ਪੰਚਾਇਤ ਚੋਣਾਂ: ਨਾਮਜ਼ਦਗੀਆਂ ਦੇ ਆਖ਼ਰੀ ਦਿਨ ਟਕਰਾਅ
* ਵਿਰੋਧੀ ਧਿਰ ਵੱਲੋਂ ਪੰਜਾਬ ਸਰਕਾਰ ’ਤੇ ਵਿਰੋਧੀ ਉਮੀਦਵਾਰਾਂ ਨੂੰ ਕਾਗ਼ਜ਼ ਭਰਨ ਤੋਂ ਰੋਕਣ ਦੇ ਹੱਥਕੰਡੇ ਵਰਤਣ ਦੇ ਦੋਸ਼
ਚਰਨਜੀਤ ਭੁੱਲਰ
ਚੰਡੀਗੜ੍ਹ, 4 ਅਕਤੂਬਰ
ਪੰਜਾਬ ਵਿਚ ਪੰਚਾਇਤ ਚੋਣਾਂ ਲਈ ਨਾਮਜ਼ਦਗੀਆਂ ਭਰਨ ਦੇ ਆਖ਼ਰੀ ਦਿਨ ਅੱਜ ਟਕਰਾਅ ਵਾਲਾ ਮਾਹੌਲ ਬਣਿਆ ਰਿਹਾ। ਕਈ ਜ਼ਿਲ੍ਹਿਆਂ ਵਿਚ ਕਾਗ਼ਜ਼ ਦਾਖਲ ਕਰਨ ਦਾ ਆਖ਼ਰੀ ਦੌਰ ਹਿੰਸਕ ਮੋੜਾ ਲੈ ਗਿਆ। ਕਿਤੇ ਵਿਰੋਧੀ ਉਮੀਦਵਾਰਾਂ ਦੇ ਕਾਗ਼ਜ਼ ਪਾੜੇ ਜਾਣ ਦੀ ਖ਼ਬਰ ਹੈ ਅਤੇ ਕਿਤੇ ਧੜਿਆਂ ਵਿਚ ਆਪਸੀ ਤਕਰਾਰ ਹੋਈ ਹੈ। ਵਿਰੋਧੀ ਧਿਰ ਨੇ ਪੰਜਾਬ ਸਰਕਾਰ ’ਤੇ ਵਿਰੋਧੀ ਉਮੀਦਵਾਰਾਂ ਨੂੰ ਕਾਗ਼ਜ਼ ਭਰਨ ਤੋਂ ਰੋਕਣ ਦੇ ਹੱਥਕੰਡੇ ਵਰਤਣ ਦੇ ਇਲਜ਼ਾਮ ਲਾਏ ਹਨ। ਖ਼ਬਰ ਲਿਖੇ ਜਾਣ ਤੱਕ ਸਿਰਫ਼ ਤਿੰਨ ਜ਼ਿਲ੍ਹਿਆਂ ’ਚ ਦਾਖ਼ਲ ਕੀਤੀਆਂ ਗਈਆਂ ਨਾਮਜ਼ਦਗੀਆਂ ਬਾਰੇ ਹੀ ਪਤਾ ਲੱਗ ਸਕਿਆ ਸੀ। ਮਿਲੀ ਜਾਣਕਾਰੀ ਅਨੁਸਾਰ ਬਰਨਾਲਾ ਜ਼ਿਲ੍ਹੇ ਦੇ 175 ਪਿੰਡਾਂ ਵਿੱਚ ਸਰਪੰਚੀ ਲਈ 774 ਤੇ ਪੰਚੀ ਲਈ 2297 ਉਮੀਦਵਾਰਾਂ, ਮਾਲੇਰਕੋਟਲਾ ਜ਼ਿਲ੍ਹੇ ਦੇ 176 ਪਿੰਡਾਂ ਵਿੱਚ ਸਰਪੰਚੀ ਲਈ 649 ਤੇ ਪੰਚੀ ਲਈ 2233 ਅਤੇ ਮਾਨਸਾ ਦੇ 245 ਪਿੰਡਾਂ ਵਿੱਚ ਸਰਪੰਚੀ ਲਈ 1125 ਤੇ ਪੰਚੀ ਲਈ 3466 ਉਮੀਦਵਾਰਾਂ ਨੇ ਨਾਮਜ਼ਦਗੀਆਂ ਦਾਖ਼ਲ ਕੀਤੀਆਂ।
ਤਲਵੰਡੀ ਭਾਈ ’ਚ ਰਿਟਰਨਿੰਗ ਅਫਸਰ ਦੇ ਦਫ਼ਤਰ ਬਾਹਰ ਗੋਲੀਆਂ ਚੱਲਣ ਦੀਆਂ ਰਿਪੋਰਟਾਂ ਹਨ ਅਤੇ ਇੱਥੇ ਗੋਲੀ ਲੱਗਣ ਕਰਕੇ ਪਿੰਡ ਭੰਬੇ ਲੰਡੇ ਦਾ ਨਰਵੀਰ ਸਿੰਘ ਜ਼ਖ਼ਮੀ ਹੋ ਗਿਆ ਹੈ ਜਿਸ ਨੂੰ ਫ਼ਰੀਦਕੋਟ ਦੇ ਮੈਡੀਕਲ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਹੈ। ਇਸ ਘਟਨਾ ਵਿਚ ਗੁਰਪ੍ਰੀਤ ਸਿੰਘ ਵਾਲ ਵਾਲ ਬਚ ਗਿਆ। ਵਿਰੋਧੀਆਂ ਨੂੰ ਕਾਗ਼ਜ਼ ਭਰਨ ਤੋਂ ਰੋਕਣ ਲਈ ਅਣਪਛਾਤੇ ਵਿਅਕਤੀਆਂ ਵੱਲੋਂ ਫਾਇਰਿੰਗ ਕੀਤੀ ਗਈ ਹੈ। ਮੋਗਾ ਦੇ ਲੰਡੇ ਕੇ ਵਿਖੇ ਕਾਗ਼ਜ਼ ਦਾਖਲ ਕਰਨ ਮੌਕੇ ਹਵਾਈ ਫਾਇਰਿੰਗ ਹੋਈ ਹੈ ਅਤੇ ਦੋ ਧੜਿਆਂ ਵਿਚ ਝੜਪ ਵਿਚ ਜਸਪ੍ਰੀਤ ਸਿੰਘ ਨਾਮ ਦਾ ਵਿਅਕਤੀ ਜ਼ਖ਼ਮੀ ਹੋ ਗਿਆ। ਇਸੇ ਤਰ੍ਹਾਂ ਤਰਨ ਤਾਰਨ ਦੇ ਭਿੱਖੀਵਿੰਡ ਵਿਖੇ ਅਕਾਲੀ ਅਤੇ ‘ਆਪ’ ਵਰਕਰ ਕਾਗ਼ਜ਼ ਦਾਖਲ ਕਰਨ ਮੌਕੇ ਆਪਸ ਵਿਚ ਭਿੜ ਗਏ। ਇੱਕ ਵਿਅਕਤੀ ਨੇ ਕਹੀ ਦੇ ਦਸਤੇ ਨਾਲ ਵਾਰ ਕਰ ਦਿੱਤਾ ਜਿਸ ਵਿਚ ਪਿੰਡ ਮਾੜੀਮੇਘਾ ਦਾ ਅਵਤਾਰ ਸਿੰਘ ਜ਼ਖ਼ਮੀ ਹੋ ਗਿਆ। ਮਗਰੋਂ ਵਿਰੋਧ ਵਿਚ ਡੀਐੱਸਪੀ ਭਿੱਖੀਵਿੰਡ ਦੇ ਦਫ਼ਤਰ ਅੱਗੇ ਕਾਂਗਰਸੀਆਂ ਨੇ ਧਰਨਾ ਲਾ ਦਿੱਤਾ ਜਿੱਥੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਪੁੱਜੇ। ਜ਼ੀਰਾ ਵਿੱਚ ਵੀ ਇੱਟਾਂ-ਪੱਥਰ ਚੱਲਣ ਦੀ ਖ਼ਬਰ ਹੈ। ਕਾਹਨੂੰਵਾਨ ਵਿੱਚ ਵੀ ਹਜੂਮ ਵੱਲੋਂ ਵਿਰੋਧੀ ਧਿਰਾਂ ਦੇ ਉਮੀਦਵਾਰਾਂ ਦੀਆਂ ਫਾਈਲਾਂ ਪਾੜੇ ਜਾਣ ਦੀ ਖ਼ਬਰ ਹੈ। ਇੱਥੇ ਕਾਫ਼ੀ ਤਕਰਾਰ ਵੀ ਹੋਇਆ ਹੈ ਅਤੇ ਪੁਲੀਸ ਨੇ ਕੇਸ ਵੀ ਦਰਜ ਕੀਤਾ ਹੈ। ਇਸੇ ਦੌਰਾਨ ਅਕਾਲੀ ਦਲ ਅਤੇ ਕਾਂਗਰਸ ਨੇ ਸਾਂਝੇ ਤੌਰ ’ਤੇ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਖੰਨਾ ਦੇ ਦਫ਼ਤਰ ਅੱਗੇ ਧਰਨਾ ਦਿੱਤਾ, ਜਿਨ੍ਹਾਂ ਦਾ ਕਹਿਣਾ ਸੀ ਕਿ ਸੱਤਾਧਾਰੀ ਧਿਰ ਨੇ ਕਾਗ਼ਜ਼ ਦਾਖਲ ਕਰਨ ਤੋਂ ਰੋਕਿਆ ਹੈ। ਕਾਦੀਆਂ ਹਲਕੇ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪਹਿਰੇਦਾਰੀ ਕੀਤੀ ਹੈ। ਧਰਮਕੋਟ ਵਿਚ ਵੀ ਉਮੀਦਵਾਰਾਂ ਤੋਂ ਕਾਗ਼ਜ਼ ਖੋਹੇ ਜਾਣ ਦੇ ਵੇਰਵੇ ਹਨ ਜਦੋਂ ਕਿ ਜਲਾਲਾਬਾਦ ਵਿਚ ਦੋ ਧੜੇ ਆਪਸ ਵਿਚ ਭਿੜੇ ਹਨ ਜਿੱਥੇ ਪੁਲੀਸ ਨੂੰ ਲਾਠੀਚਾਰਜ ਕਰਨਾ ਪਿਆ ਹੈ। ਗੁਰਦਾਸਪੁਰ ਦੇ ਪਿੰਡ ਰਸੂਲਪੁਰ ਵਿਚ ਲੰਘੀ ਰਾਤ ਇੱਕ ਪੰਚੀ ਦੇ ਉਮੀਦਵਾਰ ਦੇ ਘਰ ’ਤੇ ਹਮਲਾ ਹੋਇਆ ਹੈ। ਪੰਚਾਇਤੀ ਚੋਣਾਂ ਲਈ ਅੱਜ ਨਾਮਜ਼ਦਗੀਆਂ ਦਾਖ਼ਲ ਕਰਨ ਦੇ ਆਖ਼ਰੀ ਦਿਨ ਰਿਟਰਨਿੰਗ ਅਫ਼ਸਰਾਂ ਦੇ ਦਫ਼ਤਰਾਂ ਅੱਗੇ ਲੰਮੀਆਂ ਕਤਾਰਾਂ ਲੱਗੀਆਂ ਰਹੀਆਂ। ਪੰਜਾਬ ਭਰ ਵਿਚ 13,237 ਸਰਪੰਚਾਂ ਤੇ 83,437 ਪੰਚਾਂ ਦੇ ਅਹੁਦਿਆਂ ਲਈ ਅੱਜ ਉਮੀਦਵਾਰਾਂ ਨੇ ਕਾਗ਼ਜ਼ ਦਾਖਲ ਕੀਤੇ ਹਨ। ਸੂਬੇ ਵਿਚ ਪੰਚਾਇਤੀ ਚੋਣਾਂ 15 ਅਕਤੂਬਰ ਨੂੰ ਹੋਣੀਆਂ ਹਨ ਜਿਨ੍ਹਾਂ ਲਈ 19,110 ਪੋਲਿੰਗ ਸਟੇਸ਼ਨ ਬਣਾਏ ਜਾਣੇ ਹਨ। ਪੰਜਾਬ ਦੇ 1.33 ਕਰੋੜ ਵੋਟਰ ਆਪਣੇ ਹੱਕ ਦਾ ਇਸਤੇਮਾਲ ਕਰ ਸਕਣਗੇ। ਇਸੇ ਦੌਰਾਨ ਬਲਾਕ ਨੌਸ਼ਹਿਰਾ ਪੰਨੂਆਂ ਵਿੱਚ ਕਾਗ਼ਜ਼ ਦਾਖਲ ਕਰਨ ਮੌਕੇ ਅਣਪਛਾਤਿਆਂ ਵੱਲੋਂ ਕੀਤੀ ਗੋਲੀਬਾਰੀ ’ਚ ਪਿੰਡ ਸ਼ੇਰੋ ਦਾ ਹਰਦੀਪ ਸਿੰਘ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਰਾਜ ਚੋਣ ਕਮਿਸ਼ਨ ਨੇ ਪੰਚਾਇਤ ਚੋਣਾਂ ਲਈ ਅੱਜ ਜ਼ਿਲ੍ਹਿਆਂ ਵਿਚ ਅਬਜ਼ਰਵਰ ਭੇਜ ਦਿੱਤੇ ਹਨ। ਇਸੇ ਦੌਰਾਨ ਖਿਓਵਾਲੀ ਆਈਟੀਆਈ ਵਿੱਚ ਪੰਚਾਇਤ ਚੋਣਾਂ ਦੀਆਂ ਨਾਮਜ਼ਦਗੀਆਂ ਮੌਕੇ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਫੇਰੀ ਦਾ ਮਾਮਲਾ ਵੀ ਭਖ਼ ਗਿਆ। ਨਾਮਜ਼ਦਗੀ ਕੇਂਦਰ ਵਿੱਚ ਕਾਗ਼ਜ਼ ਭਰਨ ਆਏ ਉਮੀਦਵਾਰਾਂ ਨੇ ‘ਆਪ’ ਆਗੂ ਦੀ ਕੰਪਲੈਕਸ ’ਚ ਮੌਜੂਦਗੀ ’ਤੇ ਇਤਰਾਜ਼ ਜਤਾਇਆ।
ਨਾਮਜ਼ਦਗੀ ਦਾਖ਼ਲ ਕਰਨ ਦਾ ਸਭ ਤੋਂ ਸ਼ਾਂਤੀਪੂਰਨ ਅਮਲ: ਸੌਂਦ
ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਵਿਚ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਇਹ ਸਭ ਤੋਂ ਵੱਧ ਸ਼ਾਂਤੀਪੂਰਨ ਚੋਣ ਪ੍ਰਕਿਰਿਆ ਹੈ ਅਤੇ ਸਰਕਾਰ ਨੇ ਸਿਆਸੀ ਦਖਲ ਤੋਂ ਆਜ਼ਾਦ ਅਤੇ ਨਿਰਪੱਖ ਚੋਣਾਂ ਕਰਾਉਣ ਲਈ ਸਪਸ਼ਟ ਨਿਰਦੇਸ਼ ਦਿੱਤੇ ਹਨ। ਵਿਰੋਧੀ ਧਿਰਾਂ ਆਪਣੀ ਹਕੂਮਤ ਸਮੇਂ ਸੱਤਾ ਦੀ ਦੁਰਵਰਤੋਂ ਕਰਦੀਆਂ ਰਹੀਆਂ ਹਨ।
ਹਾਕਮ ਧਿਰ ਵੱਲੋਂ ਗੈਂਗਸਟਰਾਂ ਦੀ ਵਰਤੋਂ: ਵੜਿੰਗ
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਜਮਹੂਰੀਅਤ ਦਾ ਅੱਜ ਇਹ ਕਾਲਾ ਦਿਨ ਸੀ ਜਿਸ ਵਿਚ ਸੱਤਾਧਾਰੀ ਧਿਰ ਨੇ ਗੈਂਗਸਟਰਾਂ ਨੂੰ ਵਰਤ ਕੇ ਵਿਰੋਧੀ ਧਿਰਾਂ ਦੇ ਆਗੂਆਂ ਨੂੰ ਧਮਕਾਇਆ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਉਮੀਦਵਾਰਾਂ ਨੂੰ ਕਾਗ਼ਜ਼ ਦਾਖਲ ਕਰਨ ਤੋਂ ਰੋਕਿਆ ਗਿਆ ਹੈ ਅਤੇ ਉਨ੍ਹਾਂ ਦੇ ਕਾਗ਼ਜ਼ ਪਾੜੇ ਵੀ ਗਏ ਹਨ।
ਤਿੰਨ ਵਜੇ ਤੱਕ ਕਤਾਰਾਂ ਵਿੱਚ ਲੱਗੇ ਉਮੀਦਵਾਰਾਂ ਤੋਂ ਲਈਆਂ ਨਾਮਜ਼ਦਗੀਆਂ
ਨਾਮਜ਼ਦਗੀ ਦਾਖਲ ਕਰਨ ਦਾ ਸਮਾਂ ਬਾਅਦ ਦੁਪਹਿਰ ਤਿੰਨ ਵਜੇ ਤੱਕ ਦਾ ਸੀ ਪਰ ਜਦੋਂ ਉਮੀਦਵਾਰਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਤਾਂ ਰਾਜ ਚੋਣ ਕਮਿਸ਼ਨ ਨੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਕਰ ਦਿੱਤੀ ਕਿ ਤਿੰਨ ਵਜੇ ਤੱਕ ਕਤਾਰਾਂ ਵਿਚ ਲੱਗੇ ਸਭ ਉਮੀਦਵਾਰਾਂ ਦੇ ਕਾਗ਼ਜ਼ ਲੈ ਲਏ ਜਾਣ। ਰਾਜ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਦਾ ਕਹਿਣਾ ਸੀ ਕਿ ਅੱਜ ਲੰਮੀਆਂ ਕਤਾਰਾਂ ਨੂੰ ਦੇਖਦੇ ਹੋਏ ਹਦਾਇਤ ਕੀਤੀ ਗਈ ਸੀ ਕਿ ਤਿੰਨ ਵਜੇ ਤੱਕ ਕਤਾਰ ਵਿਚ ਲੱਗਣ ਵਾਲੇ ਉਮੀਦਵਾਰਾਂ ਦੇ ਕਾਗ਼ਜ਼ ਪ੍ਰਾਪਤ ਕੀਤੇ ਜਾਣ। ਚੌਧਰੀ ਨੇ ਕਿਹਾ ਕਿ ਪਾਰਦਰਸ਼ੀ ਚੋਣਾਂ ਹਰ ਹਾਲ ਵਿੱਚ ਯਕੀਨੀ ਬਣਾਈਆਂ ਜਾਣਗੀਆਂ। ਕਿਸੇ ਨੂੰ ਵੀ ਕਾਨੂੰਨ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।