ਪੰਚਮੀ: ਸੰਗਤ ਨੇ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਮੱਥਾ ਟੇਕਿਆ
ਖੇਤਰੀ ਪ੍ਰਤੀਨਿਧ
ਪਟਿਆਲਾ, 11 ਜੂਨ
ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਪੰਚਮੀ ਦੇ ਦਿਹਾੜੇ ਮੌਕੇ ਵੱਡੀ ਗਿਣਤੀ ਵਿਚ ਸੰਗਤ ਪੁੱਜੀ। ਸੰਗਤਾਂ ਨੇ ਗੁਰਬਾਣੀ ਕੀਰਤਨ ਦਾ ਆਨੰਦ ਮਾਣਿਆ ਅਤੇ ਪਵਿੱਤਰ ਸਰੋਵਰ ’ਚ ਇਸ਼ਨਾਨ ਕੀਤਾ।
ਇਸ ਦਿਹਾੜੇ ’ਤੇ ਗੁਰੂ ਘਰ ਵਿਚ ਧਾਰਮਕ ਦੀਵਾਨ ਸਜਾਏ ਗਏ ਜਿਥੇ ਪੁੱਜੇ ਢਾਡੀ ਕਵੀਸ਼ਰੀ ਜਥਿਆਂ ’ਚ ਭਾਈ ਚਮਕੌਰ ਸਿੰਘ ਚਮਨ, ਭਾਈ ਗੁਰਦਿਆਲ ਸਿੰਘ ਸਨੌਰ, ਭਾਈ ਅਰਜਨ ਸਿੰਘ ਬੂੜੇਮਾਜਰਾ, ਭਾਈ ਅਵਤਾਰ ਸਿੰਘ ਮੂਲੇਵਾਲ, ਭਾਈ ਗੁਰਪਿਆਰ ਸਿੰਘ ਜੌਹਰ, ਭਾਈ ਸੁਖਜਿੰਦਰ ਸਿੰਘ ਚੰਗਿਆੜਾ, ਭਾਈ ਸਵਰਨ ਸਿੰਘ ਤੇ ਭਾਈ ਸਾਹਿਬ ਸਿੰਘ ਨੇ ਪੰਚਮ ਪਾਤਸ਼ਾਹ ਦੀ ਸ਼ਹੀਦੀ ਪੁਰਬ ਨਾਲ ਸਬੰਧਤ ਇਤਿਹਾਸ ਦੇ ਪਰਿਪੇਖ ’ਚ ਸੰਗਤ ਨਾਲ ਸਾਂਝ ਪਾਈ। ਧਾਰਮਿਕ ਦੀਵਾਨਾਂ ’ਚ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਅੰਤ੍ਰਿੰਗ ਕਮੇਟੀ ਮੈਂਬਰ ਜਥੇਦਾਰ ਜਸਮੇਰ ਸਿੰਘ ਲਾਛੜੂ, ਹੈੱਡ ਗ੍ਰੰਥੀ ਅਤੇ ਸਿੱਖ ਸਕਾਲਰ ਭਾਈ ਭੁਪਿੰਦਰ ਸਿੰਘ ਆਦਿ ਵੀ ਉਚੇਚੇ ਤੌਰ ’ਤੇ ਪੁੱਜੇ ਹੋਏ ਸਨ। ਇਸ ਦੌਰਾਨ ਗੁਰਦੁਆਰਾ ਪ੍ਰਬੰਧਕ ਮੈਨੇਜਰ ਕਰਨੈਲ ਸਿੰਘ ਵਿਰਕ ਨੇ ਪੁੱਜੀਆਂ ਸ਼ਖਸੀਅਤਾਂ ਅਤੇ ਸੰਗਤ ਦਾ ਧੰਨਵਾਦ ਕੀਤਾ।