ਸਿੱਧੂਪੁਰ ’ਚ ਕਦੇ ਨਾ ਹੋਈ ਪੰਚਾਇਤੀ ਚੋਣ
ਪੱਤਰ ਪ੍ਰੇਰਕ
ਮਾਛੀਵਾੜਾ, 9 ਅਕਤੂਬਰ
ਲੁਧਿਆਣਾ ਜ਼ਿਲ੍ਹੇ ਦਾ ਪਿੰਡ ਸਿੱਧੂਪੁਰ, ਜਿਥੇ ਕਦੇ ਵੀ ਪੰਚਾਇਤ ਚੋਣ ਨਹੀਂ ਅਤੇ ਇੱਥੋਂ ਦੇ ਲੋਕਾਂ ਨੇ ਭਾਈਚਾਰਕ ਸਾਂਝ ਦਾ ਸਬੂਤ ਦਿੰਦਿਆਂ ਹਰ ਵਾਰ ਸਰਬਸੰਮਤੀ ਨਾਲ ਪੰਚਾਇਤ ਚੁਣੀ। 2008 ਵਿੱਚ ਸਤਵੰਤ ਸਿੰਘ ਸਿੱਧੂ ਨੇ ਪਿੰਡ ਸਿੱਧੂਪੁਰ ਹੋਂਦ ਵਿੱਚ ਲਿਆਂਦਾ ਅਤੇ ਇਸ ਦੀ ਵੱਖਰੀ ਪਛਾਣ ਬਣਾਈ। ਪਹਿਲੀ ਵਾਰ ਹੋਈ ਚੋਣ ਦੌਰਾਨ ਪਿੰਡ ਵਾਸੀਆਂ ਨੇ ਸਰਬਸੰਮਤੀ ਨਾਲ ਸਤਵੰਤ ਸਿੰਘ ਸਿੱਧੂ ਨੂੰ ਪਿੰਡ ਦਾ ਸਰਪੰਚ ਚੁਣ ਲਿਆ। ਫਿਰ ਪੰਜ ਸਾਲ ਮਗਰੋਂ ਦੂਜੀ ਵਾਰ ਹੋਈ ਚੋਣ ਵਿੱਚ ਵੀ ਸਤਵੰਤ ਸਿੰਘ ਪਿੰਡ ਦੇ ਸਰਬਸੰਮਤੀ ਨਾਲ ਸਰਪੰਚ ਬਣੇ। ਤੀਜੀ ਵਾਰ ਪੰਚਾਇਤ ਚੋਣਾਂ ਦੌਰਾਨ ਪਿੰਡ ਵਾਸੀਆਂ ਨੇ ਮੁੜ ਸਤਵੰਤ ਸਿੰਘ ਸਿੱਧੂ ਨੂੰ ਅਧਿਕਾਰਤ ਤੌਰ ’ਤੇ ਸਰਪੰਚ ਚੁਣ ਲਿਆ। ਹੁਣ 2024 ਵਿੱਚ ਹੋ ਰਹੀਆਂ ਪੰਚਾਇਤੀ ਚੋਣਾਂ ਦੌਰਾਨ ਪਿੰਡ ਸਿੱਧੂਪੁਰ ਜਨਰਲ ਔਰਤ ਲਈ ਰਾਖਵਾਂ ਕਰ ਦਿੱਤਾ ਅਤੇ ਫਿਰ ਪਿੰਡ ਵਾਸੀਆਂ ਨੇ ਇਸ ਵਾਰ ਇੱਕਜੁਟਤਾ ਦਾ ਪ੍ਰਗਟਾਵਾ ਕਰਦਿਆਂ ਇਹ ਸਰਪੰਚੀ ਸਿੱਧੂ ਪਰਿਵਾਰ ਦੀ ਝੋਲੀ ਵਿਚ ਪਾਉਂਦਿਆਂ ਸਤਵੰਤ ਸਿੰਘ ਸਿੱਧੂਪੁਰ ਦੀ ਪਤਨੀ ਚਰਨਜੀਤ ਕੌਰ ਸਿੱਧੂ ਨੂੰ ਸਰਪੰਚ ਚੁਣ ਲਿਆ। ਇਸ ਤੋਂ ਇਲਾਵਾ ਸਤਵੰਤ ਸਿੰਘ ਸਿੱਧੂ, ਮਨਜੀਤ ਕੌਰ, ਹਰਪ੍ਰੀਤ ਸਿੰਘ, ਪਰਮਜੀਤ ਕੌਰ ਤੇ ਵਿਨੈ ਜੈਨ ਪੰਚਾਇਤ ਮੈਂਬਰ ਚੁਣ ਲਏ ਗਏ। ਪਿੰਡ ਦੇ ਕੁੱਲ 680 ਵੋਟਰ ਹਨ। ਇਸ ਮੌਕੇ ਗੱਲਬਾਤ ਕਰਦਿਆਂ ਸਿੱਧੂ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਹਮੇਸ਼ਾ ਪਿੰਡ ਦੀ ਭਲਾਈ ਲਈ ਕੰਮ ਕੀਤੇ ਹਨ।