For the best experience, open
https://m.punjabitribuneonline.com
on your mobile browser.
Advertisement

ਪੰਚਾਇਤ ਚੋਣਾਂ: ‘ਆਪ’ ਵੱਲੋਂ 58 ਫ਼ੀਸਦ ਉਮੀਦਵਾਰਾਂ ਨੂੰ ਥਾਪੜਾ

09:36 AM Oct 10, 2024 IST
ਪੰਚਾਇਤ ਚੋਣਾਂ  ‘ਆਪ’ ਵੱਲੋਂ 58 ਫ਼ੀਸਦ ਉਮੀਦਵਾਰਾਂ ਨੂੰ ਥਾਪੜਾ
Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 9 ਅਕਤੂਬਰ
ਬੇਸ਼ੱਕ ਪੰਚਾਇਤ ਚੋਣਾਂ ’ਚ ਉਮੀਦਵਾਰ ਕਿਸੇ ਪਾਰਟੀ ਦੇ ਚੋਣ ਨਿਸ਼ਾਨ ’ਤੇ ਚੋਣਾਂ ਨਹੀਂ ਲੜ ਰਹੇ ਹਨ ਪਰ ਸਿਆਸੀ ਧਿਰਾਂ ਨੇ ਆਪੋ-ਆਪਣੇ ਉਮੀਦਵਾਰ ਮੈਦਾਨ ’ਚ ਉਤਾਰੇ ਹਨ। ਅਹਿਮ ਸੂਚਨਾ ਅਨੁਸਾਰ ਪੰਜਾਬ ਭਰ ’ਚ 58 ਫ਼ੀਸਦੀ ਉਮੀਦਵਾਰ, ਜੋ ਚੋਣ ਮੈਦਾਨ ’ਚ ਹਨ ਜਾਂ ਸਰਬਸੰਮਤੀ ਨਾਲ ਚੁਣੇ ਜਾ ਚੁੱਕੇ ਹਨ, ਦਾ ਤੁਅੱਲਕ ਆਮ ਆਦਮੀ ਪਾਰਟੀ ਨਾਲ ਹੈ। ਪੰਜਾਬ ਸਰਕਾਰ ਤਰਫ਼ੋਂ ਇੱਕ ਖ਼ੁਫ਼ੀਆ ਰਿਪੋਰਟ ਤਿਆਰ ਕੀਤੀ ਗਈ ਹੈ, ਜਿਸ ’ਚ ਇਹ ਅੰਕੜਾ ਸਾਹਮਣੇ ਆਇਆ ਹੈ। ਪੰਜਾਬ ਪੁਲੀਸ ਦੇ ਖ਼ੁਫ਼ੀਆ ਵਿੰਗ ਨੇ ਦੋ ਦਿਨਾਂ ਤੋਂ ਇਹ ਵੇਰਵੇ ਇਕੱਤਰ ਕਰਨੇ ਸ਼ੁਰੂ ਕੀਤੇ ਹੋਏ ਹਨ ਅਤੇ ਸ਼ਾਮ ਤੱਕ ਜੋ ਵੇਰਵੇ ਸਾਹਮਣੇ ਆਏ ਹਨ, ਉਸ ਅਨੁਸਾਰ ਸੂਬੇ ਵਿਚ ਸਭ ਤੋਂ ਵੱਧ ਸੱਤਾਧਾਰੀ ਧਿਰ ਦੇ 58 ਫ਼ੀਸਦੀ ਉਮੀਦਵਾਰ ਹਨ। ਦੂਸਰੇ ਨੰਬਰ ’ਤੇ 18 ਫ਼ੀਸਦੀ ਉਮੀਦਵਾਰ ਕਾਂਗਰਸ ਨਾਲ ਸਬੰਧਤ ਹਨ ਜਦੋਂ ਕਿ 16 ਫ਼ੀਸਦੀ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਨਾਲ ਤੁਅੱਲਕ ਰੱਖਦੇ ਹਨ। ਭਾਜਪਾ ਦੇ ਸਿਰਫ਼ 8 ਫ਼ੀਸਦੀ ਹੀ ਉਮੀਦਵਾਰ ਹਨ। ਸਰਕਾਰੀ ਹਲਕੇ ਇਸ ਗੱਲ ਤੋਂ ਇਨਕਾਰ ਕਰਦੇ ਹਨ ਪਰ ਚੋਣ ਮੈਦਾਨ ’ਚ ਡਟੇ ਇਨ੍ਹਾਂ ਉਮੀਦਵਾਰਾਂ ਨੂੰ ਕਿਸੇ ਨਾ ਕਿਸੇ ਸਿਆਸੀ ਧਿਰ ਦਾ ਥਾਪੜਾ ਹੈ। ਪੰਜਾਬ ਕਾਂਗਰਸ ਆਖ ਚੁੱਕੀ ਹੈ ਕਿ ਕਈ ਹਲਕਿਆਂ ਵਿਚ ਉਨ੍ਹਾਂ ਦੀ ਪਾਰਟੀ ਨਾਲ ਸਬੰਧਤ ਪੰਚਾਂ ਸਰਪੰਚਾਂ ਨੂੰ ਨਾਮਜ਼ਦਗੀ ਪੱਤਰ ਦਾਖਲ ਹੀ ਨਹੀਂ ਕਰਨ ਦਿੱਤੇ ਗਏ। ਹਾਕਮ ਧਿਰ ਵੀ ਬਹੁਤੇ ਪਿੰਡਾਂ ਵਿਚ ਆਪਣੇ ਉਮੀਦਵਾਰ ਉਤਾਰ ਨਹੀਂ ਸਕੀ। ਇਨ੍ਹਾਂ ਚੋਣਾਂ ਆਮ ਆਦਮੀ ਪਾਰਟੀ ਦੀ ਦਿਲਚਸਪੀ ਜ਼ਿਆਦਾ ਹੈ ਕਿਉਂਕਿ ਹਕੂਮਤ ਦੌਰਾਨ ਪਾਰਟੀ ਦੀ ਪਹਿਲੀ ਪੰਚਾਇਤੀ ਚੋਣ ਹੈ। ਪਤਾ ਲੱਗਾ ਹੈ ਕਿ ਖ਼ੁਫ਼ੀਆ ਵਿੰਗ ਨੇ ਵਿਸਥਾਰ ਵਿਚ ਅੰਕੜਾ ਇਕੱਠਾ ਕੀਤਾ ਹੈ।
ਸਿਆਸੀ ਹਲਕੇ ਆਖਦੇ ਹਨ ਕਿ ‘ਆਪ’ ਇਹ ਦੇਖਣਾ ਚਾਹੁੰਦੀ ਹੈ ਕਿ ਉਨ੍ਹਾਂ ਦੀ ਪਾਰਟੀ ਦੇ ਥਾਪੜੇ ਵਾਲੇ ਕਿੰਨੇ ਉਮੀਦਵਾਰ ਚੋਣ ਲੜ ਰਹੇ ਹਨ। ਚੋਣਾਂ ਹੋਣ ਮਗਰੋਂ ਕਿੰਨੇ ਉਮੀਦਵਾਰਾਂ ਨੂੰ ਜਿੱਤ ਹਾਸਲ ਹੁੰਦੀ ਹੈ, ਇਸ ਬਾਰੇ ਵੀ ਮਗਰੋਂ ਪਾਰਟੀ ਨਤੀਜਾ ਕਾਰਡ ਤਿਆਰ ਕਰੇਗੀ। ਅਹਿਮ ਸੂਤਰ ਦੱਸਦੇ ਹਨ ਕਿ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ‘ਆਪ’ ਵਿਧਾਇਕਾਂ ਵੱਲੋਂ ਕਿੰਨੇ ਅਕਾਲੀਆਂ ਅਤੇ ਕਾਂਗਰਸੀਆਂ ’ਚੋਂ ਆਏ ਲੋਕਾਂ ਨੂੰ ਸਰਪੰਚੀ ਜਾਂ ਪੰਚੀ ਲਈ ਆਮ ਆਦਮੀ ਪਾਰਟੀ ਤਰਫ਼ੋਂ ਉਮੀਦਵਾਰ ਬਣਾਇਆ ਗਿਆ ਹੈ।
ਕੁੱਝ ਵਿਧਾਇਕਾਂ ਨੇ ‘ਆਪ’ ਵਰਕਰਾਂ ਤੇ ਆਗੂਆਂ ਨੂੰ ਨਜ਼ਰਅੰਦਾਜ਼ ਕਰਕੇ ਦੂਸਰੀਆਂ ਪਾਰਟੀਆਂ ’ਚੋਂ ਰਾਤੋਂ ਰਾਤ ‘ਆਪ’ ਵਿਚ ਆਏ ਆਗੂਆਂ ਨੂੰ ਥਾਪੜਾ ਦਿੱਤਾ ਹੈ। ਵਿਰੋਧੀ ਧਿਰਾਂ ਵੱਲੋਂ ਪਿਛਲੇ ਕੁੱਝ ਦਿਨਾਂ ਤੋਂ ਪੰਚਾਇਤ ਚੋਣਾਂ ਵਿਚ ਧਾਂਦਲੀਆਂ ਹੋਣ ਦਾ ਇਲਜ਼ਾਮ ਲਾਇਆ ਜਾ ਰਿਹਾ ਹੈ ਅਤੇ ਇਸ ਮਾਮਲੇ ’ਤੇ ਧਰਨੇ ਮੁਜ਼ਾਹਰੇ ਕੀਤੇ ਜਾ ਰਹੇ ਹਨ।

Advertisement

Advertisement
Advertisement
Author Image

Advertisement