ਮਨੁੱਖੀ ਸਹਾਇਤਾ ਭੇਜਣ ਲਈ ਫਲਸਤੀਨ ਦੂਤਘਰ ਵੱਲੋਂ ਕਿਸਾਨ ਯੂਨੀਅਨ ਦਾ ਸ਼ੁਕਰਾਨਾ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 18 ਨਵੰਬਰ
ਫਲਸਤੀਨ ਦੂਤਘਰ ਨੇ ਵਿੱਤੀ ਸਹਾਇਤਾ ਲਈ ਕਿਰਤੀ ਕਿਸਾਨ ਯੂਨੀਅਨ ਨੂੰ ਸ਼ੁਕਰਾਨਾ ਪੱਤਰ ਜਾਰੀ ਕੀਤਾ ਹੈ। ਕਿਸਾਨ ਯੂਨੀਅਨ ਨੇ ਦੇਸ਼-ਦੁਨੀਆਂ ਦੇ ਸਾਰੇ ਇਨਸਾਫਪਸੰਦਾਂ ਤੇ ਮਾਨਵੀ ਦਰਦ ਰੱਖਣ ਵਾਲੇ ਲੋਕਾਂ ਤੇ ਸੰਸਥਾਵਾਂ ਨੂੰ ਇਸ ਔਖੀ ਘੜੀ ਵਿੱਚ ਫਲਸਤੀਨ ਦੇ ਲੋਕਾਂ ਦੀ ਮੱਦਦ ਕਰਨ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ। ਜ਼ਿਕਰਯੋਗ ਹੈ ਕਿ ਕਿਰਤੀ ਕਿਸਾਨ ਯੂਨੀਅਨ ਪੰਜਾਬ ਨੇ ਫਲਸਤੀਨ ਦੀ ਗਾਜ਼ਾ ਪੱਟੀ ਤੇ ਪੱਛਮੀ ਕਿਨਾਰੇ ਉੱਤੇ ਇਜ਼ਰਾਈਲ ਹਮਲੇ ਨਾਲ ਹੋ ਰਹੀ ਜੰਗੀ ਤਬਾਹੀ ਕਾਰਨ ਪੈਦਾ ਹੋਏ ਮਾਨਵੀ ਸੰਕਟ ਦੇ ਚੱਲਦਿਆਂ 14 ਨਵੰਬਰ ਨੂੰ ਫਲਸਤੀਨੀ ਲੋਕਾਂ ਲਈ ਵਿੱਤੀ ਸਹਾਇਤਾ ਦਿੱਤੀ ਸੀ।
ਜਥੇਬੰਦੀ ਦੇ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਜਨਰਲ ਸਕੱਤਰ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਤੇ ਪ੍ਰੈਸ ਸਕੱਤਰ ਰਾਮਿੰਦਰ ਸਿੰਘ ਪਟਿਆਲਾ ਨੇ ਕਿਹਾ ਭਾਜਪਾ ਸਰਕਾਰ ਨੇ ਫਲਸਤੀਨ ਮੁੱਦੇ ਤੇ ਪੁਰਾਣੀ ਵਿਦੇਸ਼ ਨੀਤੀ ਦੇ ਉਲਟ ਸਟੈਂਡ ਲੈ ਕੇ ਇਜ਼ਰਾਈਲ ਦੇ ਪੱਖ ਵਿੱਚ ਭੁਗਤਣ ਦੇ ਨਾਲ ਨਾਲ ਉਸ ਦੀ ਮਦਦ ਕਰਕੇ ਸੰਸਾਰ ਭਰ ਦੇ ਇਨਸਾਫਪਸੰਦ ਹਲਕਿਆਂ ਦੀ ਨਜ਼ਰ ਵਿੱਚ ਦੇਸ਼ ਦੀ ਮਾਣ ਮਰਿਆਦਾ ਨੂੰ ਸੱਟ ਮਾਰੀ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਅੰਤਰਰਾਸ਼ਟਰੀ ਭਾਈਚਾਰਕ ਸਾਂਝ ਤੇ ਮਾਨਵੀ ਸਰੋਕਾਰ ਇਹ ਮੰਗ ਕਰਦੇ ਹਨ ਕਿ ਤਬਾਹੀ ਅਤੇ ਜ਼ੁਲਮ ਦੇ ਇਸ ਦੌਰ ਵਿੱਚ ਫਲਸਤੀਨ ਲੋਕਾਂ ਦੀ ਨਾ ਸਿਰਫ ਮਦਦ ਕੀਤੀ ਜਾਵੇ ਸਗੋਂ ਮੱਧ ਪੂਰਬ ਵਿੱਚ ਜੰਗਬੰਦੀ ਅਤੇ ਮਸਲੇ ਦੇ ਸਥਾਈ ਹੱਲ ਲਈ ਜ਼ੋਰਦਾਰ ਆਵਾਜ਼ ਵੀ ਉਠਾਈ ਜਾਵੇ।