ਜਾਨ ਬਚਾਉਣ ਲਈ ਗਾਜ਼ਾ ਦੇ ਦੱਖਣ ਵੱਲ ਵਧੇ ਫਲਸਤੀਨੀ
ਦੀਰ-ਅਲ-ਬਾਲਾਹ (ਗਾਜ਼ਾ ਪੱਟੀ), 14 ਅਕਤੂਬਰ
ਇਜ਼ਰਾਇਲੀ ਫ਼ੌਜ ਵੱਲੋਂ 10 ਲੱਖ ਫਲਸਤੀਨੀਆਂ ਨੂੰ ਉੱਤਰੀ ਗਾਜ਼ਾ ਖਾਲੀ ਕਰਕੇ ਦੱਖਣ ਵੱਲ ਜਾਣ ਦੇ ਦਿੱਤੇ ਅਲਟੀਮੇਟਮ ਮਗਰੋਂ ਵੱਡੀ ਗਿਣਤੀ ’ਚ ਫਲਸਤੀਨੀਆਂ ਨੇ ਆਪਣਾ ਘਰ-ਬਾਰ ਛੱਡ ਦਿੱਤਾ ਹੈ। ਇਜ਼ਰਾਈਲ ਨੇ ਸ਼ੋਸ਼ਲ ਮੀਡੀਆ ’ਤੇ ਅਲਟੀਮੇਟਮ ਦੁਹਰਾਇਆ ਅਤੇ ਫਲਸਤੀਨੀਆਂ ਨੂੰ ਸੁਚੇਤ ਕਰਨ ਲਈ ਇਲਾਕੇ ’ਚ ਪਰਚੇ ਵੀ ਸੁੱਟੇ। ਫ਼ੌਜ ਨੇ ਹੁਕਮਾਂ ’ਚ ਕਿਹਾ ਕਿ ਉਸ ਦੀ ਯੋਜਨਾ ਗਾਜ਼ਾ ਸਿਟੀ ਦੇ ਨੇੜਲੇ ਇਲਾਕਿਆਂ ’ਚ ਜ਼ਮੀਨ ਹੇਠਾਂ ਬਣੇ ਹਮਾਸ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣਾ ਹੈ। ਉਂਜ ਹਮਾਸ ਨੇ ਲੋਕਾਂ ਨੂੰ ਆਪਣੇ ਘਰ ਛੱਡ ਕੇ ਨਾ ਜਾਣ ਦੀ ਅਪੀਲ ਕੀਤੀ ਹੈ। ਸੰਯੁਕਤ ਰਾਸ਼ਟਰ ਅਤੇ ਹੋਰ ਜਥੇਬੰਦੀਆਂ ਨੇ ਕਿਹਾ ਕਿ ਇੰਨੇ ਵੱਡੇ ਪੱਧਰ ’ਤੇ ਹਿਜਰਤ ਮਾਨਵੀ ਤ੍ਰਾਸਦੀ ਹੋਵੇਗੀ ਅਤੇ ਹਸਪਤਾਲਾਂ ਤੋਂ ਮਰੀਜ਼ਾਂ ਤੇ ਹੋਰਾਂ ਨੂੰ ਲਿਜਾਣਾ ਬਹੁਤ ਔਖਾ ਹੋਵੇਗਾ। ਪਰਿਵਾਰਾਂ ਦੇ ਪਰਿਵਾਰ ਕਾਰਾਂ, ਟਰੱਕਾਂ ਅਤੇ ਖੱਚਰਾਂ ’ਤੇ ਸਾਮਾਨ ਲੱਦ ਕੇ ਗਾਜ਼ਾ ਸਿਟੀ ਤੋਂ ਬਾਹਰ ਨਿਕਲਦੇ ਜਾ ਰਹੇ ਹਨ। ਇਸ ਦੌਰਾਨ ਇਕ ਸਮਝੌਤੇ ਤਹਿਤ ਮਿਸਰ ਨੇ ਦੱਖਣੀ ਰਾਫਾ ਸਰਹੱਦ ਵਿਦੇਸ਼ੀਆਂ ਨੂੰ ਸੁਰੱਖਿਅਤ ਕੱਢਣ ਲਈ ਖੋਲ੍ਹ ਦਿੱਤੀ ਹੈ। ਮਿਸਰ, ਇਜ਼ਰਾਈਲ ਅਤੇ ਅਮਰੀਕਾ ਵਿਚਕਾਰ ਗਾਜ਼ਾ ’ਚੋਂ ਵਿਦੇਸ਼ੀਆਂ ਨੂੰ ਰਾਫਾ ਸਰਹੱਦ ਰਾਹੀਂ ਮਿਸਰ ’ਚ ਦਾਖ਼ਲ ਹੋਣ ਦੀ ਇਜਾਜ਼ਤ ਦੇਣ ’ਤੇ ਸਹਿਮਤੀ ਬਣੀ ਹੈ। ਮਿਸਰ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਵਿਦੇਸ਼ੀਆਂ ਦੇ ਫਲਸਤੀਨ ਛੱਡਣ ’ਤੇ ਇਜ਼ਰਾਈਲ ਵੱਲੋਂ ਉਨ੍ਹਾਂ ਨੂੰ ਨਿਸ਼ਾਨਾ ਨਹੀਂ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕਤਰ ਵੀ ਇਸ ਸਮਝੌਤੇ ’ਚ ਸ਼ਾਮਲ ਹੈ ਅਤੇ ਮੁਲਕਾਂ ਨੂੰ ਫਲਸਤੀਨੀ ਦਹਿਸ਼ਤੀ ਗੁੱਟ ਹਮਾਸ ਤੇ ਇਸਲਾਮਿਕ ਜਹਾਦ ਤੋਂ ਵੀ ਪ੍ਰਵਾਨਗੀ ਮਿਲ ਗਈ ਹੈ। ਰਾਫਾ ਸਰਹੱਦ ’ਤੇ ਤਾਇਨਾਤ ਇਕ ਹੋਰ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਸਰਹੱਦ ਖੋਲ੍ਹਦ ਦੇ ਨਿਰਦੇਸ਼ ਮਿਲ ਗਏ ਹਨ। ਅਧਿਕਾਰੀ ਨੇ ਕਿਹਾ ਕਿ ਰਾਫਾ ਸਰਹੱਦ ਰਾਹੀਂ ਗਾਜ਼ਾ ’ਚ ਮਾਨਵੀ ਸਹਾਇਤਾ ਭੇਜਣ ਲਈ ਵੀ ਗੱਲਬਾਤ ਚੱਲ ਰਹੀ ਹੈ। ਇਜ਼ਰਾਈਲ ਨੇ ਕਿਹਾ ਹੈ ਕਿ ਫਲਸਤੀਨੀ ਬਿਨਾ ਕਿਸੇ ਮੁਸ਼ਕਲ ਦੇ ਦੋ ਮੁੱਖ ਰਸਤਿਆਂ ਰਾਹੀਂ ਜਾ ਸਕਦੇ ਹਨ। ਲੱਖਾਂ ਫਲਸਤੀਨੀ ਪਹਿਲਾਂ ਹੀ ਦੱਖਣੀ ਇਲਾਕੇ ਵੱਲ ਚਲੇ ਗਏ ਹਨ ਪਰ ਜੋ 20 ਕਿਲੋਮੀਟਰ ਦੂਰ ਰਹਿੰਦੇ ਸਨ, ਉਨ੍ਹਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਜ਼ਰਾਇਲੀ ਫ਼ੌਜ ਨੇ ਕੁਝ ਥਾਵਾਂ ’ਤੇ ਟੈਂਕਾਂ ਨਾਲ ਹਮਲਾ ਕੀਤਾ ਹੈ ਅਤੇ ਗਾਜ਼ਾ ’ਚ ਭੋਜਨ, ਪਾਣੀ ਅਤੇ ਮੈਡੀਕਲ ਸਪਲਾਈ ਬੰਦ ਕਰ ਦਿੱਤੀ ਹੈ। ਫ਼ੌਜ ਨੇ ਕਿਹਾ ਕਿ ਗਾਜ਼ਾ ਪੱਟੀ ’ਚ ਹਮਲੇ ਮਗਰੋਂ ਜਵਾਨ ਪਰਤ ਆਏ ਹਨ। ਉਨ੍ਹਾਂ ਹਮਾਸ ਵੱਲੋਂ ਬੰਦੀ ਬਣਾਏ ਗਏ 150 ਵਿਅਕਤੀਆਂ ਦਾ ਪਤਾ ਲਾਉਣ ਦੀ ਵੀ ਕੋਸ਼ਿਸ਼ ਕੀਤੀ ਹੈ। ਹਮਾਸ ਨੇ ਦਾਅਵਾ ਕੀਤਾ ਕਿ ਇਜ਼ਰਾਇਲੀ ਹਵਾਈ ਹਮਲੇ ’ਚ ਵਿਦੇਸ਼ੀਆਂ ਸਣੇ 13 ਬੰਦੀ ਮਾਰੇ ਗਏ ਹਨ। ਉਂਜ ਉਨ੍ਹਾਂ ਮਾਰੇ ਗਏ ਲੋਕਾਂ ਦੇ ਮੁਲਕਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਜਦਕਿ ਫ਼ੌਜ ਨੇ ਇਸ ਦਾਅਵੇ ਨੂੰ ਨਕਾਰ ਦਿੱਤਾ ਹੈ। -ਏਪੀ
ਇਜ਼ਰਾਈਲ ਨੂੰ ਵੱਡੇ ਜ਼ਲਜ਼ਲੇ ਦਾ ਸਾਹਮਣਾ ਕਰਨਾ ਪੈ ਸਕਦੈ: ਇਰਾਨੀ ਵਿਦੇਸ਼ ਮੰਤਰੀ
ਬੈਰੂਤ: ਇਰਾਨ ਦੇ ਵਿਦੇਸ਼ ਮੰਤਰੀ ਹੁਸੈਨ ਅਮੀਰਅਬਦੁੱਲੀਆਂ ਨੇ ਇਜ਼ਰਾਈਲ ਨੂੰ ਗਾਜ਼ਾ ’ਚ ਹਮਲੇ ਬੰਦ ਕਰਨ ਦਾ ਸੱਦਾ ਦਿੰਦਿਆਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਹਿਜ਼ਬੁੱਲਾ ਜੰਗ ’ਚ ਸ਼ਾਮਲ ਹੋ ਗਿਆ ਤਾਂ ਇਜ਼ਰਾਈਲ ਨੂੰ ‘ਵੱਡੇ ਜ਼ਲਜ਼ਲੇ’ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਇਹ ਮੱਧ ਪੂਰਬ ਦੇ ਹੋਰ ਹਿੱਸਿਆਂ ’ਚ ਵੀ ਫੈਲ ਜਾਵੇਗੀ। ਉਨ੍ਹਾਂ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲਬਿਨਾਨ ਦੇ ਹਿਜ਼ਬੁੱਲਾ ਧੜੇ ਨੇ ਜੰਗ ਦੇ ਸਾਰੇ ਘਟਨਾਕ੍ਰਮ ’ਤੇ ਵਿਚਾਰ ਕੀਤਾ ਹੈ ਅਤੇ ਇਜ਼ਰਾਈਲ ਨੂੰ ਜਿੰਨੀ ਛੇਤੀ ਹੋ ਸਕੇ, ਗਾਜ਼ਾ ’ਤੇ ਹਮਲੇ ਬੰਦ ਕਰ ਦੇਣੇ ਚਾਹੀਦੇ ਹਨ। ਇਰਾਨੀ ਆਗੂ ਨੇ ਕਿਹਾ ਕਿ ਜੇਕਰ ਹਿਜ਼ਬੁੱਲਾ ਨੇ ਟਕਰਾਅ ਦਾ ਰੁਖ਼ ਅਖਤਿਆਰ ਕੀਤਾ ਤਾਂ ਇਸ ਨਾਲ ਯਹੂਦੀ ਮੁਲਕ ’ਚ ਵੱਡਾ ਜ਼ਲਜ਼ਲਾ ਆ ਜਾਵੇਗਾ। ਹੁਸੈਨ ਨੇ ਕਿਹਾ ਕਿ ਜੇਕਰ ਗਾਜ਼ਾ ’ਚ ਆਮ ਨਾਗਰਿਕਾਂ ਖ਼ਿਲਾਫ਼ ਅਪਰਾਧ ਲਈ ਇਜ਼ਰਾਈਲ ਨੂੰ ਨਾ ਰੋਕਿਆ ਗਿਆ ਤਾਂ ਫਿਰ ਹਾਲਾਤ ਕੁਝ ਹੋਰ ਹੀ ਰੂਪ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਉਹ ਮੱਧ ਪੂਰਬ ਦੇ ਸੰਯੁਕਤ ਰਾਸ਼ਟਰ ਦੇ ਅਧਿਕਾਰੀਆਂ ਨਾਲ ਸੰਪਰਕ ਕਰਕੇ ਜੰਗ ਖ਼ਤਮ ਕਰਾਉਣ ਦੀ ਚਾਰਾਜੋਈ ਕਰਨਗੇ। -ਏਪੀ
ਕੈਨੇਡਾ ਦੀ ਵਿਦੇਸ਼ ਮੰਤਰੀ ਇਜ਼ਰਾਈਲ ਪਹੁੰਚੀ
ਵੈਨਕੂਵਰ (ਗੁਰਮਲਕੀਅਤ ਸਿੰਘ ਕਾਹਲੋਂ): ਕੈਨੇਡਾ ਦੀ ਵਿਦੇਸ਼ ਮੰਤਰੀ ਮਿਲੇਨੀ ਜੌਲੀ ਤਿੰਨ ਦਿਨਾਂ ਦੇ ਇਜ਼ਰਾਈਲ ਦੌਰੇ ’ਤੇ ਤਲ ਅਵੀਵ ਪਹੁੰਚ ਗਈ ਹੈ। ਵਿਦੇਸ਼ ਮੰਤਰੀ ਦੇ ਦਫਤਰ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮਿਲੇਨੀ ਜੌਲੀ ਉਥੋਂ ਜੌਰਡਨ ਜਾਣਗੇ। ਆਲਮੀ ਮਾਮਲਿਆਂ ਬਾਰੇ ਵਿਭਾਗ (ਗਲੋਬਲ ਅਫੇਅਰਜ਼ ਕੈਨੇਡਾ) ਦਫ਼ਤਰ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਉਹ ਇਜ਼ਰਾਈਲ ਨੂੰ ਮਨੁੱਖੀ ਹੱਕਾਂ ਦੀ ਰਾਖੀ ਲਈ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦੇਣਗੇ। ਉਹ ਹਮਾਸ ਗਰੁੱਪ ਦੇ ਅਣਮਨੁੱਖੀ ਵਤੀਰੇ ਦੀ ਨਿਖੇਧੀ ਕਰਦੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਹਫਤੇ ਵਾਪਰੀਆਂ ਘਟਨਾਵਾਂ ਦੁਖਦਾਈ ਹਨ ਪਰ ਇਸ ਨੂੰ ਦੂਰ ਤੋਂ ਵੇਖਦੇ ਰਹਿਣਾ ਵੀ ਠੀਕ ਨਹੀਂ ਹੈ।
ਉੱਤਰੀ ਗਾਜ਼ਾ ਖਾਲੀ ਕਰਨ ਦਾ ਹੁਕਮ ਬਹੁਤ ਹੀ ਖ਼ਤਰਨਾਕ: ਗੁਟੇਰੇਜ਼
ਸੰਯੁਕਤ ਰਾਸ਼ਟਰ: ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਟੋਨੀਓ ਗੁਟੇਰੇਜ਼ ਨੇ ਕਿਹਾ ਕਿ ਇਜ਼ਰਾਈਲ ਦਾ ਉੱਤਰੀ ਗਾਜ਼ਾ ’ਚ ਕਰੀਬ 11 ਲੱਖ ਲੋਕਾਂ ਨੂੰ 24 ਘੰਟੇ ਦੇ ਅੰਦਰ ਉਥੋਂ ਚਲੇ ਜਾਣ ਦੀ ਚਿਤਾਵਨੀ ਦੇਣਾ ਵਧੇਰੇ ਖ਼ਤਰਨਾਕ ਹੈ ਅਤੇ ਇਹ ਕਦੇ ਵੀ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਜੰਗ ਦੇ ਵੀ ਕੁਝ ਨੇਮ ਹੁੰਦੇ ਹਨ। ਉਨ੍ਹਾਂ ਪੱਛਮੀ ਏਸ਼ੀਆ ਦੇ ਹਾਲਾਤ ’ਤੇ ਸਲਾਮਤੀ ਕੌਂਸਲ ਦੀ ਮੀਟਿੰਗ ’ਚ ਹਿੱਸਾ ਲੈਣ ਲਈ ਜਾਣ ਤੋਂ ਪਹਿਲਾਂ ਇਹ ਟਿੱਪਣੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਦੱਖਣੀ ਗਾਜ਼ਾ ’ਚ ਹਸਪਤਾਲ ਪਹਿਲਾਂ ਤੋਂ ਹੀ ਜ਼ਖ਼ਮੀਆਂ ਨਾਲ ਭਰੇ ਹੋਏ ਹਨ ਅਤੇ ਉਹ ਉੱਤਰੀ ਗਾਜ਼ਾ ਦੇ ਹਜ਼ਾਰਾਂ ਨਵੇਂ ਮਰੀਜ਼ਾਂ ਦਾ ਇਲਾਜ ਨਹੀਂ ਕਰ ਸਕਣਗੇ। ਉਨ੍ਹਾਂ ਕਿਹਾ ਕਿ ਸਿਹਤ ਪ੍ਰਣਾਲੀ ਵੀ ਢਹਿ-ਢੇਰੀ ਹੋਣ ਦੇ ਕੰਢੇ ’ਤੇ ਹੈ ਅਤੇ ਮੁਰਦਾਘਰ ਵੀ ਭਰੇ ਪਏ ਹਨ। ਗੁਟੇਰੇਜ਼ ਨੇ ਦੱਸਿਆ ਕਿ 11 ਸਿਹਤ ਕਰਮੀਆਂ ਦੀ ਵੀ ਡਿਊਟੀ ਦੌਰਾਨ ਹੱਤਿਆ ਕਰ ਦਿੱਤੀ ਗਈ ਸੀ ਅਤੇ ਪਿਛਲੇ ਕੁਝ ਦਿਨਾਂ ’ਚ ਸਿਹਤ ਕੇਂਦਰਾਂ ’ਤੇ 34 ਹਮਲੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਨੂੰ ਗਾਜ਼ਾ ’ਚ ਹਰ ਕਿਸੇ ਨੂੰ ਈਂਧਣ, ਭੋਜਨ ਅਤੇ ਪਾਣੀ ਮੁਹੱਈਆ ਕਰਾਉਣ ਲਈ ਮਾਨਵੀ ਸਹਾਇਤਾ ਪਹੁੰਚਾਉਣ ਦੀ ਫੌਰੀ ਲੋੜ ਹੈ। -ਪੀਟੀਆਈ
ਅਲ-ਕਾਇਦਾ ਤੋਂ ਵੀ ਜ਼ਿਆਦਾ ਖ਼ਤਰਨਾਕ ਹੈ ਹਮਾਸ: ਬਾਇਡਨ
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਫਲਸਤੀਨੀ ਦਹਿਸ਼ਤੀ ਜਥੇਬੰਦੀ ਹਮਾਸ ਨੂੰ ਅਲ-ਕਾਇਦਾ ਤੋਂ ਵੀ ਜ਼ਿਆਦਾ ਖ਼ਤਰਨਾਕ ਕਰਾਰ ਦਿੰਦਿਆਂ ਯਹੂਦੀ ਮੁਲਕ ਇਜ਼ਰਾਈਲ ਨੂੰ ਹਮਾਇਤ ਦੇਣ ਦਾ ਵਾਅਦਾ ਦੁਹਰਾਇਆ ਹੈ। ਫਿਲਾਡੈਲਫੀਆ ’ਚ ਬਾਇਡਨ ਨੇ ਕਿਹਾ,‘‘ਸਾਨੂੰ ਜਿੰਨਾ ਵੱਧ ਇਸ ਹਮਲੇ ਬਾਰੇ ਪਤਾ ਲਗਦਾ ਹੈ, ਉਹ ਓਨਾ ਹੀ ਹੋਰ ਵਧੇਰੇ ਡਰਾਉਣਾ ਪ੍ਰਤੀਤ ਹੁੰਦਾ ਹੈ। ਇਕ ਹਜ਼ਾਰ ਤੋਂ ਜ਼ਿਆਦਾ ਲੋਕ ਮਾਰੇ ਜਾ ਚੁੱਕੇ ਹਨ ਜਨਿ੍ਹਾਂ ’ਚ 27 ਅਮਰੀਕੀ ਵੀ ਸ਼ਾਮਲ ਹਨ।’’ ਉਨ੍ਹਾਂ ਕਿਹਾ ਕਿ ਹਮਾਸ ਦੇ ਮੁਕਾਬਲੇ ’ਚ ਅਲ-ਕਾਇਦਾ ਕੁਝ ਠੀਕ ਲਗਦਾ ਹੈ। ਹਮਾਸ ਤਾਂ ਸ਼ੈਤਾਨ ਹੈ। ‘ਜਿਵੇਂ ਮੈਂ ਸ਼ੁਰੂ ਤੋਂ ਆਖਦਾ ਆ ਰਿਹਾ ਹਾਂ ਕਿ ਅਮਰੀਕਾ ਕੋਈ ਗਲਤੀ ਨਹੀਂ ਕਰ ਰਿਹਾ ਹੈ, ਅਸੀਂ ਇਜ਼ਰਾਈਲ ਨਾਲ ਹਾਂ।’ ਰਾਸ਼ਟਰਪਤੀ ਨੇ ਕਿਹਾ ਕਿ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਅਤੇ ਰੱਖਿਆ ਮੰਤਰੀ ਲੌਇਡ ਆਸਟਨਿ ਇਜ਼ਰਾਈਲ ’ਚ ਸਨ ਅਤੇ ਅਮਰੀਕਾ ਇਹ ਯਕੀਨੀ ਬਣਾ ਰਿਹਾ ਹੈ ਕਿ ਇਜ਼ਰਾਈਲ ਨੂੰ ਆਪਣੀ ਰੱਖਿਆ ਲਈ ਜੋ ਕੁਝ ਵੀ ਚਾਹੀਦਾ ਹੈ, ਉਹ ਉਸ ਕੋਲ ਹੋਵੇ ਅਤੇ ਉਹ ਹਮਲਿਆਂ ਦਾ ਜਵਾਬ ਦੇਵੇ। ਉਨ੍ਹਾਂ ਕਿਹਾ ਕਿ ਇਜ਼ਰਾਈਲ ਦੀ ਮਦਦ ਲਈ ਮਿਸਰ, ਜਾਰਡਨ ਅਤੇ ਹੋਰ ਅਰਬ ਮੁਲਕਾਂ ਤੇ ਸੰਯੁਕਤ ਰਾਸ਼ਟਰ ਨਾਲ ਸਿੱਧੇ ਸੰਵਾਦ ਕੀਤਾ ਜਾ ਰਿਹਾ ਹੈ। -ਪੀਟੀਆਈ
ਗਾਜ਼ਾ ਦੀ ਮੁਕੰਮਲ ਘੇਰਾਬੰਦੀ ਨਾਮਨਜ਼ੂਰ: ਪੂਤਨਿ
ਬਿਸ਼ਕੇਕ: ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਨਿ ਨੇ ਕਿਹਾ ਕਿ ਇਜ਼ਰਾਈਲ ਵੱਲੋਂ ਪੂਰੇ ਗਾਜ਼ਾ ਖਿੱਤੇ ਦੀ ਘੇਰਾਬੰਦੀ ਕਰਨ ਦਾ ਫ਼ੈਸਲਾ ਸਵੀਕਾਰ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ ਕਿ ਗਾਜ਼ਾ ਦੀ ਸਾਰੀ ਆਬਾਦੀ ਹਮਾਸ ਦੀ ਹਮਾਇਤ ਨਹੀਂ ਕਰਦੀ ਹੈ। ਪੂਤਨਿ ਨੇ ਕਿਹਾ,‘‘ਇਜ਼ਰਾਈਲ ਵੱਡੇ ਪੱਧਰ ’ਤੇ ਲਾਮਬੰਦੀ ਕਰਕੇ ਜਬਰ ਢਾਹ ਰਿਹਾ ਹੈ। ਦੋਵੇਂ ਧਿਰਾਂ ਵੱਲੋਂ ਕੀਤੀ ਗਈ ਕਾਰਵਾਈ ਨੂੰ ਦੇਖਣ ਦੇ ਬਾਵਜੂਦ ਸਾਨੂੰ ਆਮ ਨਾਗਰਿਕਾਂ ਬਾਰੇ ਸੋਚਣ ਦੀ ਲੋੜ ਹੈ।’’ ਕਿਰਗਿਜ਼ਸਤਾਨ ’ਚ ਸੀਆਈਐੱਸ ਮੀਟਿੰਗ ਮਗਰੋਂ ਪ੍ਰੈੱਸ ਕਾਨਫਰੰਸ ਦੌਰਾਨ ਪੂਤਨਿ ਨੇ ਇਜ਼ਰਾਈਲ-ਗਾਜ਼ਾ ਵਿਚਕਾਰ ਚੱਲ ਰਹੀ ਜੰਗ ਬਾਰੇ ਟਿੱਪਣੀ ਕੀਤੀ। ਪੂਤਨਿ ਨੇ ਫਲਸਤੀਨ ਵੱਲੋਂ ਆਜ਼ਾਦ ਮੁਲਕ ਦੀ ਕੀਤੀ ਗਈ ਮੰਗ ਦਾ ਜ਼ਿਕਰ ਵੀ ਕੀਤਾ ਅਤੇ ਕਿਹਾ ਕਿ ਉਨ੍ਹਾਂ ਨਾਲ ਇਸ ਦਾ ਵਾਅਦਾ ਕੀਤਾ ਗਿਆ ਸੀ ਤੇ ਉਹ ਇਹ ਹੱਕ ਵੀ ਰਖਦੇ ਹਨ। ਰੂਸੀ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਦੇ ਮੁਲਕ ਦੇ ਇਜ਼ਰਾਈਲ ਅਤੇ ਫਲਸਤੀਨ ਨਾਲ ਚੰਗੇ ਸਬੰਧ ਹਨ ਅਤੇ ਉਨ੍ਹਾਂ ਮੁੱਦੇ ਦੇ ਹੱਲ ਲਈ ਹਮਾਇਤ ਦੇਣ ਦਾ ਭਰੋਸਾ ਵੀ ਦਿੱਤਾ। -ਏਐੱਨਆਈ
ਲਬਿਨਾਨ ’ਚ ਰਾਇਟਰਜ਼ ਦਾ ਪੱਤਰਕਾਰ ਹਲਾਕ
ਖਿਆਮ: ਦੱਖਣੀ ਲਬਿਨਾਨ ’ਚ ਇਜ਼ਰਾਈਲ ਵੱਲੋਂ ਕੀਤੀ ਗਈ ਗੋਲਾਬਾਰੀ ’ਚ ਰਾਇਟਰਜ਼ ਦਾ ਵੀਡੀਓਗ੍ਰਾਫਰ ਇਸਾਮ ਅਬਦੱਲਾ ਮਾਰਿਆ ਗਿਆ। ਉਸ ਦੀ ਦੇਹ ਨੂੰ ਅੱਜ ਲਬਿਨਾਨੀ ਝੰਡੇ ’ਚ ਲਪੇਟ ਕੇ ਜਨਾਜ਼ਾ ਕੱਢਿਆ ਗਿਆ ਅਤੇ ਬਾਅਦ ’ਚ ਦਫ਼ਨਾ ਦਿੱਤਾ ਗਿਆ। ਇਸ ਮੌਕੇ ਦਰਜਨਾਂ ਪੱਤਰਕਾਰ ਅਤੇ ਲਬਿਨਾਨੀ ਕਾਨੂੰਨਸਾਜ਼ਾਂ ਸਮੇਤ ਸੈਂਕੜੇ ਲੋਕ ਹਾਜ਼ਰ ਸਨ। ਅਬਦੱਲਾ ਕੌਮਾਂਤਰੀ ਪੱਤਰਕਾਰਾਂ ਨਾਲ ਸਰਹੱਦ ’ਤੇ ਇਜ਼ਰਾਇਲੀ ਫ਼ੌਜ ਅਤੇ ਹਿਜ਼ਬੁੱਲਾ ਧੜੇ ਦੇ ਮੈਂਬਰਾਂ ਵਿਚਕਾਰ ਚੱਲ ਰਹੀ ਗੋਲਾਬਾਰੀ ਨੂੰ ਕਵਰ ਕਰ ਰਿਹਾ ਸੀ ਕਿ ਅਚਾਨਕ ਇਕ ਗੋਲਾ ਉਨ੍ਹਾਂ ’ਤੇ ਆ ਡਿੱਗਿਆ। ਲਬਿਨਾਨ ਦੇ ਵਿਦੇਸ਼ ਮੰਤਰਾਲੇ ਨੇ ਸੰਯੁਕਤ ਰਾਸ਼ਟਰ ’ਚ ਬੈਰੂਤ ਮਿਸ਼ਨ ਨੂੰ ਕਿਹਾ ਹੈ ਕਿ ਉਹ ਇਜ਼ਰਾਈਲ ਖ਼ਿਲਾਫ਼ ਸ਼ਿਕਾਇਤ ਦਰਜ ਕਰੇ। ਇਜ਼ਰਾਇਲੀ ਫ਼ੌਜ ਦੇ ਤਰਜਮਾਨ ਲੈਫ਼ਟੀਨੈਂਟ ਕਰਨਲ ਰਿਚਰਡ ਹੈਸ਼ਟ ਨੇ ਯੇਰੂਸ਼ਲੱਮ ’ਚ ਕਿਹਾ ਕਿ ਉਹ ਘਟਨਾ ਤੋਂ ਜਾਣੂ ਹਨ ਅਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਰਾਇਟਰਜ਼ ਨੇ ਇਕ ਬਿਆਨ ’ਚ ਕਿਹਾ ਕਿ ਉਨ੍ਹਾਂ ਦੇ ਦੋ ਹੋਰ ਪੱਤਰਕਾਰ ਥਾਏਰ ਅਲ-ਸੂਡਾਨੀ ਅਤੇ ਮਾਹੇਰ ਨਾਜ਼ੇਹ ਵੀ ਉਸੇ ਗੋਲਾਬਾਰੀ ’ਚ ਜ਼ਖ਼ਮੀ ਹੋਏ ਹਨ ਜਦਕਿ ਕਤਰ ਦੇ ਅਲ-ਜ਼ਜ਼ੀਰਾ ਟੀਵੀ ਨੇ ਕਿਹਾ ਕਿ ਉਨ੍ਹਾਂ ਦਾ ਕੈਮਰਾਮੈਨ ਏਲੀ ਬ੍ਰਾਖਿਆ ਅਤੇ ਪੱਤਰਕਾਰ ਕਾਰਮੈੱਨ ਜੋਖਾਦਾਰ ਵੀ ਜ਼ਖ਼ਮੀ ਹੋਏ ਹਨ। ਫਰਾਂਸ ਦੀ ਕੌਮਾਂਤਰੀ ਖ਼ਬਰ ਏਜੰਸੀ ਏਐੱਫਪੀ ਨੇ ਕਿਹਾ ਕਿ ਉਨ੍ਹਾਂ ਦੇ ਦੋ ਪੱਤਰਕਾਰ ਫੋਟੋਗ੍ਰਾਫਰ ਕ੍ਰਿਸਟੀਨਾ ਐਸੀ ਅਤੇ ਵੀਡੀਓ ਜਰਨਲਿਸਟ ਡਾਇਲਾਨ ਕੌਲਨਿਜ਼ ਜ਼ਖ਼ਮੀ ਹੋਏ ਹਨ। -ਏਪੀ
ਹਮਾਸ ਕਮਾਂਡਰ ਹਲਾਕ
ਤਲ ਅਵੀਵ: ਇਜ਼ਰਾਇਲੀ ਡਿਫੈਂਸ ਫੋਰਸਿਜ਼ (ਆਈਡੀਐੱਫ) ਨੇ ਕਿਹਾ ਹੈ ਕਿ ਹਮਾਸ ਕਮਾਂਡੋ ਫੋਰਸ ਦੀ ਅਗਵਾਈ ਕਰ ਰਿਹਾ ਕਮਾਂਡਰ ਅਲੀ ਕਾਦੀ ਹਮਲੇ ’ਚ ਮਾਰਿਆ ਗਿਆ ਹੈ। ਨੁਖਾਬਾ ਯੂਨਿਟ ਦੇ ਕੰਪਨੀ ਕਮਾਂਡਰ ਨੂੰ ਖ਼ੁਫ਼ੀਆ ਰਿਪੋਰਟ ਮਿਲਣ ਮਗਰੋਂ ਡਰੋਨ ਹਮਲੇ ’ਚ ਮਾਰ ਮੁਕਾਇਆ ਗਿਆ। ਕਾਦੀ ਨੂੰ ਇਜ਼ਰਾਇਲੀਆਂ ਨੂੰ ਅਗਵਾ ਅਤੇ ਹੱਤਿਆ ਮਾਮਲੇ ’ਚ 2005 ’ਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਹ 2011 ’ਚ ਕੈਦੀਆਂ ਦੀ ਅਦਲਾ-ਬਦਲੀ ਦੌਰਾਨ ਰਿਹਾਅ ਹੋ ਗਿਆ ਸੀ। -ਏਐੱਨਆਈ