ਪੰਚਾਇਤ ਚੋਣਾਂ: ਕੁਰਸੀ ਅੱਗੇ ਫਿੱਕੇ ਪਏ ਰਿਸ਼ਤੇ
ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 12 ਅਕਤੂਬਰ
ਪੰਚਾਇਤੀ ਚੋਣਾਂ ਦੌਰਾਨ ਜਿਨ੍ਹਾਂ ਪਿੰਡਾਂ ਵਿੱਚ ਸਰਬਸੰਮਤੀ ਨਹੀਂ ਹੋਈ ਉੱਥੇ ਧੜੇਬੰਦੀ ਤਾਂ ਦੇਖਣ ਨੂੰ ਮਿਲਦੀ ਹੀ ਹੈ ਪਰ ਕਈ ਥਾਵਾਂ ’ਤੇ ਇੱਕ ਹੀ ਘਰ ਦੇ ਜੀਅ ਵੀ ਇੱਕ ਦੂਜੇ ਖ਼ਿਲਾਫ਼ ਖੜ੍ਹੇ ਦਿਖਾਈ ਦੇ ਰਹੇ ਹਨ। ਪੰਚਾਇਤ ਚੋਣਾਂ ਦੌਰਾਨ ਕਈ ਪਿੰਡਾਂ ਵਿੱਚ ਜਬਰਦਸ਼ਤ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਈ ਥਾਈਂ ਦਰਾਣੀ-ਜੇਠਾਣੀ, ਚਾਚੀ-ਭਤੀਜੀ ਤੇ ਨੂੰਹ-ਸੱਸ ਵਿਚਕਾਰ ਵੀ ਮੁਕਾਬਲਾ ਚੱਲ ਰਿਹਾ ਹੈ। ਮਾਛੀਵਾੜਾ ਬਲਾਕ ਅਧੀਨ ਪੈਂਦੇ ਪਿੰਡ ਟਾਂਡਾ ਕੁਸ਼ਲ ਦੀ ਗੱਲ ਕਰੀਏ ਤਾਂ ਇੱਥੇ ਸਰਪੰਚ ਦੇ ਅਹੁਦੇ ਲਈ ਚਾਚੀ-ਭਤੀਜੀ ਵਿਚਕਾਰ ਮੁਕਾਬਲਾ ਹੈ। ਇੱਕ ਪਾਸੇ ਹਾਕਮ ਸਿੰਘ ਦੀ ਪਤਨੀ ਭੁਪਿੰਦਰ ਕੌਰ ਚੋਣ ਮੈਦਾਨ ਵਿੱਚ ਹੈ ਤੇ ਦੂਜੇ ਪਾਸੇ ਭਤੀਜੇ ਦਵਿੰਦਰ ਸਿੰਘ ਦੀ ਪਤਨੀ ਹਰਪ੍ਰੀਤ ਕੌਰ ਖੜ੍ਹੀ ਹੈ। ਇਸੇ ਤਰ੍ਹਾਂ ਪਿੰਡ ਟਾਂਡਾ ਕਾਲੀਆ ਵਿੱਚ ਨੂੰਹ-ਸੱਸ ਚੋਣ ਮੈਦਾਨ ਵਿੱਚ ਉੱਤਰੀਆਂ ਹੋਈਆਂ ਹਨ। ਸਰਪੰਚੀ ਤੋਂ ਇਲਾਵਾ ਪੰਚਾਇਤ ਮੈਂਬਰਾਂ ਦੀ ਚੋਣ ਵਿਚ ਵੀ ਪਰਿਵਾਰਕ ਮੈਂਬਰ ਆਹਮੋ-ਸਾਹਮਣੇ ਦਿਖਾਈ ਦੇ ਰਹੇ ਹਨ। ਪਿੰਡ ਜੋਧਵਾਲ ਦੇ ਇੱਕ ਵਾਰਡ ਵਿੱਚ ਇੱਕ ਹੀ ਘਰ ਦੀਆਂ ਦੋ ਨੂੰਹਾਂ ਚੋਣ ਲੜ ਰਹੀਆਂ ਹਨ। ਰਿਸ਼ਤਿਆਂ ਨੂੰ ਤਾਕ ’ਤੇ ਲਾ ਕੇ ਲੜੀ ਜਾ ਰਹੀ ਇਸ ਚੋਣ ਦਾ ਨਤੀਜੇ 15 ਤਰੀਕ ਨੂੰ ਸਾਹਮਣੇ ਆ ਜਾਣਗੇ।
ਵੋਟ ਪਾਉਣ ਲਈ ਵਿਦੇਸ਼ਾਂ ਤੋਂ ਪਹੁੰਚ ਰਹੇ ਨੇ ਰਿਸ਼ਤੇਦਾਰ
ਪੰਚਾਇਤ ਚੋਣਾਂ ਲਈ ਇੰਨਾ ਉਤਸ਼ਾਹ ਦਿੱਖ ਰਿਹਾ ਹੈ ਕਿ ਚੋਣ ਲੜ ਰਹੇ ਉਮੀਦਵਾਰਾਂ ਨੂੰ ਜਿਤਾਉਣ ਲਈ ਵਿਦੇਸ਼ ਬੈਠੇ ਉਨ੍ਹਾਂ ਦੇ ਪਰਿਵਾਰਕ ਜੀਅ ਵੀ ਪੰਜਾਬ ਆ ਰਹੇ ਹਨ। ਇਹ ਵੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਵਿਦੇਸ਼ੋਂ ਪਰਤਣ ਵਾਲਿਆਂ ਵੱਲੋਂ ਚੋਣਾਂ ਮੌਕੇ ਜਿੱਤ ਹਾਸਲ ਕਰਨ ਲਈ ਡਾਲਰਾਂ ਦੇ ਮੀਂਹ ਵਰ੍ਹਾਏ ਜਾਣਗੇ। ਕਈ ਪਿੰਡਾਂ ਵਿੱਚ ਇਹ ਮੁਕਾਬਲਾ ਹੁਣ ਸਿਰ ਧੜ ਦੀ ਬਾਜ਼ੀ ਬਣ ਗਿਆ ਹੈ।
ਚੋਣ ਮੈਨੀਫੈਸਟੋ ਜਾਰੀ ਕਰਕੇ ਦਿੱਤੀਆਂ ਗਾਰੰਟੀਆਂ
ਪਿੰਡ ਟਾਂਡਾ ਕੁਸ਼ਲ ਦੀ ਸਰਪੰਚੀ ਦੀ ਚੋਣ ਲੜ ਰਹੀ ਹਰਪ੍ਰੀਤ ਕੌਰ ਨੇ ਚੋਣ ਮੈਨੀਫੈਸਟੋ ਜਾਰੀ ਕਰ ਵਾਅਦੇ ਪੂਰੇ ਕਰਨ ਦੀਆਂ ਗਰੰਟੀਆਂ ਦਿੱਤੀਆਂ ਹਨ। ਹਰਪ੍ਰੀਤ ਕੌਰ ਨੇ ਗਰੰਟੀ ਵਿੱਚ ਕਿਹਾ ਕਿ ਉਹ ਪਿੰਡ ਵਿੱਚ ਗੋਬਰ ਗੈਸ ਦਾ ਪਲਾਂਟ ਲਾ ਕੇ ਮੁਫ਼ਤ ਗੈਸ ਕੁਨੈਕਸ਼ਨ ਦਿਵਾਏਗੀ, ਪਿੰਡ ਨੂੰ ਨਸ਼ਾ ਮੁਕਤ ਕਰਨ ਲਈ ਹਰ ਕਾਰਵਾਈ ਕੀਤੀ ਜਾਵੇਗੀ ਅਤੇ ਆਰਥਿਕ ਪੱਖੋਂ ਕਮਜ਼ੋਰ ਵਰਗ ਨੂੰ 2-2 ਮਰਲੇ ਦੇ ਪਲਾਟ ਦਿੱਤੇ ਜਾਣਗੇ। ਇਸ ਤੋਂ ਇਲਾਵਾ ਸੀਵਰੇਜ, ਪਿੰਡ ਦਾ ਵਿਕਾਸ, ਗਲੀਆਂ ਦਾ ਨਿਰਮਾਣ, ਪਾਰਕ ਅਤੇ ਨੌਜਵਾਨਾਂ ਨੂੰ ਜਿੰਮ ਖੋਲ੍ਹ ਕੇ ਦਿੱਤਾ ਜਾਵੇਗਾ।