ਫਲਸਤੀਨੀ ਦਹਿਸ਼ਤਗਰਦਾਂ ਨੇ ਇਜ਼ਰਾਈਲ ’ਤੇ ਦਾਗ਼ੇ ਰਾਕੇਟ
ਯੇਰੂਸ਼ਲਮ, 7 ਅਕਤੂਬਰ
ਹਮਲੇ ਦੀ ਬਰਸੀ ’ਤੇ ਸੋਗ ਮਨਾਏ ਜਾਣ ਦੌਰਾਨ ਸੋਮਵਾਰ ਨੂੰ ਫਲਸਤੀਨੀ ਦਹਿਸ਼ਤਗਰਦਾਂ ਨੇ ਗਾਜ਼ਾ ਤੋਂ ਇਜ਼ਰਾਈਲ ’ਤੇ ਚਾਰ ਰਾਕੇਟ ਦਾਗ਼ੇ। ਉਂਜ ਇਜ਼ਰਾਈਲ ’ਚ ਕਈ ਥਾਵਾਂ ’ਤੇ ਸੋਗ ਸਮਾਗਮ ਹੋਏ ਜਿਥੇ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਗਈਆਂ। ਹਮਲਿਆਂ ਦਾ ਇਨ੍ਹਾਂ ਸਮਾਗਮਾਂ ’ਤੇ ਕੋਈ ਅਸਰ ਨਹੀਂ ਪਿਆ। ਮ੍ਰਿਤਕਾਂ ਨੂੰ ਸ਼ਰਧਾਂਜਲੀ ਦੇਣ ਲਈ ਇਜ਼ਰਾਇਲੀ ਸੰਸਦ ਭਵਨ ’ਤੇ ਝੰਡਾ ਅੱਧਾ ਝੁਕਾ ਦਿੱਤਾ ਗਿਆ। ਨੇਤਨਯਾਹੂ ਨੇ ਕਿਹਾ ਕਿ ਹਮਾਸ ਦਾ ਖਾਤਮਾ ਇਜ਼ਰਾਈਲ ਦਾ ਮਕਸਦ ਹੈ। ਹਮਾਸ ਵੱਲੋਂ ਬੰਧਕ ਬਣਾਏ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੇ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਰਿਹਾਇਸ਼ ਵੱਲ ਮਾਰਚ ਕੱਢ ਕੇ ਬੰਧਕਾਂ ਦੀ ਫੌਰੀ ਰਿਹਾਈ ਯਕੀਨੀ ਬਣਾਉਣ ਦੀ ਮੰਗ ਕੀਤੀ।
ਹਮਾਸ ਨੇ ਦਾਅਵਾ ਕੀਤਾ ਕਿ ਉਨ੍ਹਾਂ ਗਾਜ਼ਾ ਦੇ ਵੱਖ ਵੱਖ ਹਿੱਸਿਆਂ ’ਚ ਇਜ਼ਰਾਇਲੀ ਫੌਜ ’ਤੇ ਹਮਲੇ ਕੀਤੇ ਹਨ। ਉਧਰ ਇਜ਼ਰਾਇਲੀ ਫੌਜ ਨੇ ਕਿਹਾ ਕਿ ਉਨ੍ਹਾਂ ਤਿੰਨ ਰਾਕੇਟਾਂ ਨੂੰ ਹਵਾ ’ਚ ਹੀ ਫੁੰਡ ਦਿੱਤਾ ਅਤੇ ਚੌਥਾ ਖੁੱਲ੍ਹੀ ਥਾਂ ’ਤੇ ਡਿੱਗਿਆ। ਫੌਜ ਨੇ ਕਿਹਾ ਕਿ ਉਸ ਨੇ ਹਮਲੇ ਨਾਕਾਮ ਕਰਨ ਲਈ ਪੂਰੀ ਰਾਤ ਹਮਾਸ ਦੇ ਟਿਕਾਣਿਆਂ ’ਤੇ ਹਵਾਈ ਹਮਲੇ ਕੀਤੇ। ਇਜ਼ਰਾਈਲ ਦੇ ਹਮਲਿਆਂ ’ਚ ਹੁਣ ਤੱਕ ਕਰੀਬ 42 ਹਜ਼ਾਰ ਫਲਸਤੀਨੀ ਮਾਰੇ ਜਾ ਚੁੱਕੇ ਹਨ। ਉਸ ਨੇ ਗਾਜ਼ਾ ਦੇ ਵੱਡੇ ਇਲਾਕੇ ਨੂੰ ਵੀ ਤਬਾਹ ਕਰ ਦਿੱਤਾ ਹੈ ਅਤੇ ਉਸ ਦੀ ਤਕਰੀਬਨ 90 ਫ਼ੀਸਦ ਆਬਾਦੀ ਉੱਜੜ ਚੁੱਕੀ ਹੈ। ਜ਼ਿਕਰਯੋਗ ਹੈ ਕਿ ਹਮਾਸ ਦੀ ਅਗਵਾਈ ਹੇਠਲੇ ਅਤਿਵਾਦੀਆਂ ਨੇ ਇਕ ਸਾਲ ਪਹਿਲਾਂ ਅੱਜ ਦੇ ਹੀ ਦਿਨ ਇਜ਼ਰਾਈਲ ਦੀ ਸੁਰੱਖਿਆ ’ਚ ਸੰਨ੍ਹ ਲਾਉਂਦਿਆਂ ਫੌਜੀ ਟਿਕਾਣਿਆਂ ਅਤੇ ਕਾਸ਼ਤਕਾਰਾਂ ’ਤੇ ਅਚਾਨਕ ਹਮਲਾ ਕਰ ਦਿੱਤਾ ਸੀ ਜਿਸ ’ਚ ਕਰੀਬ 1200 ਵਿਅਕਤੀ ਮਾਰੇ ਗਏ ਸਨ। ਉਸ ਸਮੇਂ ਹਮਾਸ ਨੇ 250 ਵਿਅਕਤੀਆਂ ਨੂੰ ਅਗਵਾ ਕਰ ਲਿਆ ਸੀ। ਉਨ੍ਹਾਂ ਅਜੇ ਵੀ ਗਾਜ਼ਾ ’ਚ ਕਰੀਬ 100 ਵਿਅਕਤੀਆਂ ਨੂੰ ਬੰਧਕ ਬਣਾਇਆ ਹੋਇਆ ਹੈ। ਰਾਸ਼ਟਰਪਤੀ ਇਸਾਕ ਹਰਜ਼ੋਗ ਨੇ ਵੀ ਸ਼ਰਧਾਂਜਲੀ ਸਮਾਗਮ ’ਚ ਹਿੱਸਾ ਲਿਆ। ਇਥੇ 7 ਅਕਤੂਬਰ ਨੂੰ ਹਮਾਸ ਦੇ ਹਮਲੇ ਦੌਰਾਨ ਕਰੀਬ 400 ਵਿਅਕਤੀ ਮਾਰੇ ਗਏ ਸਨ। -ਏਪੀ
ਆਲਮੀ ਆਗੂਆਂ ਨੇ ਇਜ਼ਰਾਈਲ ਨਾਲ ਪ੍ਰਗਟਾਈ ਇਕਜੁੱਟਤਾ
ਨਿਊਯਾਰਕ: ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਕਿਹਾ ਕਿ ਇਹ ਆਲਮੀ ਫਿਰਕੇ ਲਈ ਹਮਾਸ ਦੇ ਘਿਨਾਉਣੇ ਕਾਰਿਆਂ ਦੀ ਨਿਖੇਧੀ ਕਰਨ ਦਾ ਦਿਨ ਹੈ। ਉਨ੍ਹਾਂ ਆਪਣੇ ਸੁਨੇਹੇ ’ਚ ਸਾਰੇ ਪੀੜਤਾਂ ਅਤੇ ਪਰਿਵਾਰਾਂ ਨਾਲ ਇਕਜੁੱਟਤਾ ਜ਼ਾਹਿਰ ਕੀਤੀ। ਗੁਟੇਰੇਜ਼ ਨੇ ਗਾਜ਼ਾ ’ਚ ਬੰਦੀ ਬਣਾਏ ਸਾਰੇ ਵਿਅਕਤੀਆਂ ਦੀ ਫੌਰੀ ਅਤੇ ਬਿਨਾਂ ਸ਼ਰਤ ਰਿਹਾਈ ਦੀ ਮੰਗ ਦੁਹਰਾਈ। ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਇਕ ਬਿਆਨ ’ਚ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਕ ਸਾਲ ਪਹਿਲਾਂ ਇਜ਼ਰਾਈਲ ’ਤੇ ਹਮਲੇ ਦੇ ਹਮਲੇ ਦੀ ਨਿੰਦਾ ਕਰਦੀ ਹੈ ਅਤੇ ਇਹ ਦਿਨ ਬਹੁਤ ਦਰਦਨਾਕ ਸੀ। ਬਰਲਿਨ ’ਚ ਜਰਮਨ ਚਾਂਸਲਰੀ ’ਚ ਪੀਲਾ ਰਿਬਨ ਲਗਾ ਕੇ ਹਮਾਸ ਵੱਲੋਂ ਬੰਧਕ ਬਣਾਏ ਗਏ ਲੋਕਾਂ ਦੇ ਹੱਕ ’ਚ ਆਵਾਜ਼ ਬੁਲੰਦ ਕੀਤੀ। ਜਰਮਨੀ ’ਚ ਬ੍ਰੈਂਡਨਬਰਗ ਗੇਟ ’ਤੇ ਸਵੇਰੇ 5.29 ਵਜੇ (ਸਥਾਨਕ ਸਮੇਂ) ਮਾਰੇ ਅਤੇ ਅਗਵਾ ਲੋਕਾਂ ਦੇ ਨਾਮ ਪੜ੍ਹੇ ਗਏ। ਜਰਮਨ ਚਾਂਸਲਰ ਓਲਾਫ਼ ਸ਼ੁਲਜ਼ ਤੇ ਰਾਸ਼ਟਰਪਤੀ ਫਰੈਂਕ-ਵਾਲਟਰ ਸਟੀਮੀਅਰ, ਇਟਲੀ ਦੀ ਪ੍ਰਧਾਨ ਮੰਤਰੀ ਜਿਓਰਜੀਆ ਮੇਲੋਨੀ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੌਂ ਨੇ ਸ਼ਰਧਾਂਜਲੀਆਂ ਦਿੱਤੀਆਂ। ਫਰਾਂਸ, ਬੈਲਜੀਅਮ, ਸਪੇਨ, ਆਸਟਰੀਆ ਅਤੇ ਹੰਗਰੀ ਸਮੇਤ ਕਈ ਮੁਲਕਾਂ ’ਚ ਸ਼ਰਧਾਂਜਲੀ ਸਮਾਗਮ ਹੋਏ। -ਏਐੱਨਆਈ/ਏਪੀ
ਅਮਰੀਕਾ ਨੇ ਸਾਲ ’ਚ ਇਜ਼ਰਾਈਲ ਨੂੰ 17.9 ਅਰਬ ਡਾਲਰ ਦਿੱਤੇ
ਵਾਸ਼ਿੰਗਟਨ: ਅਮਰੀਕਾ ਨੇ ਗਾਜ਼ਾ ’ਚ ਜੰਗ ਸ਼ੁਰੂ ਹੋਣ ਮਗਰੋਂ ਬੀਤੇ ਇਕ ਸਾਲ ’ਚ ਇਜ਼ਰਾਈਲ ’ਤੇ ਰਿਕਾਰਡ 17.9 ਅਰਬ ਡਾਲਰ ਫੌਜੀ ਸਹਾਇਤਾ ਵਜੋਂ ਖ਼ਰਚ ਕੀਤੇ ਹਨ। ਹਮਾਸ ਦੇ ਇਜ਼ਰਾਈਲ ’ਤੇ ਹਮਲੇ ਦੀ ਪਹਿਲੀ ਬਰਸੀ ਮੌਕੇ ਬ੍ਰਾਊਨ ਯੂਨੀਵਰਿਸਟੀ ਦੀ ‘ਕੌਸਟਸ ਆਫ਼ ਵਾਰ ਪ੍ਰਾਜੈਕਟ’ ਬਾਰੇ ਜਾਰੀ ਰਿਪੋਰਟ ’ਚ ਇਹ ਦਾਅਵਾ ਕੀਤਾ ਗਿਆ ਹੈ। ਖੋਜੀਆਂ ਨੇ ਕਿਹਾ ਕਿ ਖ਼ਿੱਤੇ ’ਚ ਵਧੀਆਂ ਅਮਰੀਕੀ ਫੌਜੀ ਕਾਰਵਾਈਆਂ ਲਈ ਵੀ ਵਾਧੂ 4.86 ਅਰਬ ਡਾਲਰ ਖ਼ਰਚੇ ਗਏ ਹਨ। -ਏਪੀ
ਲਿਬਨਾਨ ’ਚ ਹਮਲੇ ਦੌਰਾਨ ਅੱਗ ਬੁਝਾਊ ਦਸਤੇ ਦੇ 10 ਮੈਂਬਰ ਹਲਾਕ
ਬੇਰੂਤ: ਲਿਬਨਾਨ ਦੇ ਸਿਹਤ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਇਜ਼ਰਾਈਲ ਵੱਲੋਂ ਮੁਲਕ ਦੇ ਦੱਖਣੀ ਹਿੱਸੇ ’ਚ ਕੀਤੇ ਗਏ ਹਮਲੇ ਦੌਰਾਨ ਅੱਗ ਬੁਝਾਊ ਦਸਤੇ ਦੇ 10 ਮੈਂਬਰ ਮਾਰੇ ਗਏ। ਉਨ੍ਹਾਂ ਕਿਹਾ ਕਿ ਇਜ਼ਰਾਇਲੀ ਫੌਜ ਨੇ ਬਾਰਾਸ਼ਿਤ ਕਸਬੇ ’ਚ ਮਿਊਂਸਿਪੈਲਿਟੀ ਦੀ ਇਕ ਇਮਾਰਤ ਨੂੰ ਨਿਸ਼ਾਨਾ ਬਣਾਇਆ ਸੀ ਅਤੇ ਅੱਗ ਬੁਝਾਊ ਦਸਤੇ ਦੇ ਮੈਂਬਰ ਉਸੇ ਇਮਾਰਤ ’ਚ ਸਨ। ਉਨ੍ਹਾਂ ਕਿਹਾ ਕਿ ਇਮਾਰਤ ਦੇ ਮਲਬੇ ’ਚ ਕਈ ਲੋਕਾਂ ਦੇ ਫਸੇ ਹੋਣ ਦਾ ਖ਼ਦਸ਼ਾ ਹੈ ਜਿਸ ਕਾਰਨ ਮੌਤਾਂ ਦੀ ਗਿਣਤੀ ਵਧ ਸਕਦੀ ਹੈ। -ਏਪੀ