ਪੰਚਾਇਤ ਚੋਣਾਂ: ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਦੀ ਗੱਡੀ ਦੀ ਭੰਨ-ਤੋੜ
ਮਨੋਜ ਸ਼ਰਮਾ
ਬਠਿੰਡਾ, 15 ਅਕਤੂਬਰ
ਇਸ ਜ਼ਿਲ੍ਹੇ ਦੇ ਪਿੰਡ ਆਕਲੀਆ ਕਲਾਂ ਵਿਚ ਪੰਚਾਇਤ ਚੋਣ ਦੌਰਾਨ ਆਮ ਆਦਮੀ ਪਾਰਟੀ ਦੇ ਆਗੂ ਅਤੇ ਟਰੱਕ ਯੂਨੀਅਨ ਗੋਨਿਆਣਾ ਦੇ ਪ੍ਰਧਾਨ ਹਰਪ੍ਰੀਤ ਸਿੰਘ ਦੀ ਗੱਡੀ ਦੀ ਭੰਨਤੋੜ ਕੀਤੀ ਗਈ। ਇਹ ਭੰਨਤੋੜ ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਗਈ ਹੈ, ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ।
ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਾਲਾ ਸਿੰਘ ਦੀ ਮਦਦ ਕਰ ਰਿਹਾ ਸੀ। ਅੱਜ ਸਵੇਰੇ 11.30 ਵਜੇ ਜਦੋਂ ਉਸ ਦਾ ਭਰਾ ਜਸਪ੍ਰੀਤ ਸਿੰਘ ਆਪਣੀ ਕਾਰ ਰਾਹੀਂ ਵੋਟਾਂ ਭੁਗਤਾ ਰਿਹਾ ਸੀ ਤਾਂ ਇਸ ਦੌਰਾਨ ਪਿੰਡ ਦੇ ਕੁਝ ਨੌਜਵਾਨਾਂ ਨੇ ਹਥਿਆਰਾਂ ਤੇ ਡੰਡਿਆਂ ਨਾਲ ਹਮਲਾ ਕਰਦੇ ਹੋਏ ਗੱਡੀ ਦੀ ਭੰਨਤੋੜ ਕੀਤੀ। ਇਸ ਮੌਕੇ ਉਸ ਦੇ ਭਰਾ ਨੇ ਭੱਜ ਕੇ ਆਪਣੀ ਜਾਨ ਬਚਾਈ। ਘਟਨਾ ਤੋਂ ਬਾਅਦ ਡੀਐੱਸਪੀ ਕਰਮਜੀਤ ਸਿੰਘ ਮੌਕੇ ’ਤੇ ਪੁੱਜੇ। ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮੁੱਖ ਚੋਣ ਕਮਿਸ਼ਨਰ ਪੰਜਾਬ ਅਤੇ ਚੋਣ ਕਮਿਸ਼ਨਰ ਬਠਿੰਡਾ ਨੂੰ ਹਿੰਸਾ ਦੇ ਵੇਰਵੇ ਭੇਜ ਦਿੱਤੇ ਗਏ ਹਨ। ਥਾਣਾ ਨੇਹੀਆਂ ਵਾਲਾ ਦੇ ਮੁਖੀ ਦਾ ਕਹਿਣਾ ਹੈ ਕਿ ਘਟਨਾ ਦੀ ਤਫਤੀਸ਼ ਕੀਤੀ ਜਾ ਰਹੀ ਹੈ। ਡੀਐੱਸਪੀ ਕਰਮਜੀਤ ਸਿੰਘ ਨੇ ਕਿਹਾ ਕਿ ਵੀਡੀਓ ਵਿੱਚ ਕਾਰ ਭੰਨਣ ਵਾਲੇ ਸ਼ਰਾਰਤੀ ਅਨਸਰਾਂ ਵਿੱਚੋਂ ਤਿੰਨ ਨੌਜਵਾਨਾਂ ਦੀ ਸ਼ਨਾਖ਼ਤ ਕਰ ਲਈ ਗਈ ਹੈ ਤੇ ਬਾਕੀਆਂ ਦੀ ਪਛਾਣ ਵੀ ਜਲਦੀ ਕਰ ਲਈ ਜਾਵੇਗੀ। ਪਿੰਡ ਵਿੱਚ ਰਾਖਵੀਂ ਸਰਪੰਚੀ ਲਈ ਚੋਣ ਲੜੀ ਜਾ ਰਹੀ ਹੈ, ਜਿਸ ਵਿੱਚ ਲਖਬੀਰ ਸਿੰਘ, ਕਾਲਾ ਸਿੰਘ, ਸੁਰਜੀਤ ਸਿੰਘ ਚੋਣ ਲੜ ਰਹੇ ਹਨ।
ਪਿੰਡ ਬੁੱਟਰ ਰੌਸ਼ਨ ਸ਼ਾਹਵਾਲਾ ਵਿੱਚ ‘ਆਪ’ ਦੇ ਦੋ ਧੜਿਆਂ ’ਚ ਤਕਰਾਰ; ਇਕ ਜ਼ਖ਼ਮੀ
ਜ਼ੀਰਾ (ਹਰਮੇਸ਼ਪਾਲ ਨੀਲੇਵਾਲ):
ਇੱਥੋਂ ਦੇ ਪਿੰਡ ਬੁੱਟਰ ਰੌਸ਼ਨ ਸ਼ਾਹਵਾਲਾ ਵਿਚ ਸਰਪੰਚੀ ਦੀਆਂ ਵੋਟਾਂ ਦੌਰਾਨ ਲੜਾਈ ’ਚ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਸਿਵਲ ਹਸਪਤਾਲ ਜ਼ੀਰਾ ਵਿਚ ਇਲਾਜ ਅਧੀਨ ਸਤਪਾਲ ਸਿੰਘ (58) ਪੁੱਤਰ ਅਨੋਖ ਸਿੰਘ ਨੇ ਦੱਸਿਆ ਕਿ ਉਹ ਆਮ ਆਦਮੀ ਪਾਰਟੀ ਵੱਲੋਂ ਪੰਚ ਦੀ ਚੋਣ ਲੜ ਰਹੀ ਮਨਜੀਤ ਕੌਰ ਦੇ ਹੱਕ ਵਿੱਚ ਵੋਟਾਂ ਭੁਗਤਾ ਰਹੇ ਸਨ ਕਿ ਆਮ ਆਦਮੀ ਪਾਰਟੀ ਦੇ ਹੀ ਦੂਜੇ ਧੜੇ ਦੇ ਅੱਠ ਦੇ ਕਰੀਬ ਵਿਅਕਤੀਆਂ ਨੇ ਉਸ ’ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਸਤਪਾਲ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਜ਼ੀਰਾ ਲਿਆਂਦਾ ਗਿਆ। ਸਤਪਾਲ ਸਿੰਘ ਨੇ ਦੱਸਿਆ ਕਿ ‘ਆਪ’ ਦੇ ਦੂਜੇ ਧੜੇ ਵੱਲੋਂ ਉਨ੍ਹਾਂ ਨਾਲ ਧੱਕੇਸ਼ਾਹੀ ਕੀਤੀ ਗਈ। ਇਸ ਸਬੰਧੀ ਥਾਣਾ ਸਦਰ ਜ਼ੀਰਾ ਪੁਲੀਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ।