ਉੱਪਲੀ ਪਿੰਡ ਵਿੱਚ ਨਾ ਬਣ ਸਕੀ ਪੰਚਾਇਤ
ਨਿੱਜੀ ਪੱਤਰ ਪ੍ਰੇਰਕ
ਨਾਭਾ, 15 ਅਕਤੂਬਰ
ਜਿਥੇ ਸੂਬੇ ਭਰ ਵਿੱਚ ਪੰਚਾਇਤੀ ਚੋਣਾਂ ਦਾ ਉਤਸ਼ਾਹ ਸੀ, ਉਥੇ ਨਾਭਾ ਦੇ ਪਿੰਡ ਉੱਪਲਾਂ ਵਿੱਚ ਅੱਜ ਚੋਣ ਹੀ ਨਾ ਹੋਈ ਕਿਉਂਕਿ ਕਿਸੇ ਵੀ ਉਮੀਦਵਾਰ ਨੇ ਨਾਮਜ਼ਦਗੀ ਹੀ ਨਾ ਭਰੀ ਤੇ ਸਾਰੇ ਪਿੰਡ ਨੇ ਚੋਣ ਦਾ ਮੁਕੰਮਲ ਬਾਈਕਾਟ ਕਰਨ ਦਾ ਫ਼ੈਸਲਾ ਕੀਤਾ ਹੋਇਆ ਸੀ। ਪਿਛਲੀ ਵਾਰੀ ਐੱਸਸੀ ਰਿਜ਼ਰਵ ਰਿਹਾ ਇਹ ਪਿੰਡ ਇਸ ਵਾਰੀ ਐੱਸਸੀ ਮਹਿਲਾ ਲਈ ਰਿਜ਼ਰਵ ਸੀ ਤੇ ਲਗਾਤਾਰ ਦੂਸਰੀ ਵਾਰ ਰਾਖਵੇਂਕਰਨ ਦੇ ਵਿਰੋਧ ਵਿੱਚ ਪਿੰਡ ਵਾਸੀਆਂ ਨੇ ਚੋਣਾਂ ਦਾ ਬਾਈਕਾਟ ਕੀਤਾ। ਪਿੰਡ ਦੇ ਨੰਬਰਦਾਰ ਜਸਵਿੰਦਰ ਸਿੰਘ ਸਣੇ ਹੋਰ ਲੋਕਾਂ ਨੇ ਦੱਸਿਆ ਕਿ ਪਿੰਡ ਦੀਆਂ ਦੋ ਮਹਿਲਾਵਾਂ ਚੋਣ ਲੜਨ ਦੀਆਂ ਇੱਛੁਕ ਵੀ ਸਨ ਪਰ ਨਾਮਜ਼ਦਗੀ ਭਰਨ ਵਾਲੇ ਦਾ ਪਿੰਡ ਵਿੱਚ ਬਾਈਕਾਟ ਕੀਤੇ ਜਾਣ ਦਾ ਐਲਾਨ ਹੋ ਗਿਆ ਸੀ। ਇਸ ਕਰਕੇ ਉਨ੍ਹਾਂ ਨੇ ਨਾਮਜ਼ਦਗੀ ਨਹੀਂ ਭਰੀ ਸੀ। 336 ਵੋਟਾਂ ਵਾਲੇ ਇਸ ਪਿੰਡ ਵਿੱਚ ਤਕਰੀਬਨ 10 ਫ਼ੀਸਦ ਹੀ ਦਲਿਤ ਵੋਟ ਹੈ ਤੇ ਇਹ ਪਰਿਵਾਰ ਆਰਥਿਕ ਅਤੇ ਸਮਾਜਿਕ ਪੱਖ ਤੋਂ ਕਾਫੀ ਪਛੜਿਆ ਜੀਵਨ ਬਤੀਤ ਕਰ ਰਹੇ ਹਨ। ਲੋਕਾਂ ਨੇ ਦੱਸਿਆ ਕਿ ਪਿਛਲੀ ਵਾਰੀ ਚੁਣੇ ਗਏ ਦਲਿਤ ਸਰਪੰਚ ਨੂੰ ਵੀ ਪਛੜੇਪਣ ਕਰਕੇ ਕਾਫੀ ਮੁਸ਼ਕਲ ਆਈ। ਲੋਕਾਂ ਨੇ ਰੋਸ ਜਤਾਇਆ ਕਿ ਭਾਵੇਂ ਕਿ ਨਾਭਾ ਵਿਧਾਇਕ ਦੀ ਸੀਟ ਵੀ 14 ਸਾਲਾਂ ਤੋਂ ਰਿਜ਼ਰਵ ਚੱਲ ਰਹੀ ਹੈ ਪਰ ਇਸਦੇ ਨਾਲ ਪਿੰਡ ਦੇ ਦਲਿਤਾਂ ਦੇ ਜੀਵਨ ਪੱਧਰ ’ਤੇ ਹੌਸਲੇ ਵਿੱਚ ਕੋਈ ਬਦਲਾਅ ਨਹੀਂ ਆਇਆ। ਇਸ ਬਾਰੇ ਨਾਭਾ ਐੱਸਡੀਐੱਮ ਇਸਮਤ ਵਿਜੇ ਸਿੰਘ ਨੇ ਕਿਹਾ ਕਿ ਉਹ ਵਿਭਾਗ ਤੋਂ ਦਿਸ਼ਾ ਨਿਰਦੇਸ਼ ਲੈਣਗੇ।