ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸ਼ਾਂਤੀਪੂਰਵਕ ਨਿੱਬੜਿਆ ਪੰਚਾਇਤ ਚੋਣ ਅਮਲ

07:03 AM Oct 16, 2024 IST
ਡੇਰਾਬਸੀ ਦੇ ਪਿੰਡ ਭਾਂਖਰਪੁਰ ਵਿੱਚ ਵੋਟ ਪਾਉਣ ਲਈ ਕਤਾਰਾਂ ਵਿੱਚ ਲੱਗੇ ਹੋਏ ਲੋਕ। -ਫੋਟੋ: ਨਿਤਿਨ ਮਿੱਤਲ

ਦਰਸ਼ਨ ਸਿੰਘ ਸੋਢੀ
ਐਸਏਐਸ ਨਗਰ (ਮੁਹਾਲੀ), 15 ਅਕਤੂਬਰ
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ 266 ਗ੍ਰਾਮ ਪੰਚਾਇਤ ਚੋਣਾਂ ਦਾ ਕੰਮ ਅਮਨ-ਅਮਾਨ ਨਾਲ ਨੇਪਰੇ ਚੜਿ੍ਹਆ। ਮੁਹਾਲੀ ਜ਼ਿਲ੍ਹੇ ਵਿੱਚ 76.93 ਫ਼ੀਸਦੀ ਮਤਦਾਨ ਹੋਇਆ। ਡੇਰਾਬੱਸੀ ਬਲਾਕ ’ਚ ਸਭ ਤੋਂ ਵੱਧ 81.04 ਫ਼ੀਸਦੀ ਤੇ ਮੁਹਾਲੀ ’ਚ ਸਭ ਤੋਂ ਘੱਟ 68.12 ਫ਼ੀਸਦੀ ਮਤਦਾਨ ਹੋਇਆ। ਸਵੇਰੇ ਅੱਠ ਵਜੇ ਵੋਟਾਂ ਪੈਣ ਦਾ ਕੰਮ ਸ਼ੁਰੂ ਹੋਇਆ ਅਤੇ 9 ਵਜੇ ਤੱਕ ਕਈ ਪਿੰਡਾਂ ਦੇ ਬੂਥਾਂ ’ਤੇ ਟਾਵੇਂ ਟਾਵੇਂ ਲੋਕ ਵੋਟ ਪਾਉਣ ਆ ਰਹੇ ਸੀ। ਸਵੇਰੇ 10 ਵਜੇ ਤੱਕ ਮੁਹਾਲੀ ਵਿੱਚ ਸਿਰਫ਼ 7 ਫੀਸਦੀ ਮਤਦਾਨ ਹੋਇਆ ਜੋ ਬਾਕੀ ਬਲਾਕਾਂ ਨਾਲੋਂ ਸਭ ਤੋਂ ਘੱਟ ਸੀ। ਮਾਜਰੀ ਬਲਾਕ ਵਿੱਚ ਸਭ ਤੋਂ ਵੱਧ 16 ਫ਼ੀਸਦੀ, ਖਰੜ ਵਿੱਚ 15 ਫ਼ੀਸਦੀ ਅਤੇ ਡੇਰਾਬੱਸੀ ਵਿੱਚ 14.7 ਫ਼ੀਸਦੀ ਵੋਟਾਂ ਪਈਆਂ ਸਨ। ਦੁਪਹਿਰ 12 ਵਜੇ ਤੱਕ ਮੁਹਾਲੀ ਬਲਾਕ ਦੇ ਪਿੰਡਾਂ ਵਿੱਚ 26.17 ਫੀਸਦੀ ਵੋਟਾਂ ਪਈਆਂ। ਸ਼ਾਮ 4 ਵਜੇ ਗੇਟ ਬੰਦ ਤੋਂ ਪਹਿਲਾਂ ਤੱਕ 65.15 ਫੀਸਦੀ ਵੋਟਾਂ ਪੈ ਚੁੱਕੀਆਂ ਸਨ। ਮੁਹਾਲੀ ਸਮੇਤ ਸਮੁੱਚੇ ਜ਼ਿਲ੍ਹੇ ਵਿੱਚ 46 ਅਤਿ-ਸੰਵੇਦਨਸ਼ੀਲ ਅਤੇ 103 ਸੰਵੇਦਨਸ਼ੀਲ ਪੋਲਿੰਗ ਬੂਥ ਐਲਾਨੇ ਗਏ ਸਨ। ਇੱਥੇ ਵੀਡੀਓਗਰਾਫ਼ੀ ਅਤੇ ਸੀਸੀਟੀਵੀ ਕੈਮਰੇ ਦੀ ਵਿਵਸਥਾ ਵੀ ਕੀਤੀ ਗਈ। ਚੌਧਰੀਆਂ ਦੇ ਪਿੰਡ ਸਨੇਟਾ ਵਿੱਚ ਦੇਰ ਸ਼ਾਮ ਤੱਕ ਵੋਟਿੰਗ ਜਾਰੀ ਸੀ।
ਇਸ ਤੋਂ ਪਹਿਲਾਂ ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਆਸ਼ਿਕਾ ਜੈਨ, ਐੱਸਐੱਸਪੀ ਦੀਪਕ ਪਾਰਿਕ ਅਤੇ ਏਡੀਸੀ (ਵਿਕਾਸ) ਸ੍ਰੀਮਤੀ ਸੋਨਮ ਚੌਧਰੀ ਨੇ ਵੀ ਵੱਖ-ਵੱਖ ਪੋਲਿੰਗ ਬੂਥਾਂ ਦਾ ਦੌਰਾ ਕਰਕੇ ਮਤਦਾਨ ਪ੍ਰਕਿਰਿਆ ਦਾ ਜਾਇਜ਼ਾ ਲਿਆ।
ਖਰੜ (ਸ਼ਸ਼ੀ ਪਾਲ ਜੈਨ): ਖਰੜ ਬਲਾਕ ਵਿੱਚ ਅੱਜ ਪੰਚਾਇਤਾਂ ਦੀਆਂ ਚੋਣਾਂ ਅਮਨ-ਸ਼ਾਂਤੀ ਨਾਲ ਮੁਕੰਮਲ ਹੋ ਗਈਆਂ। ਜਾਣਕਾਰੀ ਅਨੁਸਾਰ 64 ਫ਼ੀਸਦੀ ਤੋਂ ਵੱਧ ਵੋਟਰਾਂ ਨੇ ਆਪਣੇ ਅਧਿਕਾਰ ਦੀ ਵਰਤੋਂ ਕੀਤੀ। ਐੱਸਡੀਐੱਮ ਗੁਰਮੰਦਰ ਸਿੰਘ ਅਤੇ ਡੀਐੱਸਪੀ ਕਰਨ ਸਿੰਘ ਸੰਧੂ ਨੇ ਵੋਟਾਂ ਪੈਣ ਦੇ ਕੰਮ ਦੀ ਨਿਗਰਾਨੀ ਕੀਤੀ।
ਇਸੇ ਦੌਰਾਨ ਪਿੰਡ ਰਸ਼ਨਹੇੜੀ ਵਿੱਚ ਚਰਨ ਸਿੰਘ ਨੇ ਦੱਸਿਆ ਕਿ ਉਸ ਦੇ ਪਿੰਡ ਵਿੱਚ ਕਈ ਫੌਤ ਹੋ ਚੁੱਕੇ ਵਿਅਕਤੀਆਂ ਦੀਆਂ ਅੱਜ ਵੀ ਵੋਟਾਂ ਬਣੀਆਂ ਹੋਈਆਂ ਹਨ ਤੇ ਕਈ ਮੌਜੂਦਾ ਲੋਕਾਂ ਦੀਆਂ ਵੋਟਾਂ ਕੱਟੀਆਂ ਗਈਆਂ ਹਨ। ਨਿਆਮੀਆਂ ਦੇ ਜਸਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਪਿੰਡ ਦੀ ਵੋਟਰ ਸੂਚੀ ’ਚ 70-80 ਮਰੇ ਵਿਅਕਤੀ ਦੀਆਂ ਅੱਜ ਵੀ ਵੋਟਾਂ ਸ਼ਾਮਲ ਹਨ।
ਮੋਰਿੰਡਾ (ਸੰਜੀਵ ਤੇਜਪਾਲ): ਮੋਰਿੰਡਾ ਬਲਾਕ ਵਿੱਚ ਹੋਈਆਂ ਪੰਚਾਇਤੀ ਚੋਣਾਂ ਲਈ 75 ਫ਼ੀਸਦੀ ਤੋਂ ਵੱਧ ਵੋਟਾਂ ਪੋਲ ਹੋਈਆਂ ਹਨ। ਖ਼ਬਰ ਲਿਖੇ ਜਾਣ ਤੱਕ ਦੀ ਕਈ ਬੂਥਾਂ ’ਤੇ ਕਤਾਰਾਂ ਲੱਗੀਆਂ ਹੋਈਆਂ ਸਨ। ਕਈ ਪਿੰਡਾਂ ਵਿੱਚ 80 ਫ਼ੀਸਦੀ ਤੋਂ ਵੱਧ ਵੋਟਾਂ ਪੋਲ ਹੋਈਆਂ। ਬਲਾਕ ਦੇ 49 ਪਿੰਡਾਂ ਵਿੱਚ ਸ਼ਾਂਤਮਈ ਤਰੀਕੇ ਨਾਲ ਵੋਟਾਂ ਪਈਆਂ। ਬਲਾਕ ਦੇ 14 ਪਿੰਡਾਂ ਵਿੱਚ ਪਹਿਲਾਂ ਹੀ ਸਰਬਸੰਮਤੀ ਨਾਲ ਪੰਚਾਇਤਾਂ ਦੀ ਚੋਣ ਹੋ ਚੁੱਕੀ ਹੈ।
ਫ਼ਤਹਿਗੜ੍ਹ ਸਾਹਿਬ/ਅਮਲੋਹ (ਡਾ. ਹਿਮਾਂਸ਼ੂ ਸੂਦ/ਰਾਮ ਸ਼ਰਨ ਸੂਦ): ਪੰਚਾਇਤ ਚੋਣਾਂ ਨੂੰ ਲੈ ਕੇ ਅੱਜ ਪਿੰਡਾਂ ਵਿਚ ਵਿਆਹ ਵਾਲਾ ਮਹੌਲ ਬਣਿਆ ਰਿਹਾ। ਜ਼ਿਲ੍ਹੇ ਵਿਚ ਸਵੇਰੇ 10 ਵਜੇ ਤੱਕ 12.5 ਪ੍ਰਤੀਸ਼ਤ ਅਤੇ 2 ਵਜੇ ਤੱਕ 44.7 ਪ੍ਰਤੀਸ਼ਤ ਵੋਟਾਂ ਪੋਲ ਹੋ ਚੁੱਕੀਆਂ ਸਨ। ਡੀਸੀ ਡਾ. ਸੋਨਾ ਥਿੰਦ ਤੇ ਜ਼ਿਲ੍ਹਾ ਪੁਲੀਸ ਮੁਖੀ ਡਾ. ਰਵਜੋਤ ਗਰੇਵਾਲ ਨੇ ਦੱਸਿਆ ਕਿ ਪਿੰਡਾਂ ਵਿੱਚ ਅਮਨ-ਅਮਾਨ ਨਾਲ ਵੋਟਾਂ ਪਈਆਂ। ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਕਿਹਾ ਕਿ ‘ਆਪ’ ਨੇ ਧੱਕੇਸ਼ਾਹੀਆਂ ਦੇ ਪਿਛਲੇ ਸਾਰੇ ਰਿਕਾਰਡ ਮਾਤ ਕਰ ਦਿੱਤੇ ਹਨ। ਪਿੰਡ ਨਰੈਣਗੜ੍ਹ ’ਚ 95 ਸਾਲਾ ਬਚਨ ਸਿੰਘ ਅਤੇ 88 ਸਾਲਾ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਜਥੇਦਾਰ ਹਰਦਿਆਲ ਸਿੰਘ ਨਰੈਣਗੜ੍ਹ ਨੇ ਵੋਟ ਪਾਈ।
ਮੁੱਲਾਂਪੁਰ ਗਰੀਬਦਾਸ (ਚਰਨਜੀਤ ਸਿੰਘ ਚੰਨੀ): ਮੁੱਲਾਂਪੁਰ ਗਰੀਬਦਾਸ ਅਤੇ ਨਵਾਂ ਗਰਾਉਂ ਇਲਾਕੇ ਦੇ ਕਈ ਪਿੰਡਾਂ ਵਿੱਚ ਅੱਜ ਪੰਚਾਇਤੀ ਚੋਣਾਂ ਲਗਪਗ ਸ਼ਾਂਤੀਪੂਰਵਕ ਢੰਗ ਨਾਲ ਸਮਾਪਤ ਹੋਈਆਂ। ਮੁੱਲਾਂਪੁਰ ਗਰੀਬਦਾਸ ਵਿੱਚ 6 ਅਤੇ 7 ਨੰਬਰ ਵਾਲੇ ਪੋਲਿੰਗ ਬੂਥ ’ਤੇ ਸ਼ਾਮ 4 ਵਜੇ ਤੱਕ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਸਨ। ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਦੇ ਪੁੱਤਰ ਯਾਦਵਿੰਦਰ ਸਿੰਘ ਬੰਨੀ ਕੰਗ ਤੇ ਉਨ੍ਹਾਂ ਦੀ ਪਤਨੀ ਨਿਧੀ ਕੰਗ ਨੇ ਪਿੰਡ ਪੱਲਣਪੁਰ ਵਿੱਚ ਵੋਟ ਪਾਈ।
ਕੁਰਾਲੀ (ਮਿਹਰ ਸਿੰਘ): ਬਲਾਕ ਮਾਜਰੀ ਅਧੀਨ ਪੈਂਦੇ ਪਿੰਡਾਂ ਵਿੱਚ ਅੱਜ ਪੰਚਾਇਤ ਚੋਣਾਂ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਬਲਾਕ ਅਧੀਨ ਪੈਂਦੀਆਂ 101 ਪੰਚਾਇਤਾਂ ਵਿਚੋਂ 30 ਦੀ ਸਰਬਸੰਮਤੀ ਹੋਣ ਤੋਂ ਬਾਅਦ ਬਾਕੀ ਰਹਿੰਦੀਆਂ 71 ਪੰਚਾਇਤਾਂ ਲਈ ਅੱਜ ਵੋਟਾਂ ਪਈਆਂ। ਸਵੇਰ ਵੇਲੇ ਵੋਟਾਂ ਪਾਉਣ ਦਾ ਕੰਮ ਕੁਝ ਮੱਠਾ ਰਿਹਾ ਪਰ ਦੁਪਹਿਰ ਹੋਣ ਤੱਕ ਚੋਣਾਂ ਦੇ ਕੰਮ ਨੇ ਤੇਜ਼ੀ ਫੜੀ ਅਤੇ ਲੋਕਾਂ ਨੇ ਭਾਰੀ ਉਤਸ਼ਾਹ ਨਾਲ ਵੋਟਾਂ ਪਾਈਆਂ। ਇਸੇ ਦੌਰਾਨ ਬਲਾਕ ਦੇ ਪਿੰਡ ਅਭੀਪੁਰ ਦੇ ਨਤੀਜਿਆਂ ਵਿੱਚ ਅਮਰਜੀਤ ਕੌਰ ਜੇਤੂ ਰਹੀ ਹੈ। ਇਸ ਤੋਂ ਇਲਾਵਾ ਅਭੀਪੁਰ ਤੋਂ ਹਰਪ੍ਰੀਤ ਸਿੰਘ ਮਾਂਗਟ, ਕੁਲਬੀਰ ਸਿੰਘ ਮਾਂਗਟ, ਅਸਲਮ ਮੁਹੰਮਦ, ਦਲਵੀਰ ਕੌਰ ਪੰਚ ਚੁਣੇ ਗਏ।

Advertisement

ਪਿੰਡ ਓਇੰਦ ’ਚ 110 ਸਾਲਾ ਬੇਬੇ ਸੁਰਜੀਤ ਕੌਰ ਨੇ ਵੋਟ ਪਾਈ

ਸਿਆਹੀ ਦਾ ਨਿਸ਼ਾਨ ਦਿਖਾਉਂਦੀ ਹੋਈ ਬੇਬੇ ਸੁਰਜੀਤ ਕੌਰ।

ਚਮਕੌਰ ਸਾਹਿਬ (ਸੰਜੀਵ ਬੱਬੀ): ਪੰਚਾਇਤੀ ਚੋਣਾਂ ਦੌਰਾਨ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਲਾਕੇ ਦੇ ਪਿੰਡਾਂ ਕਸਬਾ ਬੇਲਾ, ਬਹਿਰਾਮਪੁਰ ਬੇਟ, ਭਲਿਆਣ, ਜਟਾਣਾ, ਦਾਊਦਪੁਰ, ਓਇੰਦ, ਸ਼ੇਖੂਪੁਰ, ਜਗਤਪੁਰ, ਲੱਖੇਵਾਲ, ਫ਼ਰੀਦ ਆਦਿ ਵਿੱਚ ਅਮਨ-ਆਮਨ ਨਾਲ ਵੋਟਾਂ ਪਈਆਂ। ਐੱਸਡੀਐੱਮ ਅਮਰੀਕ ਸਿੰਘ ਸਿੱਧੂ ਨੇ ਦੱਸਿਆ ਕਿ ਚਮਕੌਰ ਸਾਹਿਬ ਹਲਕੇ ਵਿੱਚ ਅੱਜ 4 ਵਜੇ ਤੱਕ 62 ਫ਼ੀਸਦੀ ਤੋਂ ਵੱਧ ਵੋਟਾਂ ਦੀ ਪੋਲਿੰਗ ਹੋਈ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਓਇੰਦ ਦੀ 110 ਸਾਲਾਂ ਦੀ ਬੀਬੀ ਸੁਰਜੀਤ ਕੌਰ ਨੇ ਆਪਣੇ ਵੋਟ ਦਾ ਇਸਤੇਮਾਲ ਕੀਤਾ।

ਡੀਆਈਜੀ ਵੱਲੋਂ ਵੱਖ-ਵੱਖ ਪਿੰਡਾਂ ਦਾ ਦੌਰਾ

ਡੇਰਾਬੱਸੀ (ਹਰਜੀਤ ਸਿੰਘ): ਸਬ-ਡਿਵੀਜ਼ਨ ਡੇਰਾਬੱਸੀ ਵਿੱਚ ਪੰਚਾਇਤੀ ਚੋਣਾਂ ਅਮਨ-ਅਮਾਨ ਨਾਲ ਨਿਬੜੀਆਂ। ਇਲਾਕੇ ਦੇ ਕੁਝ ਪਿੰਡਾਂ ਵਿੱਚ ਛੋਟੀ ਮੋਟੀ ਤਕਰਾਰ ਤੋਂ ਇਲਾਵਾ ਹਲਕੇ ਦੇ ਸਾਰੇ ਪਿੰਡਾਂ ਵਿੱਚ ਸ਼ਾਂਤੀ ਬਣੀ ਰਹੀ। ਡੀਆਈਜੀ ਰੋਪੜ ਰੇਂਜ ਨਿਲੰਬਰੀ ਜਗਦਲੇ ਨੇ ਡੀਐੱਸਪੀ ਡੇਰਾਬੱਸੀ ਬਿਕਰਮਜੀਤ ਸਿੰਘ ਬਰਾੜ ਨਾਲ ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ। ਪਿੰਡ ਖੇੜੀ ਗੁਜਰਾਂ ਵਿਖੇ ਦਰਜਨਾਂ ਵੋਟਰਾਂ ਨੇ ਦੋਸ਼ ਲਾਇਆ ਕਿ ਲੋਕ ਸਭਾ ਵਿੱਚ ਉਨ੍ਹਾਂ ਵੱਲੋਂ ਆਪਣੀ ਵੋਟ ਦੀ ਵਰਤੋਂ ਕੀਤੀ ਗਈ ਸੀ ਪਰ ਪੰਚਾਇਤੀ ਚੋਣਾਂ ਵਿੱਚ ਉਨ੍ਹਾਂ ਦੀ ਵੋਟ ਕੱਟੀ ਹੋਈ ਸੀ। ਇਸ ਦੌਰਾਨ ਭਾਂਖਰਪੁਰ ’ਚ ਲੋਕਾਂ ਨੇ ਉਤਸ਼ਾਹ ਨਾਲ ਵੋਟਾਂ ਪਾਈਆਂ। ਪਿੰਡ ਤ੍ਰਿਵੇਦੀ ਕੈਂਪ ਵਿੱਚ ਸਰਪੰਚੀ ਦੇ ਦੋਵੇਂ ਉਮੀਦਵਾਰਾਂ ਪੋਲਿੰਗ ਸਟੇਸ਼ਨ ਦੇ ਗੇਟ ਅੱਗੇ ਖੜ੍ਹ ਕੇ ਵੋਟਾਂ ਦੀ ਅਪੀਲ ਕਰਨ ’ਤੇ ਤਕਰਾਰ ਹੋ ਗਈ। ਪਿੰਡ ਪਰਾਗਪੁਰ ਵਿਚ ਸਾਬਕਾ ਵਿਧਾਇਕ ਐਨਕੇ ਸ਼ਰਮਾ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਸਰਪੰਚੀ ਦੇ ਉਮੀਦਵਾਰ ਗੁਰਪ੍ਰੀਤ ਪਰਾਗਪੁਰ ਨੂੰ ਪੁਲੀਸ ਨੇ ਧੱਕੇ ਨਾਲ ਪੋਲਿੰਗ ਸਟੇਸ਼ਨ ਵਿੱਚੋਂ ਬਾਹਰ ਕੱਢ ਦਿੱਤਾ। ਪੁਲੀਸ ਨੇ ਕਿਹਾ ਕਿ ਉਹ ਵੀਡਿਓਗ੍ਰਾਫੀ ਕਰ ਰਿਹਾ ਸੀ।

Advertisement

Advertisement