ਪਨਬੱਸ ਅਤੇ ਪੀਆਰਟੀਸੀ ਦੇ ਆਊਟਸੋਰਸਿੰਗ ਕਾਮਿਆਂ ਵੱਲੋਂ ਚੱਕਾ ਜਾਮ
ਕੁਲਦੀਪ ਸਿੰਘ
ਚੰਡੀਗੜ੍ਹ, 19 ਜੂਨ
ਪਨਬੱਸ ਅਤੇ ਪੀਆਰਟੀਸੀ ਵਿੱਚ ਕੰਮ ਕਰਦੇ ਆਊਟਸੋਰਸਿੰਗ ਡਰਾਈਵਰਾਂ ਅਤੇ ਕੰਡਕਟਰਾਂ ਨੇ ਅੱਜ ਇੱਥੇ ਬੱਸਾਂ ਦਾ ਚੱਕਾ ਜਾਮ ਕਰ ਦਿੱਤਾ। ਉਹ ਠੇਕੇਦਾਰ ਕੰਪਨੀ ਦੀ ਮਨਮਰਜ਼ੀ ਤੋਂ ਅੱਕ ਚੁੱਕੇ ਹਨ। ਦੂਜੇ ਪਾਸੇ ਟਰਾਂਸਪੋਰਟ ਵਿਭਾਗ ਦੇ ਉੱਚ ਅਧਿਕਾਰੀ, ਵਿਭਾਗ ਦੇ ਮੰਤਰੀ ਅਤੇ ਮੁੱਖ ਮੰਤਰੀ ਇਨ੍ਹਾਂ ਬੱਸ ਕਾਮਿਆਂ ਦੀਆਂ ਮੰਗਾਂ ਅਤੇ ਮੁਸ਼ਕਲਾਂ ਵੱਲ ਕੋਈ ਧਿਆਨ ਨਹੀਂ ਦੇ ਰਹੇ। ਪ੍ਰੇਸ਼ਾਨ ਹੋਏ ਬੱਸ ਕਾਮਿਆਂ ਨੇ ਅੱਜ ਤੋਂ ਬੱਸਾਂ ਦਾ ਚੱਕਾ ਜਾਮ ਕਰ ਦਿੱਤਾ ਅਤੇ 20 ਜੂਨ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਘੇਰਨ ਦਾ ਐਲਾਨ ਵੀ ਕੀਤਾ ਹੈ।
ਅੱਜ ਇੱਥੇ ਸੈਕਟਰ 17 ਸਥਿਤ ਡਾਇਰੈਕਟਰ ਟਰਾਂਸਪੋਰਟ ਦੇ ਸੱਦੇ ’ਤੇ ਮੀਟਿੰਗ ਲਈ ਪਹੁੰਚੇ ਪੰਜਾਬ ਰੋਡਵੇਜ਼, ਪਨਬਸ, ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ 25/11 ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ, ਸਕੱਤਰ ਸ਼ਮਸ਼ੇਰ ਸਿੰਘ, ਚੰਡੀਗੜ੍ਹ ਡਿੱਪੂ ਪ੍ਰਧਾਨ ਗੁਰਮੀਤ ਸਿੰਘ ਨੇ ਕਿਹਾ ਕਿ ਨਿਗੂਣੀਆਂ ਤਨਖਾਹਾਂ ’ਤੇ ਕੰਮ ਕਰਦੇ ਮੁਲਾਜ਼ਮਾਂ ਦੀ 1 ਜੂਨ ਨੂੰ ਮਿਲਣ ਵਾਲੀ ਤਨਖਾਹ 19 ਜੂਨ ਨੂੰ ਵੀ ਨਹੀਂ ਆਈ। ਆਊਟਸੋਰਸਿੰਗ ਰਾਹੀਂ ਭਰਤੀ ਕਰਨ ਵਾਲੀ ਠੇਕੇਦਾਰ ਕੰਪਨੀ ਵੱਲੋਂ ਹਰ ਮਹੀਨੇ ਦੀ ਤਨਖਾਹ 20-20 ਦਿਨ ਲੇਟ ਪਾਈ ਜਾਂਦੀ ਹੈ। ਇਸ ਤੋਂ ਇਲਾਵਾ ਠੇਕੇਦਾਰ ਵੱਲੋਂ ਸਕਿਉਰਿਟੀ ਦੇ ਨਾਂ ’ਤੇ ਤਨਖਾਹਾਂ ਵਿੱਚੋਂ ਪੈਸੇ ਕੱਟ ਕੇ ਲੁੱਟ ਕੀਤੀ ਜਾ ਰਹੀ ਹੈ।
ਕਿਸੇ ਵੀ ਮੁਲਾਜ਼ਮ ਦੀ ਗਰੁੱਪ ਇੰਸ਼ੋਰੈਂਸ ਨਹੀਂ ਕਰਵਾਈ ਗਈ ਅਤੇ ਨਾ ਹੀ ਵੈੱਲਫੇਅਰ ਫੰਡ ਜਮ੍ਹਾਂ ਕਰਵਾਇਆ ਜਾ ਰਿਹਾ ਹੈ। ਉਧਰ, ਆਮ ਆਦਮੀ ਪਾਰਟੀ ਦੀ ਸਰਕਾਰ ਸਮੇਂ ਠੇਕੇਦਾਰ ਦੀ ਗਿਣਤੀ ਇੱਕ ਦੀ ਥਾਂ ਦੋ ਹੋ ਗਈ ਹੈ। ਉਨ੍ਹਾਂ ਕਿਹਾ ਕਿ ਬੱਸ ਕਾਮਿਆਂ ਨੇ ਅੱਜ ਤੋਂ ਪਨਬੱਸ ਦੇ 18 ਡਿੱਪੂਆਂ ਦਾ ਚੱਕਾ ਜਾਮ ਕਰ ਦਿੱਤਾ ਹੈ ਅਤੇ 20 ਜੂਨ ਨੂੰ ਸੂਬੇ ਦੇ ਸਾਰੇ ਡਿੱਪੂਆਂ ਵਿੱਚ ਪੀਆਰਟੀਸੀ ਅਤੇ ਪਨਬੱਸ ਦਾ ਚੱਕਾ ਜਾਮ ਕਰ ਦਿੱਤਾ ਜਾਵੇਗਾ।
ਚੱਕਾ ਜਾਮ ਕਰਨ ’ਤੇ ਐੱਮਡੀ ਵੱਲੋਂ ਮੀਟਿੰਗ ਰੱਦ
ਯੂਨੀਅਨ ਵੱਲੋਂ ਬੱਸਾਂ ਦਾ ਚੱਕਾ ਜਾਮ ਕਰਨ ’ਤੇ ਮੈਨੇਜਿੰਗ ਡਾਇਰੈਕਟਰ ਟਰਾਂਸਪੋਰਟ ਵੱਲੋਂ ਅੱਜ ਯੂਨੀਅਨ ਨਾਲ ਰੱਖੀ ਹੋਈ ਮੀਟਿੰਗ ਤੁਰੰਤ ਰੱਦ ਕਰ ਦਿੱਤੀ ਗਈ। ਦਫ਼ਤਰ ਵੱਲੋਂ ਯੂਨੀਅਨ ਪ੍ਰਧਾਨ ਰੇਸ਼ਮ ਸਿੰਘ ਦੇ ਨਾਂ ਲਿਖੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਯੂਨੀਅਨ ਨੇ ਕੋਈ ਵੀ ਅਗਾਊਂ ਨੋਟਿਸ ਦਿੱਤੇ ਬਿਨਾਂ ਹੜਤਾਲ ਕਰ ਦਿੱਤੀ ਜੋ ਗੈਰਕਾਨੂੰਨੀ ਹੈ। ਠੇਕੇਦਾਰ ਕੰਪਨੀ ਨੂੰ ਵੀ ਪੱਤਰ ਦੀ ਕਾਪੀ ਭੇਜਦੇ ਹੋਏ ਕਿਹਾ ਗਿਆ ਹੈ ਕਿ ਕਾਮਿਆਂ ਦੀ ਹੜਤਾਲ ਤੁਰੰਤ ਖ਼ਤਮ ਕਰਵਾਈ ਜਾਵੇ।