ਪੰਚਾਇਤ ਚੋਣਾਂ : ‘ਦੂਜਿਆਂ ਨੂੰ ਨਸੀਹਤ, ਖ਼ੁਦ ਮੀਆਂ ਫਜ਼ੀਹਤ’
ਚਰਨਜੀਤ ਭੁੱਲਰ
ਚੰਡੀਗੜ੍ਹ, 1 ਅਕਤੂਬਰ
ਪੰਜਾਬ ਦੇ ਹੁਣ ਤੱਕ ਜਿੰਨੇ ਵੀ ਮੁੱਖ ਮੰਤਰੀ ਰਹੇ ਹਨ, ਉਹ ਆਪਣੇ ਜੱਦੀ ਪਿੰਡਾਂ ਨੂੰ ਸਿਆਸੀ ਤੌਰ ’ਤੇ ਇੱਕੋ ਧਾਗੇ ਵਿਚ ਨਹੀਂ ਬੰਨ੍ਹ ਸਕੇ। ਇਨ੍ਹਾਂ ਸਿਆਸੀ ਹਸਤੀਆਂ ਦੇ ਪਿੰਡ ਧੜੇਬੰਦੀ ਦਾ ਸ਼ਿਕਾਰ ਰਹੇ ਅਤੇ ਪੰਚਾਇਤਾਂ ਚੋਣਾਂ ਵੇਲੇ ਸਰਬਸੰਮਤੀ ਵਾਲਾ ਮਾਹੌਲ ਕਦੇ ਨਹੀਂ ਬਣ ਸਕਿਆ। ਪੰਜਾਬ ਸਰਕਾਰ ਨੇ ਐਤਕੀਂ ਪੰਜ ਸਾਬਕਾ ਮੁੱਖ ਮੰਤਰੀਆਂ ਦੇ ਪਿੰਡਾਂ ਨੂੰ ਐੱਸਸੀ ਵਰਗ ਲਈ ਰਾਖਵਾਂ ਕਰ ਦਿੱਤਾ ਹੈ ਜਦਕਿ ਦੋ ਸਾਬਕਾ ਮੁੱਖ ਮੰਤਰੀਆਂ ਦੇ ਪਿੰਡ ਜਨਰਲ ਔਰਤਾਂ ਲਈ ਰਾਖਵੇਂ ਹਨ। ਮਰਹੂਮ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਮੁੱਖ ਮੰਤਰੀ ਰਹੇ ਅਤੇ ਉਨ੍ਹਾਂ ਨੇ ਆਪਣਾ ਰਾਜਸੀ ਸਫ਼ਰ ਪਿੰਡ ਦੀ ਸਰਪੰਚੀ ਤੋਂ ਸ਼ੁਰੂ ਕੀਤਾ। ਉਹ ਪਿੰਡ ਬਾਦਲ ਦੇ ਸਰਬਸੰਮਤੀ ਨਾਲ ਸਰਪੰਚ ਬਣੇ ਸਨ ਅਤੇ ਉਸ ਮਗਰੋਂ ਵਿਧਾਇਕ ਬਣੇ। ਮਰਹੂਮ ਬਾਦਲ ਦੀ ਸਰਪੰਚੀ ਮਗਰੋਂ ਪਿੰਡ ਬਾਦਲ ਵਿਚ ਕਦੇ ਵੀ ਪੰਚਾਇਤ ਦੀ ਸਰਬਸੰਮਤੀ ਵਾਲਾ ਮਾਹੌਲ ਨਹੀਂ ਬਣਿਆ। ਇਸ ਵਾਰ ਪੰਚਾਇਤ ਚੋਣਾਂ ਨੂੰ ਲੈ ਕੇ ਪਿੰਡ ਬਾਦਲ ਵਿਚ ਸਿਆਸੀ ਮਾਹੌਲ ਗਰਮਾ ਗਿਆ ਹੈ। ਪਿੰਡ ਬਾਦਲ ਦੀ ਸਰਪੰਚੀ ਇਸ ਵਾਰ ਐੱਸਸੀ ਵਰਗ ਲਈ ਰਾਖਵੀਂ ਹੈ।
ਮਰਹੂਮ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਦਾ ਜੱਦੀ ਪਿੰਡ ਸਰਾਏਨਾਗਾ ਹੈ ਜਿੱਥੇ ਸਰਪੰਚੀ ਦਾ ਅਹੁਦਾ ਐਤਕੀਂ ਰਾਖਵਾਂ ਹੈ। ਇੱਥੇ ਲੰਮੇ ਅਰਸੇ ਤੋਂ ਕਦੇ ਸਰਪੰਚ ਦੀ ਸਰਬਸੰਮਤੀ ਨਹੀਂ ਹੋਈ। ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦਾ ਪਿੰਡ ਮਹਿਰਾਜ ਹੁਣ ਨਗਰ ਪੰਚਾਇਤ ਬਣ ਚੁੱਕਾ ਹੈ ਅਤੇ ਇਸ ਤੋਂ ਪਹਿਲਾਂ ਮਹਿਰਾਜ ਵਿਚ ਚਾਰ ਪੰਚਾਇਤਾਂ ਸਨ, ਜੋ ਜ਼ਿਆਦਾ ਸਮਾਂ ਸਰਬਸੰਮਤੀ ਤੋਂ ਦੂਰ ਰਹੀਆਂ।
ਮਰਹੂਮ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਦਾ ਜੱਦੀ ਪਿੰਡ ਧੌਲ਼ਾ ਹੈ ਜੋ ਇਸ ਵਾਰ ਜਨਰਲ ਔਰਤ ਲਈ ਰਾਖਵਾਂ ਹੈ। ਇਸ ਪਿੰਡ ਵਿਚ ਜ਼ਿਆਦਾ ਮੌਕਿਆਂ ’ਤੇ ਚੋਣਾਂ ਹੀ ਹੋਈਆਂ ਹਨ। ਸਾਬਕਾ ਮੁੱਖ ਮੰਤਰੀ ਮਰਹੂਮ ਲਛਮਣ ਸਿੰਘ ਗਿੱਲ ਦਾ ਜੱਦੀ ਪਿੰਡ ਚੂਹੜ ਚੱਕ ਜ਼ਿਲ੍ਹਾ ਮੋਗਾ ਵਿਚ ਪੈਂਦਾ ਹੈ। ਜਦੋਂ ਲਛਮਣ ਸਿੰਘ ਗਿੱਲ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਨੇ ਅਗਵਾਈ ਕਰਕੇ ਆਪਣੇ ਪਿੰਡ ਦਾ ਸਰਪੰਚ ਚੰਨਣ ਸਿੰਘ ਸਰਬਸੰਮਤੀ ਨਾਲ ਬਣਾਇਆ ਸੀ ਅਤੇ ਉਸ ਮਗਰੋਂ ਕਦੇ ਵੀ ਚੂਹੜਚੱਕ ਵਿਚ ਸਰਬਸੰਮਤੀ ਨਹੀਂ ਹੋਈ। ਦਿਲਚਸਪ ਤੱਥ ਹਨ ਕਿ ਇਸ ਪਿੰਡ ਦੇ ਜੰਮਪਲ ਸਾਬਕਾ ਨਾਸਾ ਵਿਗਿਆਨੀ ਸੁਰਿੰਦਰ ਸ਼ਰਮਾ ਨੇ ਹੁਣ ਐਲਾਨ ਕੀਤਾ ਹੈ ਕਿ ਚੂਹੜਚੱਕ ਆਪਣੀ ਪੰਚਾਇਤ ਸਰਬਸੰਮਤੀ ਨਾਲ ਬਣਾਏਗਾ ਤਾਂ ਉਹ 21 ਲੱਖ ਰੁਪਏ ਦੀ ਗਰਾਂਟ ਵਿਕਾਸ ਲਈ ਨਿੱਜੀ ਤੌਰ ’ਤੇ ਦੇਣਗੇ।
ਮਰਹੂਮ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦਾ ਜੱਦੀ ਪਿੰਡ ਬਿਲਾਸਪੁਰ (ਨੇੜੇ ਰਾੜਾ ਸਾਹਿਬ) ਸੀ, ਜਿੱਥੋਂ ਦੇ ਬੇਅੰਤ ਸਿੰਘ 1960 ਦੇ ਆਸ-ਪਾਸ ਸਰਪੰਚ ਚੁਣੇ ਗਏ ਸਨ। ਮਗਰੋਂ ਉਹ ਪਿੰਡ ਕੋਟਲੀ ਨੇੜੇ ਪਾਇਲ ਵੱਸ ਗਏ ਸਨ। ਪਿੰਡ ਕੋਟਲੀ ਦੀ ਪੰਚਾਇਤ ਹਮੇਸ਼ਾ ਸਰਬਸੰਮਤੀ ਨਾਲ ਚੁਣੀ ਜਾਂਦੀ ਰਹੀ ਹੈ ਅਤੇ ਇਹ ਪਿੰਡ ਐਤਕੀਂ ਐੱਸਸੀ ਔਰਤ ਲਈ ਰਾਖਵਾਂ ਹੈ।
ਸਾਬਕਾ ਮੁੱਖ ਮੰਤਰੀ ਜਸਟਿਸ ਗੁਰਨਾਮ ਸਿੰਘ ਦਾ ਜੱਦੀ ਪਿੰਡ ਨਾਰੰਗਵਾਲ ਵੀ ਇਸ ਵਾਰ ਜਨਰਲ ਵਰਗ ਲਈ ਰਾਖਵਾਂ ਹੈ, ਜਦਕਿ ਸਾਬਕਾ ਮੁੱਖ ਮੰਤਰੀ ਮਰਹੂਮ ਗਿਆਨੀ ਜੈਲ ਸਿੰਘ ਜੋ ਕਿ ਬਾਅਦ ਵਿਚ ਰਾਸ਼ਟਰਪਤੀ ਵੀ ਰਹੇ, ਦਾ ਜੱਦੀ ਪਿੰਡ ਸੰਧਵਾਂ ਐਤਕੀਂ ਐੱਸਸੀ ਵਰਗ ਲਈ ਰਾਖਵਾਂ ਹੈ। ਅਕਾਲੀ ਹਕੂਮਤ ਸਮੇਂ ਪਿੰਡ ਸੰਧਵਾਂ ’ਚ ਸਰਪੰਚ ਕਾਕਾ ਸਿੰਘ ਸਰਬਸੰਮਤੀ ਨਾਲ ਸਰਪੰਚ ਬਣਿਆ ਸੀ। ਸਾਬਕਾ ਮੁੱਖ ਮੰਤਰੀ ਦਰਬਾਰਾ ਸਿੰਘ ਦਾ ਪਿੰਡ ਜੰਡਿਆਲਾ ਮੰਜਕੀ ਇਸ ਵਾਰ ਜਨਰਲ ਵਰਗ ਲਈ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਪਿੰਡ ਮਕਰੋੜਾ ਕਲਾਂ ਵੀ ਐੱਸਸੀ ਲਈ ਰਾਖਵਾਂ ਹੈ।
ਭਗਵੰਤ ਮਾਨ ਤੇ ਭੱਠਲ ਦੇ ਪਿੰਡਾਂ ਵਿੱਚ ਸਰਬਸੰਮਤੀ ਬਣਨ ਦੇ ਆਸਾਰ
ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਦੇ ਪਿੰਡ ਸਤੌਜ ਦੀ ਸਰਪੰਚੀ ਇਸ ਵਾਰ ਜਨਰਲ ਵਰਗ ਵਾਸਤੇ ਰਾਖਵੀਂ ਹੈ। ਪਿੰਡ ਸਤੌਜ ਵਿਚ ਮੌਜੂਦਾ ਚੋਣਾਂ ਨੂੰ ਲੈ ਕੇ ਸਰਬਸੰਮਤੀ ਵਾਲਾ ਮਾਹੌਲ ਬਣ ਰਿਹਾ ਹੈ ਅਤੇ ਪਿੰਡ ਦਾ ਦੋ ਵਾਰ ਇਕੱਠ ਵੀ ਹੋ ਚੁੱਕਾ ਹੈ। ਇਸ ਤੋਂ ਪਹਿਲਾਂ ਪਿੰਡ ਸਤੌਜ ਵਿਚ ਲੰਮੇ ਅਰਸੇ ਤੋਂ ਪੰਚਾਇਤ ਸਰਬਸੰਮਤੀ ਨਾਲ ਨਹੀਂ ਬਣੀ। ਇਸੇ ਤਰ੍ਹਾਂ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਦਾ ਪਿੰਡ ਚੰਗਾਲੀਵਾਲਾ (ਲਹਿਰਾਗਾਗਾ) ਐਤਕੀਂ ਜਨਰਲ ਵਰਗ ਲਈ ਹੈ ਪਰ ਇਸ ਪਿੰਡ ਵਿਚ ਕਦੇ ਸਰਬਸੰਮਤੀ ਨਹੀਂ ਹੋਈ। ਪਤਾ ਲੱਗਾ ਹੈ ਕਿ ਇਸ ਵਾਰ ਪੰਚਾਇਤ ਦੀ ਸਰਬਸੰਮਤੀ ਵਾਸਤੇ ਪਿੰਡ ਦੇ ਲੋਕ ਵਾਹ ਲਾ ਰਹੇ ਹਨ।