ਪੰਚਮੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ
ਸਰਬਜੀਤ ਸਿੰਘ ਭੰਗੂ
ਪਟਿਆਲਾ, 6 ਨਵੰਬਰ
ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਛੋਹ ਅਸਥਾਨ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਅੱਜ ਪੰਚਮੀ ਦਿਹਾੜੇ ਮੌਕੇ ਵੱਡੀ ਗਿਣਤੀ ਸੰਗਤ ਨਤਮਸਤਕ ਹੋਈ। ਮੱਥਾ ਟੇਕਣ ਲਈ ਸੰਗਤਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਰਹੀਆਂ। ਤੜਕੇ ਗੁਰੂ ਘਰ ਦੇ ਕਿਵਾੜ ਖੁੱਲ੍ਹਣ ਮਗਰੋਂ ਹੈੱਡ ਗ੍ਰੰਥੀ ਭਾਈ ਪ੍ਰਣਾਮ ਸਿੰਘ ਵੱਲੋਂ ਅਰਦਾਸ ਕਰਨ ਉਪਰੰਤ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸੁਸ਼ੋਭਿਤ ਕੀਤੇ ਗਏ। ਜਾਣਕਾਰੀ ਅਨੁਸਾਰ ਪੰਚਮੀ ਦੇ ਪਵਿੱਤਰ ਦਿਹਾੜੇ ਮੌਕੇ ਸੰਗਤ ਨੇ ਸਰੋਵਰ ’ਚ ਇਸ਼ਨਾਨ ਕੀਤਾ ਅਤੇ ਪੰਗਤ ਸੰਗਤ ਕਰਨ ਉਪਰੰਤ ਗੁਰਦੁਆਰਾ ਸਾਹਿਬ ਦੇ ਚੱਲ ਰਹੇ ਧਾਰਮਿਕ ਦੀਵਾਨਾਂ ’ਚ ਸ਼ਮੂਲੀਅਤ ਕੀਤੀ, ਜਿਥੇ ਢਾਡੀ ਕਵੀਸ਼ਰੀ ਜਥਿਆਂ ਨੇ ਸੰਗਤ ਨੂੰ ਗੁਰਬਾਣੀ ਨਾਲ ਜੋੜਿਆ। ਦੀਵਾਨ ਹਾਲ ਵਿਚਲੇ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਅੱਜ ਜਿਥੇ ਪੰਚਮੀ ਦਾ ਦਿਹਾੜਾ ਹੈ, ਉਥੇ ਹੀ ਦਸਮੇਸ਼ ਪਿਤਾ ਗੁਰੂ ਗੋਬਿੰਦ ਸਾਹਿਬ ਦਾ ਜੋਤੀ-ਜੋਤਿ ਪੁਰਬ ਵੀ ਹੈ। ਉਨ੍ਹਾਂ ਦੱਸਿਆ ਕਿ ਅੱਜ ਦਿਨ ਅਬਚਲਨਗਰ ਸ੍ਰੀ ਹਜ਼ੂਰ ਸਾਹਿਬ ਵਿਖੇ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਵੱਲੋਂ ਆਰੰਭਤ ਅਤੇ ਮੁਕੰਮਲ ਇਨਕਲਾਬ ਨੂੰ ਸ਼ਬਦ ਗੁਰੂ ਵਿਚ ਬਿਰਾਜਮਾਨ ਕੀਤਾ ਜਿਸ ਨੂੰ ਸਿੱਖ ਜਗਤ ਅੰਦਰ ਗੁਰਤਾਗੱਦੀ ਵਜੋਂ ਅਹਿਮ ਥਾਂ ਮਿਲੀ ਹੈ। ਸ਼੍ਰੋਮਣੀ ਕਮੇਟੀ ਦੇ ਅੰਤ੍ਰਿਗ ਕਮੇਟੀ ਮੈਂਬਰਾਂ ਸੁਰਜੀਤ ਸਿੰਘ ਗੜ੍ਹੀ ਅਤੇ ਰਵਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਮਾਪੇ ਗੁਰੂ ਸਾਹਿਬਾਨ ਵੱਲੋਂ ਵਿਖਾਏ ਮਾਰਗ ’ਤੇ ਚੱਲਣ ਲਈ ਆਪਣੇ ਬੱਚਿਆਂ ਨੂੰ ਪ੍ਰੇਰਿਤ ਕਰਨ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਨ ਸਤਵਿੰਦਰ ਸਿੰਘ ਟੌਹੜਾ, ਜਸਮੇਰ ਸਿੰਘ ਲਾਛੜੂ ਤੇ ਜਰਨੈਲ ਸਿੰਘ ਕਰਤਾਰਪੁਰ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।