ਪੰਚਾਇਤੀ ਚੋਣਾਂ ਨੇ ਪਿੰਡਾਂ ਨੂੰ ਧੜਿਆਂ ’ਚ ਵੰਡਿਆ
ਬੀਰਬਲ ਰਿਸ਼ੀ
ਸ਼ੇਰਪੁਰ, 8 ਅਕਤੂਬਰ
ਪੰਚਾਇਤੀ ਚੋਣਾਂ ਦੇ ਰੰਗ ਵਿੱਚ ਰੰਗੇ ਪਿੰਡਾਂ ਦੇ ਲੋਕ ਧੜਿਆਂ ਵਿੱਚ ਵੰਡੇ ਨਜ਼ਰ ਆ ਰਹੇ ਹਨ। ਕਿਤੇ ਸਰਪੰਚਾਂ ਅਤੇ ਕਿਤੇ ਪੰਚਾਂ ਦਰਮਿਆਨ ਕਾਂਟੇ ਦੀ ਟੱਕਰ ਕਾਰਨ ਮੁਕਾਬਲੇ ਰੌਚਕ ਬਣੇ ਦਿਖਾਈ ਦੇ ਰਹੇ ਹਨ। ਸ਼ੇਰਪੁਰ ਦੀ ਜਨਰਲ ਸੀਟ ’ਤੇ ਆਮ ਆਦਮੀ ਪਾਰਟੀ ਦੇ ਰਾਜਵਿੰਦਰ ਸਿੰਘ, ਇਲਾਕੇ ’ਚ ਚੰਗਾ ਨਾਮ ਬਣਾ ਚੁੱਕੀ ਨਸ਼ਾ ਛੁਡਾਊ ਕਮੇਟੀ ਦੇ ਆਗੂ ਹਰਪ੍ਰੀਤ ਸਿੰਘ ਹੈਪੀ ਤੂਰ ਤੋਂ ਇਲਾਵਾ ਐੱਸਸੀ ਵਰਗ ‘ਚੋਂ ਸੇਵਾਮੁਕਤ ਡੀਐੱਚਓ ਡਾ. ਜਗਜੀਵਨ ਸਿੰਘ ਅਤੇ ਡਾ. ਸਮਸ਼ੇਰ ਸਿੰਘ ਬੱਧਨ ਚੋਣ ਮੈਦਾਨ ’ਚ ਡਟੇ ਹੋਏ ਹਨ। ਪਿੰਡ ਖੇੜੀ ਕਲਾਂ ਜਨਰਲ ਇਸਤਰੀ ਲਈ ਰਾਖਵੀ ਸੀਟ ’ਤੇ ਆੜ੍ਹਤੀਆ ਪਰਿਵਾਰ ਨਾਲ ਸਬੰਧਤ ਬਲਜੀਤ ਕੌਰ ਦਾ ਐੱਸਸੀ ਭਾਈਚਾਰੇ ਨਾਲ ਸਬੰਧਤ ਅਮਨਦੀਪ ਕੌਰ (36) ਨਾਲ ਮੁਕਾਬਲਾ ਬਹੁਤ ਸਖ਼ਤ ਦੱਸਿਆ ਜਾ ਰਿਹਾ ਹੈ। ਪਿੰਡ ਕਲੇਰਾਂ ਵਿੱਚ ਆਮ ਆਦਮੀ ਪਾਰਟੀ ਦੇ ਸੋਸ਼ਲ ਮੀਡੀਆ ਇੰਚਾਰਜ ਭੁਲਿੰਦਰ ਸਿੰਘ ਅਤੇ ਧਾਰਮਿਕ ਸਖਸ਼ੀਅਤ ਬਾਬਾ ਜਗਜੀਤ ਸਿੰਘ ਕਲੇਰਾ ਜਬਰਦਸਤ ਟੱਕਰ ’ਤੇ ਲੋਕਾਂ ਦੀਆਂ ਨਜ਼ਰਾਂ ਲੱਗੀਆਂ ਹੋਈਆ ਹਨ। ਪਿੰਡ ਘਨੌਰੀ ਕਲਾਂ ਵਿਖੇ ਆਪ ਆਗੂ ਗੁਰਮੇਲ ਸਿੰਘ ਸਾਬਕਾ ਸਮਿਤੀ ਮੈਂਬਰ, ਚਮਕੌਰ ਸਿੰਘ ਕੌਰਾ, ਸਾਬਕਾ ਸੁਸਾਇਟੀ ਪ੍ਰਧਾਨ ਪਰਗਟ ਸਿੰਘ, ਸਾਬਕਾ ਸਰਪੰਚ ਗੁਰਜੰਟ ਸਿੰਘ ਹੈਪੀ, ਐੱਸਸੀ ਭਾਈਚਾਰੇ ਤੋਂ ਬੀਜੇਪੀ ਆਗੂ ਗੁਰਸਾਗਰ ਭੋਲੀ ਆਦਿ ਪੰਜ ਦਾਅਵੇਦਾਰ ਚੋਣ ਮੈਦਾਨ ’ਚ ਹਨ। ਪਿੰਡ ਘਨੌਰ ਕਲਾਂ ’ਚ ਆਪ ਦੇ ਬਲਾਕ ਪ੍ਰਧਾਨ ਜਸਵਿੰਦਰ ਸਿੰਘ ਘਨੌਰ ਜਿਸਦੇ ਵਿਰੁੱਧ ਗੁਰਪ੍ਰੀਤ ਸਿੰਘ ਤੇ ਐਸਸੀ ਭਾਈਚਾਰੇ ’ਚੋਂ ਨਿਰਮਲ ਸਿੰਘ ਚੋਣ ਮੈਦਾਨ ’ਚ ਹਨ। ਪਿੰਡ ਕਾਲਾਬੂਲਾ ਰਾਖਵੀ ਸੀਟ ’ਤੇ ਸਾਹਿਤਕਾਰ ਡਾ. ਰਣਜੀਤ ਸਿੰਘ ਦੇ ਮੁਕਾਬਲੇ ਸਬਜ਼ੀ ਵਿਕਰੇਤਾ ਮੇਜਰ ਸਿੰਘ ਅਤੇ ਦਲਜੀਤ ਸਿੰਘ ਟੱਕਰ ਦੇ ਰਹੇ ਹਨ। ਪਿੰਡ ਈਨਾਬਾਜਵਾ ’ਚ ਸਰਪੰਚੀ ਰਾਖਵੀ ਹੋਣ ਕਾਰਨ ਸਰਪੰਚੀ ਦੇ ਚਾਹਵਾਨ ਕੁਲਦੀਪ ਸਿੰਘ ਤੇ ਉਸਦੀ ਪਤਨੀ ਮਨਪ੍ਰੀਤ ਕੌਰ ਪੰਚੀ ਦੀ ਚੋਣ ਲਈ ਪਿੰਡ ਦੇ ਦੋ ਵਾਰਡਾਂ ਤੋਂ ਚੋਣ ਮੈਦਾਨ ਵਿੱਚ ਹਨ। ਸ਼ੇਰਪੁਰ ’ਚ ਵਾਰਡ ਨੰਬਰ 5 ਤੋਂ ਪੰਚੀ ਦੀ ਚੋਣ ਲਈ ਹਿੰਦੂ ਬੱਬਰ ਦਲ ਦੇ ਸੁਸ਼ੀਲ ਕੁਮਾਰ ਸ਼ੀਲਾ ਅਤੇ ਠੇਕੇਦਾਰ ਸੰਜੇ ਸਿੰਗਲਾ ਦਰਮਿਆਨ ਮੁਕਾਬਲੇ ‘ਤੇ ਵੀ ਲੋਕਾਂ ਨੇ ਨਜ਼ਰ ਬਣਾਈ ਹੋਈ ਹੈ।