ਪੰਚਾਇਤ ਚੋਣ: ਢੱਡਾ ਵਾਸੀਆਂ ਵੱਲੋਂ ਵੋਟਾਂ ਪਾਉਣ ਤੋਂ ਇਨਕਾਰ
ਬਲਵਿੰਦਰ ਸਿੰਘ ਭੰਗੂ
ਭੋਗਪੁਰ, 7 ਅਕਤੂਬਰ
ਪੰਚਾਇਤ ਚੋਣਾਂ ਵਿੱਚ ਬਲਾਕ ਭੋਗਪੁਰ ਦੇ ਪਿੰਡ ਢੱਡਾ (ਸਨੌਰਾ) ਵਿੱਚ ਚੋਣ ਪ੍ਰਕਿਰਿਆ ਦੀ ਸਥਿਤੀ ਗੰਭੀਰ ਬਣੀ ਹੋਈ ਹੈ। ਆਜ਼ਾਦੀ ਤੋਂ ਬਾਅਦ ਪਿੰਡ ਢੱਡਾ (ਸਨੌਰਾ) ਦੇ ਵੋਟਰ ਪੰਚਾਇਤ, ਬਲਾਕ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਦੀ ਚੋਣ ਪਿੰਡ ਦੀ ਸਾਂਝੀ ਧਰਮਸ਼ਾਲਾ (ਜੰਝ ਘਰ) ਵਿੱਚ ਬਣਦੇ ਪੋਲਿੰਗ ਸਟੇਸ਼ਨ ਵਿੱਚ ਵੋਟਾਂ ਪਾਉਂਦੇ ਰਹੇ ਪਰ ਮੌਜੂਦਾ ਪੰਚਾਇਤ ਚੋਣਾਂ ਇਸ ਧਰਮਸ਼ਾਲਾ ਵਿੱਚ ਨਹੀਂ ਹੋ ਰਹੀਆਂ ਜਿਸ ਕਰ ਕੇ ਪਿੰਡ ਦੇ ਵੋਟਰ ਔਖੇ ਹਨ। ਗ਼ੌਰਤਲਬ ਹੈ ਕਿ ਇਸ ਪਿੰਡ ਵਿੱਚ ਇਸ ਧਰਮਸ਼ਾਲਾ ਤੋਂ ਇਲਾਵਾ ਹੋਰ ਕੋਈ ਸਰਕਾਰੀ ਜਾਂ ਅਰਧ-ਸਰਕਾਰੀ ਇਮਾਰਤ ਨਹੀਂ। ਇਸ ਧਰਮਸ਼ਾਲਾ ’ਤੇ ਪਿੰਡ ਦੇ ਬਾਲਮੀਕ ਭਾਈਚਾਰੇ ਨੇ 16 ਅਕਤੂਬਰ 2022 ਤੋਂ ਕਬਜ਼ਾ ਕੀਤਾ ਹੋਇਆ ਹੈ।
ਪਿੰਡ ਦੀ ਸਾਬਕਾ ਸਰਪੰਚ ਗੁਰਜੀਤ ਕੌਰ ਨੇ ਦੱਸਿਆ ਕਿ ਧਰਮਸ਼ਾਲਾ ਵਾਲੀ ਜਗ੍ਹਾ ਪੰਚਾਇਤ ਦੇ ਨਾਂ ’ਤੇ ਹੈ ਅਤੇ ਇਮਾਰਤ ਬਣਾਉਣ ਲਈ ਸਾਰਾ ਪੈਸਾ ਸਰਕਾਰੀ ਗਰਾਂਟਾਂ ’ਚੋਂ ਲੱਗਿਆ ਹੈ। ਡਿਪਟੀ ਕਮਿਸ਼ਨਰ ਜਲੰਧਰ ਅਤੇ ਡੀਡੀਪੀਓ ਜਲੰਧਰ ਨੇ ਲਿਖਤੀ ਰੂਪ ਵਿੱਚ ਹੁਕਮ ਦਿੱਤੇ ਹਨ ਕਿ ਵਾਲਮੀਕਿ ਭਾਈਚਾਰੇ ਤੋਂ ਇਸ ਧਰਮਸ਼ਾਲਾ ਨੂੰ ਖਾਲੀ ਕਰਵਾਇਆ ਜਾਵੇ ਪਰ ਅਮਲੀ ਰੂਪ ਵਿੱਚ ਕੁੱਝ ਨਹੀਂ ਕੀਤਾ ਗਿਆ। ਪਿੰਡ ਦੇ 100 ਦੇ ਕਰੀਬ ਪਿੰਡ ਵਾਸੀਆਂ ਨੇ ਦਸਤਖ਼ਤ ਕਰ ਕੇ ਸਰਕਾਰ ਤੋਂ ਮੰਗ ਹੈ ਕੀਤੀ ਕਿ ਪਿੰਡ ਦੀ ਧਰਮਸ਼ਾਲਾ ਨੂੰ ਸਰਕਾਰ ਕਬਜ਼ਾ ਮੁਕਤ ਕਰ ਕੇ ਪੋਲਿੰਗ ਸਟੇਸ਼ਨ ਬਣਾਇਆ ਜਾਵੇ ਜਾਂ ਪਿੰਡ ਦੀ ਪੰਚਾਇਤ ਚੋਣ ਮੁਲਤਵੀ ਕਰ ਦਿੱਤੀ ਜਾਵੇ ਕਿਉਂਕਿ ਉਹ ਦੂਜੇ ਪਿੰਡ ਸਨੌਰੇ ਵੋਟਾਂ ਪਾਉਣ ਨਹੀਂ ਜਾਣਗੇ।
ਵਾਲਮੀਕਿ ਤੀਰਥ ਗਿਆਨ ਆਸ਼ਰਮ ਦੇ ਪੰਜਾਬ ਪ੍ਰਚਾਰਕ ਦਿਲਾਵਰ ਬੁੱਟਰ ਨੇ ਕਿਹਾ ਕਿ ਜੇ ਸਰਕਾਰ ਪਹਿਲਾਂ ਪਿੰਡ ਵਿੱਚ ਹੋਰ ਲੋਕਾਂ ਵੱਲੋਂ ਸਰਕਾਰੀ ਜਗ੍ਹਾ ’ਤੇ ਕੀਤੇ ਕਬਜ਼ੇ ਛੁਡਾਵੇ ਤਾਂ ਹੀ ਵਾਲਮੀਕਿ ਭਾਈਚਾਰਾ ਧਰਮਸ਼ਾਲਾ ਨੂੰ ਛੱਡੇਗਾ।
ਚੋਣ ਅਧਿਕਾਰੀ ਐੱਸਡੀਐੱਮ ਵਿਵੇਕ ਮੋਦੀ ਨੇ ਕਿਹਾ ਕਿ ਉਹ ਪਿੰਡ ਵਾਸੀਆਂ ਨਾਲ ਮੀਟਿੰਗ ਕਰ ਕੇ ਉਨ੍ਹਾਂ ਨੂੰ ਵਿਸ਼ਵਾਸ ਵਿੱਚ ਲੈ ਕੇ ਇਸ ਮਸਲੇ ਦਾ ਹੱਲ ਕੱਢ ਲੈਣਗੇ।