ਪੰਚਾਇਤੀ ਚੋਣਾਂ: ਨਾਮਜ਼ਦਗੀ ਪੱਤਰ ਰੱਦ ਕਰਵਾਉਣ ਵਾਲੇ ਪਟਵਾਰੀ ਸਣੇ ਪੰਜ ਖ਼ਿਲਾਫ਼ ਕੇਸ ਦਰਜ
ਪੱਤਰ ਪ੍ਰੇਰਕ
ਜ਼ੀਰਾ, 10 ਨਵੰਬਰ
ਪੰਚਾਇਤੀ ਚੋਣਾਂ ਵਿੱਚ ਪਿੰਡ ਬਸਤੀ ਸੋਹਣ ਸਿੰਘ ਵਾਲੀ ਜੌੜਾ ਤੋਂ ਸਰਪੰਚ ਦੀ ਚੋਣ ਲੜ ਰਹੀ ਇੱਕ ਮਹਿਲਾ ਉਮੀਦਵਾਰ ਦੇ ਨਾਮਜ਼ਦਗੀ ਪੱਤਰ ’ਤੇ ਝੂਠਾ ਇਤਰਾਜ਼ ਲਾ ਕੇ ਪ੍ਰਸ਼ਾਸਨ ਦੀ ਕਥਿਤ ਮਿਲੀਭੁਗਤ ਨਾਲ ਨਾਮਜ਼ਦਗੀ ਪੱਤਰ ਰੱਦ ਕਰਵਾਉਣ ’ਤੇ ਐੱਸਐੱਸਪੀ ਫਿਰੋਜ਼ਪੁਰ ਸੌਮਿਆ ਮਿਸ਼ਰਾ ਦੇ ਆਦੇਸ਼ਾਂ ’ਤੇ ਥਾਣਾ ਮੱਲਾਂਵਾਲਾ ਦੀ ਪੁਲੀਸ ਨੇ ਇਕ ਮਾਲ ਪਟਵਾਰੀ ਸਮੇਤ 5 ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਸੁਰਿੰਦਰ ਸਿੰਘ ਜੌੜਾ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਦੱਸਿਆ ਕਿ ਉਸ ਨੇ ਆਪਣੀ ਪਤਨੀ ਚਰਨਜੀਤ ਕੌਰ ਜੌੜਾ ਰਾਹੀਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੋਣ ਕਮਿਸ਼ਨਰ ਪੰਜਾਬ ਸਮੇਤ ਚੋਣ ਅਬਜ਼ਰਬਰ ਫਿਰੋਜ਼ਪੁਰ ਡੀਪੀਐੱਸ ਖਰਬੰਦਾ ਆਦਿ ਨੂੰ ਭੇਜੀਆਂ ਲਿਖਤੀ ਸ਼ਿਕਾਇਤਾਂ ਭੇਜੀਆਂ ਸਨ। ਉਨ੍ਹਾਂ ਦੱਸਿਆ ਸੀ ਕਿ ਉਸ ਦੀ ਪਤਨੀ ਚਰਨਜੀਤ ਕੌਰ ਨੇ ਸਰਪੰਚ ਦੀ ਚੋਣ ਲੜਨ ਲਈ ਨਿਯਮਾਂ ਮੁਤਾਬਕ ਨਾਮਜ਼ਦਗੀ ਪੱਤਰ ਭਰ ਕੇ ਅਤੇ ਐੱਨਓਸੀ ਨੱਥੀ ਕਰਕੇ ਰਿਟਰਨਿੰਗ ਅਫ਼ਸਰ ਕੋਲ ਜਮ੍ਹਾਂ ਕਰਵਾ ਕੇ ਰਸੀਦ ਹਾਸਲ ਕੀਤੀ ਸੀ। ਸੁਰਿੰਦਰ ਸਿੰਘ ਜੌੜਾ ਮੁਤਾਬਕ 5 ਅਕਤੂਬਰ ਨੂੰ ਪੜਤਾਲ ਦੌਰਾਨ ਅਸ਼ੋਕ ਕੁਮਾਰ ਰਿਟਰਨਿੰਗ ਅਫ਼ਸਰ ਨੇ ਉਸ ਦੀ ਪਤਨੀ ਦੀ ਫਾਈਲ ਮੁਕੰਮਲ ਅਤੇ ਦਰੁਸਤ ਦੱਸੀ ਜਦਕਿ ਅਗਲੇ ਦਿਨ ਉਸ ਨੇ ਫਾਈਲ ’ਤੇ ਇਹ ਇਤਰਾਜ਼ ਲਗਾ ਕੇ ਫਾਈਲ ਰੱਦ ਕਰ ਦਿੱਤੀ ਕਿ ਉਸ ਦਾ (ਸੁਰਿੰਦਰ ਸਿੰਘ ਜੌੜਾ ਦਾ) ਪੰਚਾਇਤੀ ਜ਼ਮੀਨ ’ਤੇ ਨਜਾਇਜ਼ ਕਬਜ਼ਾ ਹੈ। ਥਾਣਾ ਮੱਲਾਂਵਾਲਾ ਦੀ ਪੁਲੀਸ ਨੇ ਸੰਦੀਪ ਸਿੰਘ, ਸੁਖਜੀਤ ਸਿੰਘ ਪੁੱਤਰਾਨ ਬਲਕਾਰ ਸਿੰਘ, ਸਤਨਾਮ ਸਿੰਘ ਪੁੱਤਰ ਜੋਗਿੰਦਰ, ਜਸਵੀਰ ਕੌਰ ਪਤਨੀ ਬਲਕਾਰ ਸਿੰਘ ਅਤੇ ਹਲਕਾ ਪਟਵਾਰੀ ਅਮਰਜੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।