ਪੰਚਾਇਤੀ ਚੋਣਾਂ: ਬੀਕੇਯੂ ਉਗਰਾਹਾਂ ਵੱਲੋਂ ਕਾਰਕੁਨਾਂ ਨੂੰ ਚੋਣ ਪ੍ਰਚਾਰ ਨਾ ਕਰਨ ਦੀ ਅਪੀਲ
ਪਰਸ਼ੋਤਮ ਬੱਲੀ
ਬਰਨਾਲਾ, 2 ਅਕਤੂਬਰ
ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਨੇੜਲੇ ਪਿੰਡ ਸੰਘੇੜਾ ਵਿੱਚ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ ਦੀ ਅਗਵਾਈ ਹੇਠ ਵਧਵੀਂ ਮੀਟਿੰਗ ਕੀਤੀ ਗਈ।
ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਤੇ ਪ੍ਰਚਾਰਕ ਸਕੱਤਰ ਜਗਤਾਰ ਸਿੰਘ ਕਾਲਾਝਾੜ ਨੇ ਇਸ ਦੌਰਾਨ ਸੰਬੋਧਨ ‘ਵੋਟਾਂ ਵਾਲਿਆਂ ਨੇ ਨਹੀਂ ਲਾਉਣਾ ਪਾਰ, ਲੜਨਾ ਪੈਣਾ ਬੰਨ੍ਹ ਕਤਾਰ’ ਦਾ ਹੋਕਾ ਦਿੱਤਾ। ਹਾਲਾਂਕਿ, ਉਨ੍ਹਾਂ ਕਿਹਾ ਕਿ ਵੋਟ ਪਾਉਣਾ ਨਾ ਪਾਉਣਾ ਹਰ ਆਗੂ ਤੇ ਵਰਕਰ ਦਾ ਜਮਹੂਰੀ ਅਧਿਕਾਰ ਹੈ ਜਿਸ ਕਰਕੇ ਜਥੇਬੰਦੀ ਵੋਟਾਂ ਦੇ ਬਾਈਕਾਟ ਦਾ ਸੱਦਾ ਨਹੀਂ ਦਿੰਦੀ। ਸੀਨੀਅਰ ਆਗੂਆਂ ਇਨ੍ਹਾਂ ਚੋਣਾਂ ਮੌਕੇ ਕਾਰਕੁਨਾਂ ਤੇ ਸਥਾਨਕ ਆਗੂਆਂ ਦੀ ਭੂਮਿਕਾ ਬਾਰੇ ਸਾਫ਼ ਕਰਦਿਆਂ ਦੱਸਿਆ ਕਿ ਜਥੇਬੰਦੀ ਦੇ ਵਿਧਾਨ ਮੁਤਾਬਕ ਕਿਸੇ ਵੀ ਸਰਕਾਰੀ ਸੰਸਥਾਗਤ ਚੋਣਾਂ ਸਮੇਂ ਜਥੇਬੰਦੀ ਵੱਲੋਂ ਕੋਈ ਵੀ ਸਥਾਨਕ ਜਾਂ ਸਟੇਟ ਆਗੂ ਆਗੂ ਤੇ ਵਰਕਰ ਕਿਸੇ ਵੀ ਹਾਕਮ ਜਮਾਤੀ ਸਿਆਸੀ ਧਿਰ ਦੇ ਇਕੱਠਾਂ/ ਚੋਣਾਂ ਮੁਹਿੰਮਾਂ ਤੇ ਉਨ੍ਹਾਂ ਬੂਥ ਪ੍ਰਤੀਨਿਧ ਵਜੋਂ ਸ਼ਾਮਲ ਨਹੀਂ ਹੋ ਸਕਦਾ। ਸਿਰਫ਼ ਨਿਰਪੱਖ ਤੌਰ ’ਤੇ ਇਹ ਸਿਆਸੀ ਪਾਰਟੀਆਂ ਤੋਂ ਉੱਪਰ ਉੱਠ ਕੇ ਕਿਸਾਨਾਂ ਮਜ਼ਦੂਰਾਂ ਦੀ ਰਾਖੀ ਵਾਸਤੇ ਲਾਮਬੰਦੀ ’ਤੇ ਜ਼ੋਰ ਹੀ ਲਗਾਉਣਾ ਬਣਦਾ ਹੈ। ‘ਸਰਕਾਰਾਂ ਤੋਂ ਨਾ ਝਾਕ ਕਰੋ ਆਪਣੀ ਰਾਖੀ ਆਪ ਕਰੋ’ ਦਾ ਜਥੇਬੰਦਕ ਨਾਅਰਾ ਬੁਲੰਦ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।
ਇਸ ਮੌਕੇ ਜ਼ਿਲ੍ਹਾ ਜਰਨਲ ਸਕੱਤਰ ਜਰਨੈਲ ਸਿੰਘ ਬਦਰਾ, ਔਰਤ ਵਿੰਗ ਜ਼ਿਲ੍ਹਾ ਕਨਵੀਨਰ ਕਮਲਜੀਤ ਕੌਰ ਬਰਨਾਲਾ, ਮੀਤ ਪ੍ਰਧਾਨ ਦਰਸ਼ਨ ਸਿੰਘ ਭੈਣੀ, ਖਜ਼ਾਨਚੀ ਭਗਤ ਸਿੰਘ ਛੰਨਾ, ਮੀਤ ਪ੍ਰਧਾਨ ਬੁੱਕਣ ਸਿੰਘ ਸੱਦੋਵਾਲ, ਬਲਾਕ ਪ੍ਰਧਾਨ ਬਲੌਰ ਸਿੰਘ ਛੰਨਾ, ਸੁਖਦੇਵ ਸਿੰਘ ਭੋਤਨਾ ਹਾਜ਼ਰ ਸਨ।