For the best experience, open
https://m.punjabitribuneonline.com
on your mobile browser.
Advertisement

ਪੰਚਾਇਤ ਚੋਣਾਂ: ਚੋਣ ਪ੍ਰਚਾਰ ਬੰਦ, ਭਲਕੇ ਪੈਣਗੀਆਂ ਵੋਟਾਂ

07:29 AM Oct 14, 2024 IST
ਪੰਚਾਇਤ ਚੋਣਾਂ  ਚੋਣ ਪ੍ਰਚਾਰ ਬੰਦ  ਭਲਕੇ ਪੈਣਗੀਆਂ ਵੋਟਾਂ
ਮਾਨਸਾ ਨੇੜਲੇ ਪਿੰਡ ਨੰਗਲ ਕਲਾਂ ਵਿਚ ਉਮੀਦਵਾਰ ਦੇ ਹੱਕ ’ਚ ਵੋਟਾਂ ਮੰਗਣ ਵੇਲੇ ਜੁੜਿਆ ਕਾਫ਼ਲਾ। -ਫੋਟੋ: ਜੋਗਿੰਦਰ ਸਿੰਘ ਮਾਨ
Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 13 ਅਕਤੂਬਰ
ਪੰਚਾਇਤ ਚੋਣਾਂ ਲਈ ਹਫ਼ਤਾ ਭਰ ਚੱਲਿਆ ਚੋਣ ਪ੍ਰਚਾਰ ਸ਼ਾਮ ਛੇ ਵਜੇ ਬੰਦ ਹੋ ਗਿਆ ਹੈ। ਚੋਣ ਪ੍ਰਚਾਰ ਦੇ ਅੱਜ ਆਖ਼ਰੀ ਦਿਨ ਉਮੀਦਵਾਰਾਂ ਨੇ ਅੱਡੀ ਚੋਟੀ ਦਾ ਜ਼ੋਰ ਲਾਇਆ। ਵਿਧਾਇਕਾਂ ਅਤੇ ਵਜ਼ੀਰਾਂ ਨੇ ਵੀ ਪਿੰਡਾਂ ਵਿਚ ਅੱਜ ਉਮੀਦਵਾਰਾਂ ਦੀ ਹਮਾਇਤ ਵਿਚ ਸੰਖੇਪ ਰੈਲੀਆਂ ਤੇ ਮੀਟਿੰਗਾਂ ਕੀਤੀਆਂ। ਪੰਚਾਇਤ ਚੋਣਾਂ ਲਈ 15 ਅਕਤੂਬਰ ਨੂੰ ਸਵੇਰ ਅੱਠ ਵਜੇ ਤੋਂ ਸ਼ਾਮੀ ਚਾਰ ਵਜੇ ਤੱਕ ਵੋਟਾਂ ਪੈਣਗੀਆਂ। ਚੋਣ ਪ੍ਰਸ਼ਾਸਨ ਵੱਲੋਂ ਵੋਟਾਂ ਪਵਾਉਣ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਸ ਦੌਰਾਨ 1001 ਬੂਥਾਂ ਨੂੰ ਅਤਿ ਸੰਵੇਦਨਸ਼ੀਲ ਐਲਾਨਿਆ ਗਿਆ ਹੈ। ਇਨ੍ਹਾਂ ’ਚੋਂ ਸਭ ਤੋਂ ਵੱਧ (179) ਅੰਮ੍ਰਿਤਸਰ ਵਿੱਚ ਹਨ।
ਪੰਚਾਇਤ ਚੋਣਾਂ ਲਈ 7 ਅਕਤੂਬਰ ਨੂੰ ਕਾਗ਼ਜ਼ ਵਾਪਸੀ ਮਗਰੋਂ ਚੋਣ ਪ੍ਰਚਾਰ ਜ਼ੋਰ ਫੜ ਗਿਆ ਸੀ। ਐਤਕੀਂ ਚੋਣਾਂ ਕਾਹਲ ਵਿਚ ਹੋ ਰਹੀਆਂ ਹਨ ਜਿਸ ਕਰਕੇ ਚੋਣ ਪ੍ਰਚਾਰ ਲਈ ਉਮੀਦਵਾਰਾਂ ਨੂੰ ਇੱਕ ਹਫ਼ਤੇ ਦਾ ਸਮਾਂ ਹੀ ਮਿਲਿਆ। ਚੋਣ ਪ੍ਰਚਾਰ ਬੰਦ ਹੋਣ ਮਗਰੋਂ ਹੁਣ ਉਮੀਦਵਾਰ ਪਿੰਡਾਂ ਵਿਚ ਚੋਣ ਰੈਲੀਆਂ, ਚੋਣ ਮੀਟਿੰਗਾਂ ਅਤੇ ਨੁੱਕੜ ਮੀਟਿੰਗਾਂ ਨਹੀਂ ਕਰ ਸਕਣਗੇ। ਉਮੀਦਵਾਰ ਹੁਣ ਆਖ਼ਰੀ ਹੰਭਲੇ ਲਈ ਘਰੋਂ-ਘਰੀਂ ਜਾ ਕੇ ਵੋਟਾਂ ਮੰਗਣਗੇ।
ਪੰਜਾਬ ਵਿਚ 13,237 ਪੰਚਾਇਤਾਂ ਹਨ ਜਿਨ੍ਹਾਂ ਲਈ ਕੁੱਲ 13,237 ਸਰਪੰਚ ਅਤੇ 83,427 ਪੰਚ ਚੁਣੇ ਜਾਣੇ ਹਨ। ਹਾਲਾਂਕਿ, ਸੂਬੇ ਵਿਚ 3798 ਸਰਪੰਚ ਅਤੇ 48,861 ਪੰਚ ਸਰਬਸੰਮਤੀ ਨਾਲ ਚੁਣੇ ਜਾ ਚੁੱਕੇ ਹਨ। ਇਸ ਸਮੇਂ ਸਰਪੰਚੀ ਲਈ 25,588 ਅਤੇ ਪੰਚੀ ਲਈ 80,598 ਉਮੀਦਵਾਰ ਚੋਣ ਮੈਦਾਨ ਵਿਚ ਹਨ। ਸੂਬੇ ਵਿਚ 1,33,97,922 ਵੋਟਰ 15 ਅਕਤੂਬਰ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ ਜਿਨ੍ਹਾਂ ਵਿਚ 70,51,722 ਪੁਰਸ਼ ਅਤੇ 63,46,008 ਮਹਿਲਾ ਵੋਟਰ ਹਨ। ਵੋਟਾਂ ਬੈਲੇਟ ਪੇਪਰ ਰਾਹੀਂ ਪੈਣਗੀਆਂ। ਸਰਪੰਚੀ ਲਈ ਗੁਲਾਬੀ ਰੰਗ ਅਤੇ ਪੰਚੀ ਲਈ ਸਫ਼ੈਦ ਰੰਗ ਦਾ ਬੈਲਟ ਪੇਪਰ ਤਿਆਰ ਕੀਤਾ ਗਿਆ ਹੈ। ਇਨ੍ਹਾਂ ਵੋਟਾਂ ਲਈ 19, 110 ਪੋਲਿੰਗ ਬੂਥ ਬਣਾਏ ਗਏ ਹਨ। ਚੋਣ ਕਮਿਸ਼ਨ ਨੇ ਸੂਬੇ ਵਿਚ 23 ਅਬਜ਼ਰਵਰਾਂ ਦੀ ਤਾਇਨਾਤੀ ਕੀਤੀ ਹੈ। ਪੁਲੀਸ ਨੇ ਸੁਰੱਖਿਆ ਇੰਤਜ਼ਾਮ ਕਰ ਲਏ ਹਨ। ਵੋਟਾਂ ਵਾਲੇ ਦਿਨ ਹੀ ਚਾਰ ਵਜੇ ਤੋਂ ਬਾਅਦ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ ਤੇ ਚੋਣ ਕਮਿਸ਼ਨ ਵੱਲੋਂ ਸਮੁੱਚੀ ਪ੍ਰਕਿਰਿਆ ਦੀ ਵੀਡੀਓਗ੍ਰਾਫ਼ੀ ਦੇ ਪ੍ਰਬੰਧ ਕੀਤੇ ਗਏ ਹਨ।

Advertisement

ਹਾਈ ਕੋਰਟ ਵਿੱਚ ਚੋਣ ਪਟੀਸ਼ਨਾਂ ਉੱਤੇ ਸੁਣਵਾਈ ਅੱਜ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਭਲਕੇ ਸੋਮਵਾਰ ਨੂੰ ਸੈਂਕੜੇ ਪਟੀਸ਼ਨਾਂ ਦੀ ਸੁਣਵਾਈ ਹੋਵੇਗੀ। ਸੀਨੀਅਰ ਐਡੀਸ਼ਨਲ ਐਡਵੋਕੇਟ ਜਨਰਲ ਜਗਦੇਵ ਸਿੰਘ ਭੰਦੋਹਲ (ਤੰਦਾ ਬੱਧਾ) ਦਾ ਕਹਿਣਾ ਸੀ ਕਿ ਵਿਰੋਧੀ ਧਿਰਾਂ ਵੱਲੋਂ ਮੁਫ਼ਤ ਕਾਨੂੰਨੀ ਸੇਵਾਵਾਂ ਦੀ ਪੇਸ਼ਕਸ਼ ਪਟੀਸ਼ਨਾਂ ਦੀ ਗਿਣਤੀ ’ਚ ਵਾਧੇ ਦਾ ਮੁੱਖ ਕਾਰਨ ਬਣੀ ਹੈ ਜਦੋਂ ਕਿ ਬਹੁਤੀਆਂ ਪਟੀਸ਼ਨਾਂ ਅਸਪਸ਼ਟ ਹਨ। ਹੁਣ ਤੱਕ ਕਰੀਬ 700 ਪਟੀਸ਼ਨਾਂ ਜ਼ਰੀਏ ਚੋਣਾਂ ਨੂੰ ਚੁਣੌਤੀ ਦਿੱਤੀ ਗਈ ਹੈ ਜਿਸ ’ਚੋਂ 250 ਪੰਚਾਇਤਾਂ ਦੀ ਚੋਣ ’ਤੇ ਅਦਾਲਤ ਰੋਕ ਲਗਾ ਚੁੱਕੀ ਹੈ। ਗਿੱਦੜਬਾਹਾ ਬਲਾਕ ਦੀਆਂ 20 ਪੰਚਾਇਤਾਂ ਦੀ ਚੋਣ ਰੱਦ ਕੀਤੀ ਗਈ ਹੈ।

Advertisement

Advertisement
Author Image

sukhwinder singh

View all posts

Advertisement