For the best experience, open
https://m.punjabitribuneonline.com
on your mobile browser.
Advertisement

ਫ਼ਲਸਤੀਨ ਫ਼ਲਸਤੀਨ: ਦੋ ਕਵਿਤਾਵਾਂ

11:38 AM Dec 03, 2023 IST
ਫ਼ਲਸਤੀਨ ਫ਼ਲਸਤੀਨ  ਦੋ ਕਵਿਤਾਵਾਂ
ਮਹਿਮੂਦ ਦਰਵੇਸ਼, ਲੰਦਨ 1983 ਫੋਟੋ: ਅਮਰਜੀਤ ਚੰਦਨ
Advertisement

ਸ਼ਨਾਖ਼ਤੀ ਕਾਰਡ

ਮਹਿਮੂਦ ਦਰਵੇਸ਼

ਸ਼ਨਾਖ਼ਤੀ ਕਾਰਡ
ਲਿਖ ਲਵੋ!
ਮੈਂ ਅਰਬੀ ਹਾਂ
ਤੇ ਮੇਰੇ ਸ਼ਨਾਖ਼ਤੀ ਕਾਰਡ ਦਾ ਨੰਬਰ ਹੈ - ਪੰਜਾਹ ਹਜ਼ਾਰ
ਮੇਰੇ ਅੱਠ ਬੱਚੇ ਨੇ
ਅਤੇ ਨੌਵਾਂ ਗਰਮੀਆਂ ਤੋਂ ਬਾਅਦ ਹੋਣ ਵਾਲਾ ਹੈ
ਤੁਹਾਨੂੰ ਗੁੱਸਾ ਕਿਸ ਗੱਲ ਦਾ ਆਇਆ?

Advertisement

ਲਿਖ ਲਵੋ! ਮੈਂ ਅਰਬੀ ਹਾਂ
ਸਾਥੀ ਕਾਮਿਆਂ ਨਾਲ ਪੱਥਰਾਂ ਦੀ ਖਾਣ ’ਚ ਕੰਮ ਕਰਦਾ ਮੇਰੇ ਅੱਠ ਬੱਚੇ ਨੇ
ਤੇ ਇਨ੍ਹਾਂ ਪੱਥਰਾਂ ਚੱਟਾਨਾਂ ’ਚੋਂ
ਮੈਂ ਉਨ੍ਹਾਂ ਲਈ ਰੋਟੀ ਕਮਾਉਂਦਾਂ
ਕੱਪੜੇ ਤੇ ਕਿਤਾਬਾਂ ਬਣਾਉਂਦਾਂ
ਮੈਂ ਤੁਹਾਡੇ ਦਰਾਂ ’ਤੇ ਭਿੱਖ ਨਹੀਂ ਮੰਗਦਾ
ਤੁਹਾਡੀ ਦੇਹਲ਼ੀ ’ਤੇ ਖਲੋ ਅਪਣੇ ਆਪ ਨੂੰ ਹੀਣਾ ਨਹੀਂ ਕਰਦਾ
ਤੁਹਾਨੂੰ ਗੁੱਸਾ ਕਿਸ ਗੱਲ ਦਾ ਆਇਆ?

Advertisement

ਲਿਖ ਲਵੋ
ਮੈਂ ਅਰਬੀ ਹਾਂ
ਮੈਂ ਉਹ ਨਾਮ ਹਾਂ ਜਿਹਦੇ ਨਾਲ ਕੋਈ ਰੁਤਬਾ ਨਹੀਂ ਲੱਗਿਆ
ਮੈਂ ਉਸ ਮੁਲਕ ਦਾ ਮਰੀਜ਼ ਹਾਂ
ਜਿੱਥੋਂ ਦੀ ਹਰ ਸ਼ੈਅ ਗੁੱਸੇ ਨਾਲ ਭਰੀ ਹੋਈ ਹੈ
ਮੇਰੀਆਂ ਜੜ੍ਹਾਂ
ਸਮੇਂ ਦੇ ਜਨਮ ਤੋਂ ਵੀ ਪਹਿਲਾਂ ਲੱਗ ਗਈਆਂ ਸਨ
ਅਤੇ ਯੁੱਗਾਂ ਦੇ ਸ਼ੁਰੂ ਹੋਣ ਤੋਂ ਪਹਿਲਾਂ ਵਧ ਪਈਆਂ ਸਨ
ਚੀੜ੍ਹ ਅਤੇ ਜੈਤੂਨ ਦੇ ਦਰੱਖ਼ਤਾਂ ਤੋਂ ਪਹਿਲਾਂ
ਅਤੇ ਘਾਹ ਨਦੀਨ ਦੇ ਉੱਗਣ ਤੋਂ ਵੀ ਪਹਿਲਾਂ

ਮੇਰਾ ਅੱਬਾ ਹਲਵਾਹਾਂ ’ਚੋਂ ਐ
ਉੱਚੀ ਕੁਲ ਦੇ ਰਈਸਾਂ ’ਚੋਂ ਨਹੀਂ
ਅਤੇ ਮੇਰਾ ਬਾਬਾ ਵੀ ਕਿਸਾਨ ਸੀ
ਨਾ ਉੱਚੀ ਜਾਤ, ਨਾ ਉੱਚੀ ਜਮਾਤ!
ਤੇ ਮੇਰਾ ਘਰ ਚੌਕੀਦਾਰ ਦੀ ਕੁੱਲੀ ਵਰਗਾ
ਛਟੀਆਂ ਸਰਕੜਿਆਂ ਦਾ ਬਣਿਆ ਹੋਇਆ ਹੈ
ਤੁਹਾਨੂੰ ਮੇਰੇ ਨੀਵੇਂ ਦਰਜੇ ਤੋਂ ਕੋਈ ਤਸੱਲੀ ਹੋਈ?
ਮੇਰਾ ਨਾਮ ਨਾਲ ਕੋਈ ਰੁਤਬਾ ਨਹੀਂ ਨਾ ਲੱਗਾ ਹੋਇਆ

ਲਿਖ ਲਵੋ! ਮੈਂ ਅਰਬੀ ਹਾਂ
ਵਾਲ਼ਾਂ ਦਾ ਰੰਗ: ਸ਼ਾਹ ਕਾਲ਼ਾ
ਅੱਖਾਂ ਦਾ ਰੰਗ: ਭੂਰਾ
ਮੇਰੀ ਪਛਾਣ ਦੇ ਨਿਸ਼ਾਨ:
ਮੇਰੇ ਸਿਰ ਦੇ ਬੰਨ੍ਹਿਆ ਕੈਫੀਆ
ਤੇ ਜਿਹੜਾ ਵੀ ਇਹਨੂੰ ਹੱਥ ਲਾਵੇ ਓਹਨੂੰ ਸਬਕ ਸਿਖਾਉਣਾ
ਮੇਰਾ ਪਤਾ:
ਮੈਂ ਇਕ ਦੁਰੇਡੇ, ਭੁੱਲੇ ਵਿਸਰੇ ਪਿੰਡ ਤੋਂ ਹਾਂ
ਉਹਦੀਆਂ ਗਲ਼ੀਆਂ ਬੇਨਾਮ ਨੇ
ਤੇ ਬਾਸ਼ਿੰਦੇ ਖੇਤਾਂ ਤੇ ਖਾਣਾਂ ’ਚ ਕੰਮ ਕਰਨ ਵਾਲੇ
ਤੁਹਾਨੂੰ ਗੁੱਸਾ ਕਿਸ ਗੱਲ ਦਾ ਆਇਆ?

ਲਿਖ ਲਵੋ!
ਮੈਂ ਅਰਬੀ ਹਾਂ
ਤੁਸੀਂ ਮੇਰੇ ਪੁਰਖਿਆਂ ਦੇ ਬਾਗ਼ ਮੱਲ ਲਏ
ਤੇ ਉਹ ਜ਼ਮੀਨ ਵੀ ਜਿਹੜੀ ਮੈਂ ਵਾਹੁੰਦਾ ਸੀ
ਤੇ ਤੁਸੀਂ ਸਾਡੇ ਤੇ ਸਾਡੇ ਪੋਤਿਆਂ-ਪੜਪੋਤਿਆਂ ਵਾਸਤੇ
ਕੁਝ ਵੀ ਨਹੀਂ ਛੱਡਿਆ
ਇਨ੍ਹਾਂ ਪੱਥਰਾਂ ਤੋਂ ਬਗ਼ੈਰ...
ਤੇ ਹੁਣ ਇਨ੍ਹਾਂ ਨੂੰ ਵੀ ਤੁਹਾਡੀ ਸਰਕਾਰ ਚੁੱਕ ਕੇ ਲੈ ਜਾਵੇਗੀ
ਇਹੋ ਹੈ ਨਾ ਜੋ ਸੁਣਨ ’ਚ ਆਇਆ?

ਇਸ ਲਈ
ਪਹਿਲੇ ਪੰਨੇ ’ਤੇ ਸਭ ਤੋਂ ਉੱਪਰ ਲਿਖ ਲਵੋ:
ਮੈਂ ਲੋਕਾਂ ਨੂੰ ਨਫ਼ਰਤ ਨਹੀਂ ਕਰਦਾ
ਮੈਂ ਕਿਸੇ ਦੀ ਜ਼ਮੀਨ ’ਚ ਨਹੀਂ ਵੜਦਾ
ਪਰ ਜੇ ਮੈਂ ਭੁੱਖਾ ਮਰਾਂਗਾ
ਤਾਂ ਕਾਬਜ਼ ਧਾੜਵੀ ਦਾ ਮਾਸ ਵੀ ਖਾ ਜਾਵਾਂਗਾ
ਧਿਆਨ ਰੱਖਿਓ
ਮੇਰੀ ਇਹ ਗੱਲ
ਮੇਰੀ ਭੁੱਖ
ਤੇ ਮੇਰੇ ਗੁੱਸੇ ਤੋਂ ਬਚ ਕੇ ਰਹਿਓ
ਯਾਦ ਰੱਖਿਓ!
* * *

ਨਬੀਲ ਅਨਾਨੀ, ਬਲੈਂਡਡ ਲੈਂਡਸਕੇਪ (2022)

ਸ਼ਨਾਖ਼ਤੀ ਕਾਰਡ

ਵਾਰਤਕ ਕਵਿਤਾ

ਕੁਰਦਾਂ ਦੇ ਖ਼ੂੰਖ਼ਾਰ ਹੋਣ ਲਈ ਮਸ਼ਹੂਰ ਹੋਣ ਦੇ ਬਾਵਜੂਦ - ਮੇਰੇ ਦੋਸਤ ਮਖੌਲ ਕਰਦੇ ਹਨ - ਕਿ ਮੈਂ ਬਸੰਤ ਦੀ ਹਵਾ ਵਾਂਙ ਨਿੱਘੇ ਸੁਭਾਅ ਦਾ ਹਾਂ, ਕਿਉਂਕਿ ਮੈਂ ਦੁਨੀਆ ਦੀਆਂ ਚੌਹਾਂ ਕੂਟਾਂ ਦੇ ਬਾਸ਼ਿੰਦਿਆਂ ਨੂੰ ਭਾਈਆਂ ਵਾਂਙ ਗਲਵਕੜੀ ਪਾਈ ਹੈ।
ਤੇ ਮੈਂ ਉਹ ਆਰਮੀਨੀਅਨ ਸਾਂ, ਜਿਸ ਨੇ ਇਤਿਹਾਸ ਦੀ ਬਰਫ਼ ਹੇਠ ਲੁਕੇ ਉਨ੍ਹਾਂ ਹੰਝੂਆਂ ਦਾ ਵਿਸ਼ਵਾਸ ਨਹੀਂ ਕੀਤਾ। ਬਰਫ਼ ਜਿਸਨੇ ਕਾਤਿਲ ਅਤੇ ਮਕਤੂਲ ਦੋਵਾਂ ਨੂੰ ਢਕ ਲਿਆ ਹੈ।
ਏਨਾ ਕੁਝ ਹੋ ਜਾਣ ਦੇ ਬਾਅਦ, ਅਪਣੀ ਕਵਿਤਾ ਨੂੰ ਚਿੱਕੜ ’ਚ ਸੁੱਟਣਾ ਜ਼ਿਆਦਤੀ ਤਾਂ ਨਹੀਂ ਹੈ?

ਹਰ ਮਾਮਲੇ ਵਿਚ, ਮੈਂ ਬੈਤਹਲਹਾਈਮ ਦਾ ਸੀਰੀਅਨ ਸੀ, ਅਪਣੇ ਆਰਮੀਨਅਨ ਭਾਈ ਲਈ ਆਵਾਜ਼ ਬੁਲੰਦ ਕਰਦਾ, ਤੇ ਕੋਨੀਆ ਦਾ ਤੁਰਕ, ਸੀਰੀਆ ਦੇ ਸ਼ਹਿਰ ਦਮਸ਼ਕ ਦੇ ਦਰਵਾਜ਼ੇ ਲੰਘਦਾ।
ਤੇ ਕੁਝ ਚਿਰ ਪਹਿਲਾਂ ਮੈਂ ਬਾਇਆਦਿਰ ਵਾਦੀ ਅਲ-ਸੀਰ ਵਿਚ ਆਇਆ ਤੇ ਹਵਾ ਨੇ ਮੈਨੂੰ ਖ਼ੁਸ਼ਆਮਦੀਦ ਕਿਹਾ, ਸਿਰਫ਼ ਹਵਾ ਹੀ ਸੀ ਜਿਸਨੂੰ ਕੋਹਕਾਫ਼ ਤੋਂ ਆਏ ਬੰਦੇ ਦੀ ਪਛਾਣ ਸੀ, ਉਸਦਾ ਇੱਕੋ ਇਕ ਹਮਰਾਹ ਉਹਦੀ ਗ਼ੈਰਤ ਸੀ ਅਤੇ ਉਹਦੇ ਪੁਰਖਿਆਂ ਦੀਆਂ ਅਸਥੀਆਂ।
ਅਤੇ ਜਦੋਂ ਮੇਰਾ ਦਿਲ ਪਹਿਲੀ ਵਾਰ ਅਲਜੀਰੀਆਈ ਮਿੱਟੀ ’ਤੇ ਤੁਰਿਆ, ਮੈਨੂੰ ਕਦੇ ਵੀ ਇਹ ਨਹੀਂ ਲੱਗਿਆ ਕਿ ਮੈਂ ਇੱਥੋਂ ਦੇ ਕਬੀਲੇ ਅਮਾਜ਼ਿਗ ਦਾ ਬੰਦਾ ਨਹੀਂ ਹਾਂ।
ਮੈਂ ਕਿਤੇ ਵੀ ਗਿਆ ਉਨ੍ਹਾਂ ਨੇ ਸਮਝਿਆ ਕਿ ਮੈਂ ਇਰਾਕੀ ਹਾਂ, ਅਤੇ ਉਨ੍ਹਾਂ ਦਾ ਅੰਦਾਜ਼ਾ ਗ਼ਲਤ ਨਹੀਂ ਸੀ।

ਅਤੇ ਕਈ ਵਾਰ ਮੈਂ ਅਪਣੇ ਆਪ ਨੂੰ ਮਿਸਰ ਦਾ ਵਾਸੀ ਸਮਝਿਆ, ਅਪਣੇ ਅਫ਼ਰੀਕੀ ਪੁਰਖਿਆਂ ਨਾਲ ਨੀਲ ਦਰਿਆ ਦੇ ਆਲੇ-ਦੁਆਲੇ ਜਿਉਂਦਾ ਮਰਦਾ।

ਪਰ ਸਭ ਤੋਂ ਪਹਿਲਾਂ ਮੈਂ ਕਦੀਮੀਂ ਅਰਾਮਾਈ ਸੀ। ਕੋਈ ਹੈਰਾਨੀ ਨਹੀਂ ਕਿ ਮੇਰੇ ਚਾਚੇ ਬਾਈਜ਼ੈਨਤਾਈਨੀ ਸਨ ਅਤੇ ਜਦੋਂ ਯੇਰੂਸ਼ਲਮ ਦਰਸ਼ਨ-ਦੀਦਾਰੇ ਲਈ ਖੁੱਲ੍ਹਿਆ, ਤਾਂ ਮੈਂ ਓਦੋਂ ਖ਼ਲੀਫ਼ਾ ਉਮਰ ਤੇ ਸੰਤ ਸੋਫ਼ਰੋਨਿਅਸ ਦਾ ਪਿਆਰਿਆ ਹਿਜਾਜ਼ੀ ਬੱਚਾ ਸਾਂ।
ਕੋਈ ਵੀ ਐਸੀ ਥਾਂ ਨਹੀਂ ਹੈ, ਜਿਹਦੇ ਲੋਕ ਧਾੜਵੀਆਂ ਖਿਲਾਫ਼ ਲੜੇ ਹੋਣ ਤੇ ਮੈਂ ਉਨ੍ਹਾਂ ਲੜਦੇ ਲੋਕਾਂ ਵਿਚ ਨਹੀਂ ਸਾਂ; ਕੋਈ ਵੀ ਆਜ਼ਾਦ ਬੰਦਾ ਨਹੀਂ ਹੈ, ਜਿਸ ਨਾਲ ਮੇਰੀ ਰਿਸ਼ਤੇਦਾਰੀ ਨਹੀਂ ਹੈ; ਅਤੇ ਕੋਈ ਵੀ ਦਰੱਖ਼ਤ ਜਾਂ ਬੱਦਲ ਨਹੀਂ ਹੈ, ਜਿਸਦਾ ਮੈਂ ਦੇਣਦਾਰ ਨਹੀਂ ਹਾਂ। ਤੇ ਜ਼ਿਓਨਵਾਦੀ ਯਹੂਦੀਆਂ ਨਾਲ ਘਿਰਣਾ, ਮੇਰੇ ਇਸ ਦਾਅਵੇ ਨੂੰ ਕਤਈ ਨਹੀਂ ਰੱਦਦੀ ਕਿ ਮੈਂ ਆਂਦਾਲੂਸੀਆ ’ਚੋਂ ਕੱਢਿਆ ਯਹਦੂੀ ਸਾਂ ਅਤੇ ਹਾਲੇ ਵੀ ਛਿਪ ਰਹੇ ਸੂਰਜ ਦੇ ਮਾਅਨੇ ਕੱਢ ਸਕਦਾਂ।
ਮੇਰੇ ਘਰ ਵਿਚ ਇਕ ਖਿੜਕੀ ਹੈ ਜਿਹੜੀ ਯੂਨਾਨ ਵੱਲ ਖੁੱਲ੍ਹਦੀ ਹੈ, ਇਕ ਮੂਰਤ ਹੈ ਜਿਹੜੀ ਰੂਸ ਵੱਲ ਇਸ਼ਾਰਾ ਕਰਦੀ ਹੈ, ਹਿਜਾਜ਼ ਤੋਂ ਆਉਂਦੀ ਮਿੱਠੀ ਖ਼ੁਸ਼ਬੂ ਹੈ ਅਤੇ ਇਕ ਸ਼ੀਸ਼ਾ: ਜਦੋਂ ਵੀ ਮੈਂ ਇਹਦੇ ਸਾਹਮਣੇ ਖੜ੍ਹਦਾਂ, ਤਾਂ ਮੈਨੂੰ ਲਗਦੈ ਮੈਂ ਸ਼ੀਰਾਜ਼, ਇਸਫ਼ਾਹਾਨ ਅਤੇ ਬੁਖ਼ਾਰੇ ਦੇ ਬਾਗ਼ਾਂ ਦੀ ਬਹਾਰ ਵਿਚ ਲਿਪਟਿਆ ਖੜ੍ਹਾ ਹਾਂ।
ਅਤੇ ਇਸ ਤੋਂ ਘੱਟ, ਕੋਈ ਅਰਬੀ ਹੋ ਵੀ ਨਹੀਂ ਸਕਦਾ।
* * *
ਗ਼ੌਰਤਲਬ ਹੈ ਕਿ ਮੌਜੂਦਾ ਆਰਮੀਨੀਆ, ਸੀਰੀਆ, ਲਬਿਨਾਨ, ਅਤੇ ਫ਼ਲਸਤੀਨ ਦਾ ਖ਼ਿੱਤਾ ਇਸਾਈ, ਮੁਸਲਿਮ ਅਤੇ ਯਹੂਦੀ ਮਜ਼ਹਬਾਂ ਦਾ ਕੇਂਦਰ ਰਿਹਾ ਹੈ। ਇਹਦੇ ਦੱਖਣ ਵਿਚ ਮੱਕਾ ਮਦੀਨਾ ਸ਼ਹਿਰਾਂ ਵਾਲੇ ਖਿੱਤੇ ਨੂੰ ਹਿਜਾਜ਼ ਕਿਹਾ ਜਾਂਦਾ ਹੈ। ਬਾਈਜ਼ੈਨਤਾਈਨ ਇਸ ਇਲਾਕੇ ਦਾ ਸਾਮਰਾਜ ਸੀ। ਉੱਤਰੀ ਅਫ਼ਰੀਕਾ (ਮਿਸਰ, ਲਬਿੀਆ, ਅਲਜੀਰੀਆ, ਟਿਊਨੀਸ਼ੀਆ, ਮੌਰੱਕੋ) ਦੇ ਬਾਸ਼ਿੰਦਿਆਂ ਨੂੰ ਅਮਾਜ਼ਿਗ ਕਿਹਾ ਜਾਂਦਾ ਹੈ। ਅਰਾਮਾਈ ਈਸਾ ਮਸੀਹ ਦੇ ਵੇਲ਼ੇ ਦੀ ਭਾਖਾ ਤੇ ਕੌਮ ਦਾ ਨਾਂ ਹੈ। ਜ਼ਿਓਨਵਾਦੀ ਲਹਿਰ 19ਵੀਂ ਸਦੀ ਵਿਚ ਸ਼ੁਰੂ ਹੋਈ ਸੀ, ਜਿਸਦਾ ਮਕਸਦ ਫ਼ਲਸਤੀਨ ਵਿਚ ਯਹੂਦੀ ਧਰਮ ਦਾ ਯੂਰੋਸ਼ਲਮ ਰਾਜਧਾਨੀ ਵਾਲਾ ਹੋਮਲੈਂਡ ਬਣਾਉਣਾ ਸੀ। ਜਿਹੜਾ ਬਰਤਾਨਵੀ, ਅਮਰੀਕੀ ਤੇ ਰੂਸੀ ਹਕੂਮਤ ਦੀ ਹਮਾਇਤ ਨਾਲ 1948 ’ਚ ਹੋਂਦ ਵਿਚ ਆਇਆ ਮੁਲਕ ਇਜ਼ਰਾਈਲ ਹੈ। ਓਦੋਂ ਤੋਂ ਲੈ ਕੇ ਹੁਣ ਤਕ ਇਜ਼ਰਾਈਲ ਫ਼ਲਸਤੀਨੀਆਂ ਨੂੰ ਖਦੜੇਦਾ-ਦਰੜਦਾ ਆ ਰਿਹਾ ਹੈ। ਹਾਲੀਆ ਜੰਗ ਓਸੇ ਖਦੇੜ ਦੀ ਸਿਖਰ ਹੈ।
ਮਹਿਮੂਦ ਦਰਵੇਸ਼ (1941-2008) ਫ਼ਲਸਤੀਨ ਦੇ ਮਸ਼ਹੂਰ ਸ਼ਾਇਰ ਤੇ ਲੇਖਕ ਸਨ। ਇਨ੍ਹਾਂ ਨੂੰ ਫ਼ਲਸਤੀਨ ਦਾ ਕੌਮੀ ਸ਼ਾਇਰ ਮੰਨਿਆ ਜਾਂਦਾ ਹੈ। ਨਾਜਵਾਨ ਦਰਵੇਸ਼ (ਜਨਮ 1978) ਯੇਰੂਸ਼ਲਮ ’ਚ ਜਨਮਿਆ ਅਰਬੀ ਸ਼ਾਇਰ ਹੈ। ਇਹਦਾ ਨਾਂ ਅਰਬੀ ਅਦਬ ਦੀ ਨਵੀਂ ਪੀੜ੍ਹੀ ਦੇ ਵੱਡੇ ਸ਼ਾਇਰਾਂ ਵਿਚ ਬੋਲਦਾ ਹੈ।
(ਦੋਵਾਂ ਵਿਚ ਸ਼ਾਇਰ ਤੇ ਫ਼ਲਸਤੀਨੀ ਹੋਣ ਤੋਂ ਇਲਾਵਾ ਕੋਈ ਰਿਸ਼ਤੇਦਾਰੀ ਨਹੀਂ ਹੈ)
ਮਹਿਮੂਦ ਦਰਵੇਸ਼ ਦੀ ਕਵਿਤਾ ਦਾ ਪੰਜਾਬੀ ਰੂਪ ਡੈਨਿਸ ਜ੍ਹੌਨਸਨ-ਡੇਵਿਸ ਦੇ ਅੰਗਰੇਜ਼ੀ ਅਨੁਵਾਦ ਤੋਂ; ਨਾਜਵਾਨ ਦਰਵੇਸ਼ ਦੀ ਕਵਿਤਾ ਦਾ ਪੰਜਾਬੀ ਰੂਪ ਕਰੀਮ ਜੇਮਜ਼ ਅਬੂਜ਼ਾਇਦ ਦੇ ਅੰਗਰੇਜ਼ੀ ਅਨੁਵਾਦ ਤੋਂ।
- ਪੰਜਾਬੀ ਰੂਪ: ਜਸਦੀਪ ਸਿੰਘ

Advertisement
Author Image

sukhwinder singh

View all posts

Advertisement