਰੀਨਿੰਗ ਕਮੇਟੀ ਦੀ ਸਿਫ਼ਾਰਸ਼ ’ਤੇ ਜਾਰੀ ਕੀਤੇ ਗਏ ਅਜਿਹੇ ਨੋਟਿਸ/ਆਰਡਰ ਪ੍ਰਾਪਤ ਕਰਦੇ ਹਨ, ਉਨ੍ਹਾਂ ਨੂੰ ਨੋਟਿਸ ਪ੍ਰਾਪਤ ਹੋਣ ਦੇ ਸੱਤ ਦਿਨਾਂ ਦੇ ਅੰਦਰ-ਅੰਦਰ ਆਪਣਾ ਅਸਲਾ ਅਤੇ ਗੋਲੀ-ਸਿੱਕਾ ਨਜ਼ਦੀਕੀ ਥਾਣੇ ਜਾਂ ਅਧਿਕਾਰਤ ਹਥਿਆਰ ਡੀਲਰਾਂ ਕੋਲ ਜਮ੍ਹਾਂ ਕਰਵਾਉਣਾ ਪਵੇਗਾ।
ਥਾਣਿਆਂ ਵਿੱਚ ਅਸਲਾ ਪਹਿਲਾਂ ਹੀ ਜਮ੍ਹਾਂ: ਡੀਐੱਸਪੀ
ਮੁਹਾਲੀ ਦੇ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੌਰਾਨ ਜਿਨ੍ਹਾਂ ਵਿਅਕਤੀਆਂ ਦਾ ਅਸਲਾ ਥਾਣਿਆਂ ਵਿੱਚ ਜਮ੍ਹਾਂ ਕਰਵਾਇਆ ਗਿਆ ਸੀ। ਉਹ ਰਿਲੀਜ਼ ਹੀ ਨਹੀਂ ਕੀਤਾ ਗਿਆ। ਉਂਜ ਵੀ ਕਾਫ਼ੀ ਲੋਕਾਂ ਦੇ ਹਥਿਆਰ ਜਮ੍ਹਾਂ ਕੀਤੇ ਜਾ ਚੁੱਕੇ ਹਨ ਅਤੇ ਬਾਕੀ ਵਿਅਕਤੀਆਂ ਨੂੰ ਆਪਣੇ ਹਥਿਆਰ ਥਾਣਿਆਂ ਵਿੱਚ ਜਮ੍ਹਾਂ ਕਰਵਾਉਣ ਲਈ ਕਿਹਾ ਜਾ ਰਿਹਾ ਹੈ।