ਪੰਚਾਇਤੀ ਚੋਣਾਂ: ਅਕਾਲੀਆਂ ਤੇ ਕਾਂਗਰਸੀਆਂ ਵੱਲੋਂ ‘ਆਪ’ ’ਤੇ ਧੱਕੇਸ਼ਾਹੀ ਦਾ ਦੋਸ਼
ਸਰਬਜੀਤ ਸਿੰਘ ਭੰਗੂ
ਸਨੌਰ/ਘਨੌਰ 5 ਅਕਤੂਬਰ
ਘਨੌਰ ਦੇ ਸਾਬਕਾ ਕਾਂਗਰਸੀ ਵਿਧਾਇਕ ਠੇਕੇਦਾਰ ਮਦਨ ਲਾਲ ਜਲਾਲਪੁਰ, ਕਾਂਗਰਸ ਦੇ ਸਨੌਰ ਤੋਂ ਹਲਕਾ ਇੰਚਾਰਜ ਹੈਰੀਮਾਨ, ਸਨੌਰ ਦੇ ਸਾਬਕਾ ਅਕਾਲੀ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਵੱਖ ਵੱਖ ਤੌਰ ’ਤੇ ਦਿੱਤੇ ਗਏ ਬਿਆਨਾ ’ਚ ਸੱਤਾਧਾਰੀ ਧਿਰ ’ਚ ‘ਆਪ’ ’ਤੇ ਇਨ੍ਹਾਂ ਪੰਚਾਇਤੀ ਚੋਣਾਂ ਦੌਰਾਨ ਲੋਕਤੰਤਰ ਅਤੇ ਜਮਹੂਰੀਅਤ ਦਾ ਘਾਣ ਕਰਨ ਦੇ ਦੋਸ਼ ਲਾਏ ਹਨ।
ਇਨ੍ਹਾ ਆਗੂਆਂ ਨੇ ਜਿਥੇ ਸਨੌਰ ਅਤੇ ਘਨੌਰ ਵਿਚ ਸਰਪੰਚੀ ਤੇ ਪੰਚੀ ਦੀਆਂ ਚੋਣਾਂ ਲੜਨ ਦੇ ਇੱਛੁਕ ਸਰਕਾਰ ਵਿਰੋਧੀ ਉਮੀਦਵਾਰਾਂ ਵਿਚੋਂ ਅਨੇਕਾਂ ਨੂੰ ਐੱਨਓਸੀ ਅਤੇ ਚੁੱਲ੍ਹਾ ਟੈਕਸ ਭਰਨ ਸਬੰਧੀ ਰਸੀਦਾਂ ਦੇਣ ’ਚ ਦੇਰੀ ਕਰਨ ਦੇ ਦੋਸ਼ ਲਾਏ, ਉਥੇ ਹੀ ਉਨ੍ਹਾਂ ਦੀਆਂ ਨਾਮਜ਼ਦਗੀਆਂ ਲੈਣ ’ਚ ਅਧਿਕਾਰੀਆਂ ਵੱਲੋਂ ਆਨਾਕਾਨੀ ਕਰਨ ਦੇ ਦੋਸ਼ ਲਾਏ ਹਨ।
ਇਨ੍ਹਾਂ ਆਗੂਆਂ ਨੇ ਇਥੋਂ ਤੱਕ ਵੀ ਕਿਹਾ ਕਿ ਇਨ੍ਹਾਂ ਦੋਵਾਂ ਹਲਕਿਆਂ ’ਚ ਅਨੇਕਾਂ ਹੀ ਸਰਕਾਰ ਵਿਰੋਧੀ ਉਮੀਦਵਾਰਾਂ ਦੇ ਹੱਥਾਂ ਵਿਚੋਂ ‘ਆਪ’ ਕਾਰਕੁਨਾ ਨੇ ਫਾਈਲਾਂ ਹੀ ਖੋਹ ਲਈਆਂ ਤੇ ਕਈਆਂ ਦੀਆਂ ਇਹ ਫਾਈਲਾਂ ਪਾੜ ਹੀ ਦਿੱਤੀਆਂ। ਉਨ੍ਹਾਂ ਦਾ ਕਹਿਣਾ ਸੀ ਕਿ ‘ਆਪ’ ਦੇ ਵਿਧਾਇਕਾਂ ਦੀ ਸਰਪ੍ਰਸਤੀ ਹੇਠਾਂ ‘ਆਪ’ ਕਾਰਕੁਨ ਗੰਡਾਗਰਦੀ ਕਰ ਰਹੇ ਹਨ।
ਅਕਾਲੀਆਂ ਤੇ ਕਾਂਗਰਸੀਆਂ ਨੂੰ ਮੂੰਹ ਨਹੀਂ ਲਾ ਰਹੇ ਲੋਕ: ਪਠਾਣਮਾਜਰਾ
ਸਨੌਰ ਅਤੇ ਘਨੌਰ ਤੋਂ ‘ਆਪ’ ਦੇ ਵਿਧਾਇਕਾਂ ਹਰਮੀਤ ਪਠਾਣਮਾਜਰਾ ਅਤੇ ਗੁਰਲਾਲ ਘਨੌਰ ਨੇ ਇਨ੍ਹਾਂ ਆਗੂਆਂ ਦੇ ਦੋਸ਼ਾਂ ਨੂੰ ਮੁੱਢ ਤੋਂ ਹੀ ਰੱਦ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਸਲ ’ਚ ਇਨ੍ਹਾਂ ਦੇ ਪਿਛਲੇ ਕਾਰਨਾਮਿਆਂ ਕਾਰਨ ਕਾਂਗਰਸੀਆਂ ਅਤੇ ਅਕਾਲੀਆਂ ਨੂੰ ਲੋਕ ਪਿੰਡਾਂ ’ਚ ਮੂੰਹ ਨਹੀਂ ਲਾ ਰਹੇ। ਕਿਉਂਕਿ ਇਹ ਆਪਣੀਆਂ ਸਰਕਾਰਾਂ ਮੌਕੇ ਧੱਕੇ ਨਾਲ ਸਰਪੰਚ ਪੰਚ ਬਣਾਉਂਦੇ ਰਹੇ ਹਨ, ਇਥੋਂ ਤੱਕ ਕਿ ਅਨੇਕਾਂ ਲੋਕਾਂ ਨੂੰ ਤਾਂ ਇਨ੍ਹਾਂ ਨੇ ਪੈਸੇ ਲੈ ਕੇ ਵੀ ਸਰਪੰਚ ਪੰਚ ਬਣਾਇਆ। ਵਿਧਾਇਕਾਂ ਦਾ ਕਹਿਣਾ ਸੀ ਕਿ ਇਹ ਆਗੂ ਆਪਣੀਆਂ ਨਾਲਾਇਕੀਆਂ ਦਾ ਠੀਕਰਾ ‘ਆਪ’ ਦੇ ਸਿਰ ਭੰਨ ਕੇ ਖੁਦ ਇਨ੍ਹਾਂ ਪੰਚਾਇਤੀ ਚੋਣਾਂ ’ਚ ਮਿਲਣ ਵਾਲ਼ੀ ਹਾਰ ਤੋਂ ਸੁਰਖਰੂ ਹੋਣਾ ਲੋਚਦੇ ਹਨ।
ਕਿਸਾਨ ਜਥੇਬੰਦੀ ਵੱਲੋਂ ਐੱਸਐੱਸਪੀ ਨੂੰ ਮੰਗ ਪੱਤਰ
ਪਟਿਆਲਾ(ਖੇਤਰੀ ਪ੍ਰਤੀਨਿਧ): ‘ਆਪ’ ਵਰਕਰਾਂ ’ਤੇ ‘ਆਪ’ ਦੇ ਵਿਧਾਇਕਾਂ ’ਤੇ ਕਈ ਦੋਸ਼ ਲਾਉਂਦਿਆਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਇੱਕ ਵਫ਼ਦ ਨੇ ਅੱਜ ਇਥੇ ਐੱਸਐੱਸਪੀ ਡਾ. ਨਾਨਕ ਸਿੰਘ ਨਾਲ ਮੁਲਾਕਾਤ ਮੰਗ ਪੱਤਰ ਸੌਂਪਿਆ। ਯੂਨੀਅਨ ਆਗੂਆਂ ਅਵਤਾਰ ਸਿੰਘ ਕੌਰਜੀਵਾਲਾ, ਜਗਦੀਪ ਸਿੰਘ ਤੇ ਜੀਤ ਸਿੰਘ ਪਹਾੜਪੁਰ ਸਮੇਤ ਕਈ ਹੋਰਨਾ ਨੇ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਪੰਚਾਇਤੀ ਚੋਣਾਂ ’ਚ ਜਮਹੂਰੀਅਤ ਅਤੇ ਲੋਕਤੰਤਰ ਦਾ ਪੂਰੀ ਤਰ੍ਹਾਂ ਘਾਣ ਕੀਤਾ ਜਾ ਰਿਹਾ ਹੈ। ਅਵਤਾਰ ਕੌਰਜੀਵਾਲਾ ਦਾ ਕਹਿਣਾ ਸੀ ਕਿ ਸਨੌਰ, ਘਨੌਰ ਅਤੇ ਸਮਾਣਾ ਸਮੇਤ ਹੋਰ ਬਲਾਕਾਂ ਵਿਚ ਵੀ ਕਈ ‘ਆਪ’ ਵਰਕਰਾਂ ਨੇ ਸਰਕਾਰ ਵਿਰੋਧੀ ਪਾਰਟੀਆ ਨਾਲ ਸਬੰਧਤ ਚੋਣ ਲੜਨ ਦੇ ਇਛੁਕ ਕਈ ਵਿਅਕਤੀਆਂ ਕੋਲ਼ੋਂ ਉਨ੍ਹਾਂ ਦੀਆਂ ਫਾਈਲਾਂ ਹੀ ਖੋਹ ਲਈਆਂ ਗਈਆਂ ਤੇ ਕਈਆਂ ਦੇ ਇਹ ਤਿਆਰ ਕੀਤੇ ਗਏ ਦਸਤਾਵੇਜ਼ ਹੀ ਪਾੜ ਦਿੱਤੇ ਗਏ।