ਪੰਚਾਇਤੀ ਚੋਣਾਂ: ਹਿੰਸਾ ਕਰਨ ਵਾਲਿਆਂ ਖ਼ਿਲਾਫ਼ ਪਰਚਾ ਦਰਜ
ਮਹਿੰਦਰ ਸਿੰਘ ਰੱਤੀਆਂ
ਮੋਗਾ, 16 ਅਕਤੂਬਰ
ਪਿੰਡ ਕੋਟਲਾ ਮੇਹਰ ਸਿੰਘ ਵਾਲਾ ਵਿੱਚ ਪੰਚਾਇਤੀ ਚੋਣ ਦੌਰਾਨ ਹੁਲੜਬਾਜ਼ੀ ਤੇ ਗੋਲੀ ਚਲਾਉਣ ਤੋਂ ਵੋਟਰਾਂ ’ਚ ਮੱਚੀ ਭਗਦੜ ਕਾਰਨ ਇਥੇ ਚੋਣ ਰੱਦ ਕਰ ਦਿੱਤੀ ਗਈ ਸੀ ਅਤੇ ਅੱਜ ਦੁਬਾਰਾ ਵੋਟਾਂ ਪਈਆਂ ਹਨ।
ਥਾਣਾ ਬਾਘਾਪੁਰਾਣਾ ਪੁਲੀਸ ਨੇ ਪਿੰਡ ਕੋਟਲਾ ਮੇਹਰ ਸਿੰਘ ਵਾਲਾ ਵਿੱਚ ਪੰਚਾਇਤੀ ਚੋਣ ਦੌਰਾਨ ਹੁਲੜਬਾਜ਼ੀ ਤੇ ਗੋਲੀ ਚਲਾਉਣ ਮਾਮਲੇ ਵਿਚ ਸਰਪੰਚ ਉਮੀਦਵਾਰ ਗੁਰਪ੍ਰੀਤ ਸਿੰਘ, ਰਮਨਾ ਜੱਟ ਪੁੱਤਰ ਜੱਗੀ ਸਿੰਘ, ਨਰੈਣ ਸਿੰਘ, ਲਾਲੀ, ਰਮਨਦੀਪ ਸਿੰਘ ਉਰਫ਼ ਰਮਨਾ ਪੁੱਤਰ ਅੰਗਰੇਜ਼ ਸਿੰਘ, ਜੱਸੀ, ਲਾਭ ਸਿੰਘ, ਜਤਿੰਦਰ ਸਿੰਘ, ਗੁਰਮਿੰਦਰ ਆਮਨਾ ਅਤੇ ਲਖਵੰਤ ਸਿੰਘ ਤੋਂ ਇਲਾਵਾ 10/15 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਮੁਤਾਬਕ ਮੁਲਜ਼ਮਾਂ ਉੱਤੇ ਦੋਸ਼ ਹਨ ਕਿ ਉਨ੍ਹਾਂ ਬੂਥ ਨੰਬਰ 119 ਨੂੰ ਕੈਪਚਰ ਕਰਨ ਦੀ ਕੋਸ਼ਿਸ਼ ਅਤੇ ਮਾਰੂ ਹਥਿਆਰਾਂ ਨਾਲ ਲੋਕਾਂ ਦੀ ਕੁੱਟ ਮਾਰ ਕੀਤੀ ਅਤੇ ਪਿਸਟਲ ਨਾਲ ਫ਼ਾਇਰ ਕੀਤੇ।
ਥਾਣਾ ਨਿਹਾਲ ਸਿੰਘ ਵਾਲਾ ਪੁਲੀਸ ਵੱਲੋਂ ਪੋਲਿੰਗ ਦੌਰਾਨ ਸ਼ਰਾਬ ਵੰਡਣ ਦੋਸ਼ ਹੇਠ 6 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਥਾਣਾ ਮੁਖੀ ਇੰਸਪੈਕਟਰ ਗੁਰਮੇਲ ਸਿੰਘ ਮੁਤਾਬਕ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਭਾਗੀਕੇ ਵਿੱਚ ਕਾਲੇ ਰੰਗ ਦੀ ਸਕਾਰਪੀਓ ਵਿਚ ਸ਼ਰਾਬ ਰੱਖੀ ਹੋਈ ਹੈ ਅਤੇ ਮੁਲਜ਼ਮ ਵੋਟਰਾਂ ਨੂੰ ਭਰਮਾ ਕੇ ਅਤੇ ਆਪਣੇ ਹੱਕ ਵਿਚ ਭੁਗਤਾਉਣ ਲਈ ਸ਼ਰਾਬ ਵੰਡ ਰਹੇ ਹਨ। ਏਐੱਸਆਈ ਅਮਰਜੀਤ ਸਿੰਘ ਨੇ ਮੌਕੇ ਉਤੇ ਪੁੱਜ ਕੇ 15 ਬੋਤਲਾਂ ਸ਼ਰਾਬ ਠੇਕਾ ਦੇਸੀ ਬਰਾਮਦ ਕੀਤੀ ਅਤੇ ਗੱਡੀ ਵੀ ਕਬਜ਼ੇ ਵਿਚ ਲੈ ਲਈ। ਇਸ ਮਾਮਲੇ ਵਿਚ ਗੁਰਜੀਤ ਸਿੰਘ, ਹਰਭਜਨ ਸਿੰਘ, ਕੁਲਦੀਪ ਸਿੰਘ, ਸੁਖਵਿੰਦਰ ਸਿੰਘ, ਭਜਨ ਸਿੰਘ ਅਤੇ ਸੁਖਮੰਦਰ ਸਿੰਘ ਸਾਰੇ ਪਿੰਡ ਭਾਗੀਕੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।