ਪੰਚਾਇਤ ਚੋਣਾਂ: ਧਾਰੀਵਾਲ ਕਲਾਂ ਵਿੱਚ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ
ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 13 ਅਕਤੂਬਰ
ਪੰਜਾਬ ਭਰ ਵਿੱਚ 15 ਅਕਤੂਬਰ ਨੂੰ ਹੋ ਰਹੀਆਂ ਪੰਚਾਇਤੀ ਚੋਣਾਂ ਲਈ ਮੈਦਾਨ ਵਿੱਚ ਡਟੇ ਸਰਪੰਚ ਅਤੇ ਪੰਚ ਦੇ ਉਮੀਦਵਾਰਾਂ ਦੇ ਹੱਕ ਵਿੱਚ ਅੱਜ ਆਖਰੀ ਦਿਨ ਇਲਾਕੇ ਦੇ ਪਿੰਡਾਂ ਵਿੱਚ ਪ੍ਰਚਾਰ ਪੂਰੇ ਜ਼ੋਰਾਂ ’ਤੇ ਰਿਹਾ। ਜਿੱਥੇ ਸਰਪੰਚ ਅਤੇ ਪੰਚ ਦੇ ਉਮੀਦਵਾਰ ਆਪਣੇ ਚੋਣ ਪ੍ਰਚਾਰ ਦੇ ਨਾਲ ਨਾਲ ਆਪੋ ਆਪਣੇ ਪਿੰਡਾਂ ਵਿੱਚ ਰੁਸਿਆਂ ਨੂੰ ਮਨਾਉਣ ਲਈ ਯਤਨਸ਼ੀਲ ਰਹੇ, ਉਥੇ ਉਮੀਦਵਾਰਾਂ ਦੇ ਪੂਰੇ ਪਰਿਵਾਰਾਂ ਨੇ ਔਰਤਾਂ ਸਣੇ ਆਪਣੇ ਸਮਰਥਕਾਂ ਨਾਲ ਘਰ ਘਰ ਜਾ ਕੇ ਵੋਟਰਾਂ ਨੂੰ ਲਾਮਬੰਦ ਕੀਤਾ। ਬਲਾਕ ਧਾਰੀਵਾਲ ਦੇ ਪਿੰਡ ਧਾਰੀਵਾਲ ਕਲਾਂ ਵਿੱਚ ਪਹਿਲੀ ਵਾਰ ਸਰੰਪਚ ਦੀ ਚੋਣ ਲੜ ਰਹੇ ਨੌਜਵਾਨ ਉਮੀਦਵਾਰ ਸੁਖਚੈਨ ਸਿੰਘ ਦੇ ਹੱਕ ਵਿੱਚ ਬੀਬੀਆਂ ਦੇ ਇਕ ਵੱਡੇ ਕਾਫਲੇ ਵਲੋਂ ਘਰ ਘਰ ਜਾ ਕੇ ਚੋਣ ਪ੍ਰਚਾਰ ਕੀਤਾ ਗਿਆ। ਇਸ ਮੌਕੇ ਸਰਪੰਚ ਉਮੀਦਵਾਰ ਸੁਖਚੈਨ ਸਿੰਘ ਦੇ ਹੱਕ ਵਿੱਚ ਉਸ ਦੀ ਮਾਤਾ ਕੁਲਵੰਤ ਕੌਰ, ਪਤਨੀ ਮਨਪ੍ਰੀਤ ਕੌਰ, ਭੈਣ ਸੰਦੀਪ ਕੌਰ ਆਪਣੇ ਨਾਲ ਸਮਰਥਕ ਬੀਬੀਆਂ ਹਰਵਿੰਦਰ ਕੌਰ (ਪੰਚ ਉਮੀਦਵਾਰ), ਕੁਲਜੀਤ ਕੌਰ, ਸਤਿੰਦਰ ਕੌਰ, ਕੁਲਵਿੰਦਰ ਕੌਰ, ਗੁਰਵਿੰਦਰ ਕੌਰ, ਬਲਬੀਰ ਕੌਰ ਖਾਲਸਾ, ਹਰਜੀਤ ਕੌਰ, ਹਰਜਿੰਦਰ ਕੌਰ ਚੀਮਾ, ਰਾਜਵਿੰਦਰ ਕੌਰ, ਸੋਨੀਆਂ,ਦਰਸਨ ਕੌਰ, ਅਮਰਜੀਤ ਕੌਰ, ਕੰਵਲਜੀਤ ਕੌਰ, ਮਨਜਿੰਦਰ ਕੌਰ ਆਦਿ ਘਰ ਘਰ ਜਾ ਕੇ ਚੋਣ ਪ੍ਰਚਾਰ ਕਰਦਿਆਂ ਆਪਣੇ ਉਮੀਦਵਾਰ ਹੱਕ ਵਿੱਚ ਭੁਗਤਣ ਲਈ ਲਾਮਬੰਦ ਕੀਤਾ। ਬਾਬਾ ਅਜੈਬ ਸਿੰਘ ਨੇ ਕਿਹਾ ਪਿੰਡਾਂ ਦੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਪੰਚਾਇਤ ਦੀ ਚੋਣ ਲੋਕਾਂ ਨੂੰ ਬੜੀ ਸੋਚ ਸਮਝ ਕੇ ਕਰਨੀ ਚਾਹੀਦੀ ਹੈ।
ਅਧਿਕਾਰੀਆਂ ਨੂੰ ਅੱਜ ਦਿੱਤੀ ਜਾਵੇਗੀ ਚੋਣ ਸਮੱਗਰੀ
ਤਰਨ ਤਾਰਨ (ਪੱਤਰ ਪ੍ਰੇਰਕ): ਪੰਜਾਬ ਭਰ ਵਿੱਚ ਪੰਚਾਇਤ ਚੋਣਾਂ ਲਈ ਪ੍ਰਚਾਰ ਅੱਜ ਖਤਮ ਹੋ ਗਿਆ ਹੈ| ਭਲਕੇ ਚੋਣ ਅਮਲੇ ਨੂੰ ਵੋਟਾਂ ਭੁਗਤਾਉਣ ਲਈ ਚੋਣ ਸਮੱਗਰੀ ਦਿੱਤੀ ਜਾਵੇਗੀ ਅਤੇ ਮੰਗਲਵਾਰ ਨੂੰ ਵੋਟਾਂ ਪਾਈਆਂ ਜਾਣਗੀਆਂ| ਪ੍ਰਸ਼ਾਸਨਿਕ ਅਧਿਕਾਰੀਆਂ ਅਨੁਸਾਰ ਜ਼ਿਲ੍ਹੇ ਦੀਆਂ 23 ਪੰਚਾਇਤਾਂ ਦੀ ਚੋਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਰੱਦ ਕਰ ਦਿੱਤੀ ਹੈ ਜਿਸ ਕਰ ਕੇ ਬਾਕੀ ਦੀਆਂ 550 ਪੰਚਾਇਤਾਂ ਦੀ ਚੋਣ ਬੈਲੇਟ ਪੇਪਰ ਨਾਲ ਕੀਤੀ ਜਾਵੇਗੀ| ਚੋਣ ਦਾ ਨਤੀਜਾ ਉਸੇ ਦਿਨ 15 ਅਕਤੂਬਰ ਨੂੰ ਐਲਾਨ ਦਿੱਤਾ ਜਾਣਾ ਹੈ| ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਧਿਕਾਰੀ (ਡੀਡੀਪੀਓ) ਦੇ ਦਫਤਰ ਵਲੋਂ ਜਾਰੀ ਸੂਚਨਾ ਅਨੁਸਾਰ ਚੋਣ ਰੱਦ ਕਰ ਦਿੱਤੀਆਂ ਜਾਣ ਵਾਲੀਆਂ ਪੰਚਾਇਤਾਂ ਵਿੱਚ ਬਲਾਕ ਤਰਨ ਤਾਰਨ ਦੀ ਪੰਚਾਇਤ ਪੰਡੋਰੀ ਰਣ ਸਿੰਘ, ਕੋਟਲੀ ਕਲਾਂ, ਕੋਟਲੀ ਖੁਰਦ, ਸਵਰਗਾਪੁਰੀ, ਮੁਰਾਦਪੁਰ ਕਲਾਂ ਅਤੇ ਮੁਰਾਦਪੁਰ ਖੁਰਦ ਦਾ ਸ਼ਾਮਲ ਹੈ|