ਮਰਜ਼ੀ ਦੀ ਭਾਸ਼ਾ ’ਚ ਸਹੁੰ ਚੁੱਕ ਸਕਣਗੇ ਪੰਚ-ਸਰਪੰਚ
ਪੱਤਰ ਪ੍ਰੇਰਕ
ਮੰਡੀ ਅਹਿਮਦਗੜ੍ਹ, 1 ਨਵੰਬਰ
ਇਹ ਸ਼ਾਇਦ ਪਹਿਲੀ ਵਾਰ ਹੋਵੇਗਾ ਕਿ 13000 ਤੋਂ ਵੱਧ ਪਿੰਡਾਂ ਦੀਆਂ ਪੰਚਾਇਤਾਂ ਦੇ ਸਰਪੰਚਾ ਤੇ ਪੰਚਾਂ ਨੂੰ ਲਿਖਤੀ ਅਤੇ ਜੁਬਾਨੀ ਆਪਣੇ ਆਹੁਦੇ ਦੀ ਸਹੁੰ ਚੁੱਕਣ ਲਈ ਭਾਸ਼ਾ ਦੀ ਪਸੰਦ ਬਾਰੇ ਪੁੱਛਿਆ ਜਾਵੇਗਾ। ਇਸ਼ ਸਬੰਧ ਵਿੱਚ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਪੰਜਾਬੀ ਤੋਂ ਇਲਾਵਾ ਸਹੁੰ ਚੁੱਕਣ ਵਾਲੇ ਸਰਪੰਚ ਜਾਂ ਪੰਚ ਦੀ ਪਸੰਦ ਦੀ ਭਾਸ਼ਾ ਵਿੱਚ ਫਾਰਮ ਮੁਹੱਈਆ ਕਰਵਾਉਣ ਲਈ ਕਹਿ ਦਿੱਤਾ ਗਿਆ ਹੈ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਵਧੀਕ ਸਕੱਤਰ ਵੱਲੋਂ ਸੂਬੇ ਦੇ ਸਮੂਹ ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀਆਂ ਨੂੰ ਲਿਖੇ ਪੱਤਰਾਂ ਰਾਹੀਂ ਦੱਸਿਆ ਗਿਆ ਹੈ ਕਿ ਹਾਲ ਹੀ ਵਿੱਚ ਜਿੱਤੇ ਸਰਪੰਚਾਂ ਤੇ ਪੰਚਾਂ ਨੂੰ 8 ਨਵੰਬਰ ਨੂੰ ਆਪਣੇ ਆਹੁਦੇ ਦੀ ਸਹੁੰ ਚੁਕਵਾਈ ਜਾਣੀ ਹੈ। ਇਸ ਸਬੰਧ ਵਿੱਚ ਜ਼ਿਲ੍ਹਾ ਲੁਧਿਆਣਾ ਦੇ ਪ੍ਰਸ਼ਾਸਨ ਵੱਲੋਂ ਪਿੰਡ ਧਨਾਨਸੂ ਵਿੱਚ ਸਰਪੰਚਾਂ ਨੂੰ ਸਹੁੰ ਚੁਕਵਾਏ ਜਾਣ ਲਈ ਕਰਵਾਏ ਜਾਣ ਸਮਾਗਮ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਏਡੀਸੀ (ਵਿਕਾਸ) ਨਵਦੀਪ ਕੌਰ ਮਾਲੇਰਕੋਟਲਾ ਨੇ ਦਾਅਵਾ ਕੀਤਾ ਕਿ ਬਲਾਕ ਪੱਧਰ ਦੇ ਅਧਿਕਾਰੀਆਂ ਨੂੰ ਇਸ ਸਬੰਧ ਵਿੱਚ ਲੋੜੀਂਦੀ ਕਾਰਵਾਈ ਕਰਕੇ ਸਾਰੇ ਸਰਪੰਚਾਂ ਤੇ ਪੰਚਾਂ ਦੀ ਪਸੰਦ ਦੀ ਭਾਸ਼ਾ ਵਿੱਚ ਸਹੁੰ ਪੱਤਰ ਤਿਆਰ ਕਰਨ ਲਈ ਕਹਿ ਦਿੱਤਾ ਗਿਆ ਹੈ।