ਪੰਚਾਇਤੀ ਚੋਣਾਂ: ਅਕਾਲੀ-ਭਾਜਪਾ ਆਗੂਆਂ ਵੱਲੋਂ ਧਰਨੇ
ਸਰਬਜੀਤ ਸਿੰਘ ਭੰਗੂ
ਪਟਿਆਲਾ, 7 ਅਕਤੂਬਰ
ਪੰਚਾਇਤਾਂ ਚੋਣਾਂ ਅੱਜ ਅਕਾਲੀ ਦਲ ਅਤੇ ਭਾਜਪਾ ਵੱਲੋਂ ਵੱਖੋ-ਵੱਖਰੇ ਤੌਰ ’ਤੇ ਸ਼ਹਿਰ ’ਚ ਧਰਨੇ ਪ੍ਰਦਰਸ਼ਨ ਕੀਤੇ ਗਏ ਪਰ ਇਕੱਤਰਤਾ ਪੱਖੋਂ ਦੋਵੇਂ ਧਰਨੇ ਹੀ ਮੱਠੇ ਰਹੇ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਗੰਗਰੋਲੀ ਦੀ ਅਗਵਾਈ ਹੇਠ ਦਿੱਤੇ ਗਏ ਇਸ ਧਰਨੇ ਦੌਰਾਨ ਭਾਜਪਾ ਮਹਿਲਾ ਮੋਰਚਾ ਦੀ ਸੂਬਾਈ ਪ੍ਰਧਾਨ ਜੈਇੰਦਰ ਕੌਰ ਅਤੇ ਭਾਜਪਾ ਦੇ ਸੂਬਾਈ ਆਗੂ ਹਰਵਿੰਦਰ ਸਿੰਘ ਹਰਪਾਲਪੁਰ ਸਮੇਤ ਕੁਝ ਹੋਰ ਪ੍ਰਮੁੱਖ ਆਗੂਆਂ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਦੌਰਾਨ ਬੁਲਾਰਿਆਂ ਨੇ ਜਿਥੇ ‘ਆਪ’ ਸਰਕਾਰ ’ਤੇ ਪੰਜਾਬ ਭਰ ’ਚ ਆਪਣੀ ਤਾਕਤ ਦੀ ਦੁਰਵਰਤੋਂ ਕਰਕੇ ਵਿਰੋਧੀਆਂ ਨੂੰ ਚੋਣਾਂ ਲੜਨ ਤੋਂ ਰੋਕਣ ਲਈ ਕੋਝੇ ਹੱਥਕੰਡੇ ਵਰਤਣ ਦੇ ਦੋਸ਼ ਲਾਏ, ਉਥੇ ਹੀ ਵਿਸ਼ੇਸ ਤੌਰ ’ਤੇ ਸਨੌਰ ਦੇ ‘ਆਪ’ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਵੀ ਲੰਬੇ ਹੱਥੀਂ ਲਿਆ। ਇਸ ਮੌਕੇ ਜੈ ਇੰਦਰ ਕੌਰ ਨੇ ਕਿਹਾ ਕਿ ‘ਆਪ’ ਆਗੂਆਂ ਨੇ ਸਰਕਾਰ ਵਿਰੋਧੀ ਉਮੀਦਵਾਰਾਂ ਨੂੰ ਨਾਗਜ਼ਦਗੀਆਂ ਭਰਨ ਤੋਂ ਵਰਜਦਿਆਂ ਅਗਾਊਂ ਹੀ ਇਹ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਉਨ੍ਹਾਂ ਨੂੰ ਚੋਣ ਨਹੀਂ ਲੜਨ ਦਿੱਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਇਥੋਂ ਤੱਕ ਵੀ ਗੁੰਡਾਗਰਦੀ ਕੀਤੀ ਗਈ ਬੀਡੀਪੀਓ ਦਫਤਰਾਂ ਦੇ ਵਿਚ ਖੜ੍ਹੇ ਉਮੀਦਵਾਰਾਂ ਦੇ ਹੱਥੋਂ ਫਾਈਲਾਂ ਖੋਹ-ਖੋਹ ਕੇ ਪਾੜੀਆਂ ਗਈਆਂ। ਕੁਝ ਥਾਈਂ ਤਾਂ ‘ਆਪ’ ਵਰਕਰਾਂ ਨੇ ਮਹਿਲਾਵਾਂ ’ਤੇ ਵੀ ਹੱੱਥ ਚੁੱਕੇ। ਹਰਵਿੰਦਰ ਹਰਪਾਲਪੁਰ ਦਾ ਕਹਿਣਾ ਸੀ ਕਿ ਲੋਕ ‘ਆਪ’ ਪੱਖੀਆਂ ਨੂੰ ਮੂੰਹ ਨਹੀਂ ਲਾ ਰਹੇ। ਧਰਨੇ ਦੇ ਮੁੱਖ ਪ੍ਰਬੰਧਕ ਜਸਪਾਲ ਸਿੰਘ ਗਗਰੌਲੀ ਦਾ ਕਹਿਣਾ ਸੀ ਕਿ ‘ਆਪ’ ਨੂੰ ਇਸ ਦਾ ਖਮਿਆਜ਼ਾ ਭੁੁਗਤਣਾ ਪਵੇਗਾ। ਥਾਣਾ ਸਦਰ ਦੇ ਮੁਖੀ ਇੰਸਪੈਕਟਰ ਗੁਰਪ੍ਰੀਤ ਭਿੰਡਰ ਨੇ ਅਧਿਕਾਰੀਆਂ ਨਾਲ ਫੋਨ ਰਾਹੀਂ ਗੱਲ ਵੀ ਕਰਵਾਈ, ਪਰ ਅਧਿਕਾਰੀਆਂ ਦੀ ਗੱਲ ਨਾਲ ਅਸਹਿਮਤੀ ਜ਼ਾਹਿਰ ਕਰਦਿਆਂ ਭਾਜਪਾ ਆਗੂਆਂ ਨੇ ਇਨ੍ਹਾਂ ਮਾਮਲਿਆਂ ਨੂੰ ਹਾਈ ਕੋਰਟ ’ਚ ਚੁਣੌਤੀ ਦੇਣ ਦਾ ਐਲਾਨ ਕੀਤਾ। ਉਧਰ ਬਾਦਲ ਦਲ ਦੇ ਸ਼ਹਿਰੀ ਪ੍ਰਧਾਨ ਅਮਿਤ ਰਾਠੀ ਦੀ ਅਗਵਾਈ ਹੇਠ ਅੱਜ ਇਥੇ ਡੀਸੀ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਇਸ ਧਰਨੇ ’ਚ ਇਕੱਠ ਭਾਜਪਾ ਨਾਲੋਂ ਵੀ ਘੱਟ ਰਿਹਾ। ਇਸ ਦੌਰਾਨ ਲੰਗ ਤੋਂ ਉਮੀਦਵਾਰ ਜਸਵੰਤ ਕੌਰ ਅਤੇ ਹਰਬੰਸ ਸਿੰਘ ਸਮੇਤ ਹੋਰ ਪਿੰਡਾਂ ’ਚ ਸਰਕਾਰ ਵਿਰੋਧੀ ਉਮੀਦਵਾਰਾਂ ਦੇ ਕਾਗਜ਼ ਰੱਦ ਕਰਨ ਤੇ ਪਾੜਨ ਵਰਗੀਆਂ ਘਟਨਾਵਾਂ ਦੀ ਨਿਖੇਧੀ ਕੀਤੀ ਗਈ। ਇਸ ਮੌਕੇ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਗੁਰਪ੍ਰ੍ਰੀਤ ਸਿੰਘ ਰਾਜੂਖੰਨਾ, ਪਟਿਆਲਾ ਸ਼ਹਿਰੀ ਤੋਂ ਹਲਕਾ ਇੰਚਾਰਜ ਅਮਰਿੰਦਰ ਸਿੰਘ ਬਜਾਜ (ਸਾਬਕਾ ਮੇਅਰ) ਵੀ ਹਾਜ਼ਰ ਸਨ। ਇਸ ਮਗਰੋਂ ਐੱਸਡੀਐੱਮ ਮਨਜੀਤ ਕੌਰ ਨੂੰ ਮੰਗ ਪੱਤਰ ਸੌਂਪ ਕੇ ਰੱਦ ਕੀਤੀਆਂ ਗਈਆਂ ਨਾਮਜ਼ਦਗੀਆਂ ’ਤੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ ਗਈ।
ਯੂਥ ਕਾਂਗਰਸ ਨੇ ਏਡੀਸੀ ਦਫ਼ਤਰ ਦੇ ਬਾਹਰ ਧਰਨਾ ਲਾਇਆ
ਪਟਿਆਲਾ (ਪੱਤਰ ਪ੍ਰੇਰਕ): ਅੱਜ ਪਟਿਆਲਾ ਜ਼ਿਲ੍ਹਾ ਦੀ ਯੂਥ ਕਾਂਗਰਸ ਵੱਲੋਂ ਪੰਚਾਂ ਤੇ ਸਰਪੰਚਾਂ ਦੇ ਕਾਗ਼ਜ਼ ਰੱਦ ਕਰਨ ਦੇ ਵਿਰੋਧ ਵਿਚ ਏਡੀਸੀ ਵਿਕਾਸ ਦਾ ਦਫ਼ਤਰ ਘੇਰ ਕੇ ਸਰਹਿੰਦ ਰੋਡ ’ਤੇ ਧਰਨਾ ਦਿੱਤਾ, ਜਿਸ ਦੀ ਅਗਵਾਈ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਸੰਜੀਵ ਸ਼ਰਮਾ ਕਾਲੂ ਕਰ ਰਹੇ ਸਨ। ਇਸ ਵੇਲੇ ਉਨ੍ਹਾਂ ਰੱਦ ਹੋਏ ਕਾਗ਼ਜ਼ਾਂ ਦੀ ਲਿਸਟ ਜਾਰੀ ਕਰਦਿਆਂ ਮੀਡੀਆ ਨੂੰ ਕਿਹਾ ਕਿ ਇਹ ਪੰਜਾਬ ਦੀ ‘ਆਪ’ ਸਰਕਾਰ ਕਾਰਨ ਪਿੰਡਾਂ ਵਿੱਚ ਸਰਪੰਚੀ ਦੀ ਚੋਣ ਵੀ ਨਿਰਪੱਖ ਤਰੀਕੇ ਨਾਲ ਨਹੀਂ ਹੋਣ ਦਿੱਤੀ ਜਾ ਰਹੀ, ਕਾਗ਼ਜ਼ ਪੂਰੇ ਹੋਣ ਦੇ ਬਾਵਜੂਦ ਰੱਦ ਕਰਵਾਏ ਜਾ ਰਹੇ ਹਨ ਤੇ ਜ਼ਬਰਦਸਤੀ ਸਰਪੰਚੀ ਦੇ ਉਮੀਦਵਾਰਾਂ ਨੂੰ ਡਰਾ ਧਮਕਾਇਆ ਜਾ ਰਿਹਾ ਹੈ। ਇਸ ਵੇਲੇ ਪ੍ਰਧਾਨ ਸੰਜੀਵ ਸ਼ਰਮਾ ਨੇ ਕਿਹਾ ਕਿ ਜੇਕਰ ਰੱਦ ਕੀਤੇ ਕਾਗ਼ਜ਼ ਮੁੜ ਵਿਚਾਰ ਕੇ ਉਨ੍ਹਾਂ ਨੂੰ ਸਹੀ ਨਾ ਕੀਤਾ ਗਿਆ ਤਾਂ ਉਹ ਸਖ਼ਤ ਐਕਸ਼ਨ ਕਰਨ ਲਈ ਮਜਬੂਰ ਹੋਣਗੇ ਇਸ ਵੇਲੇ ਆਮ ਲੋਕਾਂ ਨੂੰ ਸਰਹਿੰਦ ਰੋਡ ’ਤੇ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।