ਪੰਚਾਇਤੀ ਚੋਣਾਂ: ਕਾਂਗਰਸ ਵੱਲੋਂ ਡੀਸੀ ਦਫ਼ਤਰ ਅੱਗੇ ਮੁਜ਼ਾਹਰਾ
ਸੰਜੀਵ ਹਾਂਡਾ
ਫ਼ਿਰੋਜ਼ਪੁਰ, 30 ਸਤੰਬਰ
ਪੰਚਾਇਤੀ ਚੋਣਾਂ ਨੂੰ ਲੈ ਕੇ ਇਥੋਂ ਦੇ ਸਾਰੇ ਪਿੰਡਾਂ ’ਚ ਹੀ ਸਿਰ-ਧੜ ਦੀ ਬਾਜ਼ੀ ਲੱਗੀ ਹੋਈ ਹੈ। ਇਸ ਦੇ ਨਾਲ ਹੀ ਵਿਰੋਧੀ ਪਾਰਟੀਆਂ ਵੱਲੋਂ ਸੱਤਾਧਾਰੀ ਪਾਰਟੀ ਦੇ ਆਗੂਆਂ ’ਤੇ ਕਥਿਤ ਧੱਕੇਸ਼ਾਹੀ ਦੇ ਦੋਸ਼ ਲਾਏ ਜਾ ਰਹੇ ਹਨ। ਇਸ ਦੇ ਵਿਰੋਧ ਵਿੱਚ ਅੱਜ ਸਵੇਰੇ ਪਹਿਲਾਂ ਕਾਂਗਰਸੀ ਆਗੂਆਂ ਨੇ ਡੀਸੀ ਦਫ਼ਤਰ ਅੱਗੇ ਇਕੱਠ ਕਰਕੇ ਰੋਸ ਮੁਜ਼ਾਹਰਾ ਕੀਤਾ ਤੇ ਸ਼ਾਮ ਵੇਲੇ ਮੱਲਵਾਲ ਰੋਡ ’ਤੇ ਸਥਿਤ ਬੀਡੀਪੀਓ ਦਫ਼ਤਰ ਵਿੱਚ ਚੁੱਲ੍ਹਾ ਟੈਕਸ ਅਤੇ ਕੋਈ ਬਕਾਇਆ ਨਹੀਂ ਸਬੰਧੀ ਸਰਟੀਫ਼ਿਕੇਟ ਲੈਣ ਆਏ ਉਮੀਦਵਾਰਾਂ ਨੂੰ ਡਰਾਉਣ ਲਈ ਇੱਕ ਵਿਅਕਤੀ ਵੱਲੋਂ ਗੋਲੀ ਚਲਾ ਦਿੱਤੀ ਗਈ। ਗੋਲੀ ਚਲਾਉਣ ਵਾਲਾ ਵਿਅਕਤੀ ਸੱਤਾਧਾਰੀ ਪਾਰਟੀ ਦਾ ਵਰਕਰ ਦੱਸਿਆ ਜਾ ਰਿਹਾ ਹੈ। ਗੋਲੀ ਚਲਾਉਣ ਤੋਂ ਬਾਅਦ ਇਹ ਮੁਲਜ਼ਮ ਪੁਲੀਸ ਦੇ ਪਹੁੰਚਣ ਤੋਂ ਪਹਿਲਾਂ ਫ਼ਰਾਰ ਹੋ ਗਿਆ। ਉਸ ’ਤੇ ਪੰਚਾਇਤ ਸਕੱਤਰ ਦਾ ਬੈਗ ਖੋਹਣ ਦੇ ਵੀ ਦੋਸ਼ ਲੱਗ ਰਹੇ ਹਨ। ਥਾਣਾ ਸਿਟੀ ਪੁਲੀਸ ਨੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ।
ਦੂਜੇ ਪਾਸੇ ਅੱਜ ਸਵੇਰੇ ਬਲਾਕ ਘੱਲ ਖੁਰਦ ਦੇ ਦਫ਼ਤਰ ਵਿਚ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਿਚ ਤਿੱਖੀ ਝੜਪ ਹੋਈ। ਮੌਕੇ ’ਤੇ ਮੌਜੂਦ ਅਕਾਲੀ ਦਲ ਦੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਨੇ ਦੋਸ਼ ਲਾਇਆ ਕਿ ਉਹ ਸਿੰਘਾਂ ਵਾਲਾ ਪਿੰਡ ਤੋਂ ਸਰਪੰਚ ਦੀ ਚੋਣ ਲਈ ਆਪਣੇ ਉਮੀਦਵਾਰ ਦੇ ਨਾਲ ਕਾਗਜ਼ ਭਰਨ ਆਏ ਸਨ, ਜਿੱਥੇ ਸੱਤਾਧਾਰੀ ਪਾਰਟੀ ਦੇ ਵਰਕਰਾਂ ਨੇ ਕਥਿਤ ਗੁੰਡਾਗਰਦੀ ਕਰਕੇ ਉਨ੍ਹਾਂ ਨੂੰ ਕਾਗਜ਼ ਭਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਤੇ ਮੌਕੇ ’ਤੇ ਮੌਜੂਦ ਅਫ਼ਸਰ ਵੀ ਉਨ੍ਹਾਂ ਦਾ ਪੱਖ ਪੂਰਦੇ
ਨਜ਼ਰ ਆਏ।
ਕਾਂਗਰਸ ਦੇ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਨੇ ਅੱਜ ਸਵੇਰੇ ਡੀਸੀ ਦਫ਼ਤਰ ਅੱਗੇ ਮੁਜ਼ਾਹਰਾ ਕੀਤਾ। ਇਸ ਧਰਨੇ ਵਿੱਚ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਅਤੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਵੀ ਪਹੁੰਚੇ। ਆਗੂਆਂ ਨੇ ਦੋਸ਼ ਲਾਇਆ ਕਿ ਸੱਤਾਧਾਰੀ ਪਾਰਟੀ ਦੇ ਵਿਧਾਇਕ ਸਾਰੇ ਕਾਨੂੰਨ ਛਿੱਕੇ ਟੰਗ ਕੇ ਆਪਣੇ ਚਹੇਤੇ ਉਮੀਦਵਾਰਾਂ ਨੂੰ ਸਰਪੰਚ ਬਣਾਉਣ ਦੇ ਯਤਨ ਕਰ ਰਹੇ ਹਨ।
ਕੋਟ ਈਸੇ ਖਾਂ ’ਚ ਅਕਾਲੀਆਂ ਦੀ ਪੁਲੀਸ ਨਾਲ ਬਹਿਸ
ਮੋਗਾ (ਨਿੱਜੀ ਪੱਤਰ ਪ੍ਰੇਰਕ):
ਇੱਥੇ ਕਸਬਾ ਕੋਟ ਈਸੇ ਖਾਂ ਬਲਾਕ ਵਿੱਚ ਪੰਚਾਇਤੀ ਚੋਣਾਂ ਦੀਆਂ ਨਾਮਜ਼ਦਗੀਆਂ ਭਰਨ ਮੌਕੇ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਤੇ ‘ਆਪ’ ਵਿਧਾਇਕ ਦੇ ਪੁੱਜਣ ਮਗਰੋਂ ਮਾਹੌਲ ਤਣਾਅਪੂਰਨ ਹੋ ਗਿਆ। ਇਸ ਮੌਕੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ, ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਗਿੱਲ ਲੰਢੇਕੇ ਅਤੇ ਧਰਮਕੋਟ ਤੋਂ ਅਕਾਲੀ ਦਲ ਦੇ ਹਲਕਾ ਇੰਚਾਰਜ ਬਰਜਿੰਦਰ ਸਿੰਘ ਬਰਾੜ ਨੂੰ ਪੁਲੀਸ ਨੇ ਬਲਾਕ ਅੰਦਰ ਦਾਖਲ ਨਹੀਂ ਹੋਣ ਦਿੱਤਾ। ਇਸ ਮੌਕੇ ਅਕਾਲੀ ਆਗੂਆਂ ਦੀ ਪੁਲੀਸ ਨਾਲ ਬਹਿਸ ਵੀ ਹੋਈ। ਅਕਾਲੀ ਆਗੂ ਬਰਜਿੰਦਰ ਸਿੰਘ ਬਰਾੜ ਨੇ ਦੋਸ਼ ਲਾਇਆ ਕਿ ਹਾਕਮ ਧਿਰ ਸੂਬੇ ਵਿੱਚ ਸੁਤੰਤਰ ਅਤੇ ਨਿਰਪੱਖ ਚੋਣਾਂ ਕਰਵਾਉਣ ’ਚ ਨਾਕਾਮ ਸਾਬਤ ਹੋ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੂਰਾ ਪ੍ਰਸ਼ਾਸਨ ਹਾਕਮ ਧਿਰ ਦੀ ਕਠਪੁਤਲੀ ਬਣ ਕੇ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਹਾਕਮ ਧਿਰ ਦੇ ਵਿਧਾਇਕ ਵੱਲੋਂ ਸ਼ਰੇਆਮ ਵਿਕਾਸ ਵਿਭਾਗ ਅਧਿਕਾਰੀਆਂ ਤੇ ਪੰਚਾਇਤ ਸਕੱਤਰਾਂ ਨੂੰ ਧਮਕਾਇਆ ਜਾ ਰਿਹਾ ਹੈ। ਇਸ ਧੱਕੇਸ਼ਾਹੀ ਖ਼ਿਲਾਫ਼ ਭਲਕੇ 1 ਅਕਤੂਬਰ ਨੂੰ ਕੋਟ ਈਸੇ ਖਾਂ ਚੌਕ ਵਿਚ ਪਾਰਟੀ ਵੱਲੋਂ ਧਰਨਾ ਦਿੱਤਾ ਜਾਵੇਗਾ। ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਕਿਹਾ ਕਿ ਹਾਕਮ ਧਿਰ ਦੇ ਇਸ਼ਾਰੇ ’ਤੇ ਚੋਣ ਅਮਲਾ ਵਿਰੋਧੀ ਉਮੀਦਵਾਰਾਂ ਦੀ ਸੁਣ ਨਹੀਂ ਰਿਹਾ ਅਤੇ ਉਮੀਦਵਾਰ ਖੱਜਲ ਹੋ ਰਹੇ ਹਨ। ਧਰਮਕੋਟ ਤੋਂ ਹਾਕਮ ਧਿਰ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਵਿਕਾਸ ਵਿਭਾਗ ਦੇ ਅਧਿਕਾਰੀਆਂ ਨੂੰ ਡਰਾਉਣ-ਧਮਕਾਉਣ ਜਾਂ ਕਿਸੇ ਵੀ ਤਰ੍ਹਾਂ ਦੀ ਧੱਕੇਸ਼ਾਹੀ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਇਸ ਵਾਰ ਪੰਚਾਇਤੀ ਚੋਣਾਂ ਵਿੱਚ ਆਪਣੀ ਹਾਰ ਨੂੰ ਵੇਖਦਿਆਂ ਬੁਖਲਾਹਟ ਵਿੱਚ ਹਨ।