ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਫਿੱਕੀ ਚਾਹ ਅਤੇ ਜਲੇਬੀ

10:22 AM Sep 03, 2023 IST

ਕੇਵਲ ਸਿੰਘ ਮਾਨਸਾ

Advertisement

ਜੱਗ ਬੀਤੀ

ਜੀਵਨ ਸ਼ੈਲੀ ਵਿੱਚ ਆਈ ਤਬਦੀਲੀ, ਦਿਮਾਗ਼ੀ ਤਣਾਅ ਅਤੇ ਖਾਣ-ਪੀਣ ਦੀਆਂ ਮਾੜੀਆਂ ਆਦਤਾਂ ਕਾਰਨ ਸ਼ੱਕਰ ਰੋਗ (ਸ਼ੂਗਰ) ਦੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਪੈਸੇ ਦੀ ਅੰਨ੍ਹੀ ਦੌੜ ਕਾਰਨ ਮਨੁੱਖ ਦੇ ਮੂੰਹ ਵਿੱਚੋਂ ਮਿਠਾਸ ਗਾਇਬ ਹੋ ਕੇ ਖ਼ੂਨ ਵਿੱਚ ਚਲੀ ਗਈ ਜਾਪਦੀ ਹੈ। ਜੇਕਰ ਅਸੀਂ ਆਪਣੇ ਆਲੇ-ਦੁਆਲੇ ਜ਼ਰਾ ਕੁ ਗਹੁ ਨਾਲ ਦੇਖੀਏ ਤਾਂ ਸ਼ੱਕਰ ਰੋਗ ਦੇ ਮਰੀਜ਼ਾਂ ਦੀ ਭਰਮਾਰ ਨਜ਼ਰ ਆਵੇਗੀ। ਇਹ ਇੱਕ ਅਜਿਹੀ ਬਿਮਾਰੀ ਹੈ ਜੋ ਮਨੁੱਖ ਨੂੰ ਹੌਲੀ ਹੌਲੀ ਅੰਦਰੋਂ ਖੋਖਲਾ ਕਰ ਦਿੰਦੀ ਹੈ। ਇਹ ਬਿਮਾਰੀ ਕਿਸੇ ਨੂੰ ਵੀ ਹੋ ਸਕਦੀ ਹੈ। ਇਸ ਤੋਂ ਪੀੜਿਤ ਵਿਅਕਤੀ ਦੇ ਸਰੀਰ ਵਿੱਚ ਇਨਸੂਲਿਨ ਲੋੜੀਂਦੀ ਮਾਤਰਾ ਵਿੱਚ ਨਹੀਂ ਬਣਦੀ ਜਾਂ ਸਰੀਰ ਵਿੱਚ ਬਣਿਆ ਇਨਸੂਲਿਨ ਪੂਰੀ ਤਰ੍ਹਾਂ ਕੰਮ ਨਹੀਂ ਕਰਦਾ। ਇਸ ਕਰਕੇ ਗੁਲੂਕੋਜ਼ ਦੀ ਪੂਰੀ ਮਾਤਰਾ ਸਰੀਰ ਦੀਆਂ ਕੋਸ਼ਿਕਾਵਾਂ ਤੱਕ ਨਹੀਂ ਪਹੁੰਚਦੀ ਅਤੇ ਖ਼ੂਨ ਵਿੱਚ ਸ਼ੂਗਰ ਦੀ ਮਾਤਰਾ ਵਧ ਜਾਂਦੀ ਹੈ। ਇਸ ਨੂੰ ਹਲਕੇ ਵਿੱਚ ਲੈਣਾ ਸਰੀਰ ਲਈ ਖ਼ਤਰਨਾਕ ਹੋ ਸਕਦਾ ਹੈ ਕਿਉਂਕਿ ਇਹ ਦਿਲ, ਗੁਰਦੇ ਅਤੇ ਅੱਖਾਂ ਜਿਹੇ ਮਹੱਤਵਪੂਰਨ ਅੰਗਾਂ ਨੂੰ ਪ੍ਰਭਾਵਿਤ ਕਰਦੀ ਹੈ।
ਸ਼ੱਕਰ ਰੋਗ ਨੂੰ ਕੰਟਰੋਲ ਕਰਨ ਲਈ ਦਵਾਈ ਦੇ ਨਾਲ ਪ੍ਰਹੇਜ਼ ਦੀ ਲੋੜ ਪੈਂਦੀ ਹੈ। ਜੋ ਲੋਕ ਪ੍ਰਹੇਜ਼ ਰੱਖਦੇ ਹਨ, ਆਪਣੀ ਜੀਭ ’ਤੇ ਕਾਬੂ ਰੱਖਦੇ ਹਨ ਅਤੇ ਹਰ ਰੋਜ਼ ਕਸਰਤ ਕਰਦੇ ਹਨ ਉਹ ਪੂਰੀ ਰਿਸ਼ਟ-ਪੁਸ਼ਟ ਜ਼ਿੰਦਗੀ ਜਿਉਂਦੇ ਹਨ। ਪਰ ਆਮ ਤੌਰ ’ਤੇ ਜ਼ਿਆਦਾਤਰ ਲੋਕ ਨਾ ਤਾਂ ਡਾਕਟਰ ਦੀ ਦੱਸੀ ਦਵਾਈ ਖਾਂਦੇ ਹਨ ਅਤੇ ਨਾ ਹੀ ਕੋਈ ਪ੍ਰਹੇਜ਼ ਰੱਖਦੇ ਹਨ। ਪਿਛਲੇ ਮਹੀਨੇ ਦੀ ਗੱਲ ਹੈ ਕਿ ਮੈਂ ਆਪਣੇ ਤਾਏ ਨਾਲ ਨੇੜਲੇ ਪਿੰਡ ਰਿਸ਼ਤੇਦਾਰੀ ਵਿੱਚ ਸ਼ਗਨ ’ਤੇ ਚਲਾ ਗਿਆ। ਤਾਇਆ ਦੋ-ਤਿੰਨ ਸਾਲਾਂ ਤੋਂ ਇਸ ਬਿਮਾਰੀ ਦਾ ਮਰੀਜ਼ ਹੈ। ਸ਼ਗਨ ਵਾਲੇ ਘਰ ਪਹੁੰਚ ਕੇ ਅਸੀਂ ਰਿਸ਼ਤੇਦਾਰਾਂ ਨਾਲ ਗੱਲਾਂਬਾਤਾਂ ਕੀਤੀਆਂ। ਰਿਸ਼ਤੇਦਾਰ ਸਾਨੂੰ ਚਾਹ ਪਾਣੀ ਪਿਲਾਉਣ ਲਈ ਟੈਂਟ ਵਿੱਚ ਲੈ ਗਏ। ਟੈਂਟ ਵਿੱਚ ਮਿੱਠੀ ਚਾਹ ਹੋਣ ਕਰਕੇ ਤਾਇਆ ਕਹਿਣ ਲੱਗਾ, ‘‘ਭਾਈ, ਮੈਨੂੰ ਸ਼ੂਗਰ ਐ, ਇਉਂ ਕਰੋ ਮੇਰੇ ਵਾਸਤੇ ਇੱਕ ਕੱਪ ਫਿੱਕਾ ਬਣਾ ਕੇ ਲਿਆਓ।’’ ਤਾਏ ਦੇ ਕਹਿਣ ’ਤੇ ਦੋ ਤਿੰਨ ਰਿਸ਼ਤੇਦਾਰ ਜਲਦੀ-ਜਲਦੀ ਗਏ ਅਤੇ ਹਲਵਾਈ ਤੋਂ ਸਪੈਸ਼ਲ ਇੱਕ ਕੱਪ ਫਿੱਕਾ ਬਣਵਾ ਕੇ ਲਿਆਏ। ਤਾਇਆ ਫਿੱਕੀ ਚਾਹ ਦੀਆਂ ਚੁਸਕੀਆਂ ਲੈਂਦਾ ਹੋਇਆ ਟੈਂਟ ਦੇ ਸਿਰੇ ’ਤੇ ਚਲਾ ਗਿਆ ਅਤੇ ਮੈਥੋਂ ਅੱਖ ਬਚਾ ਕੇ ਛੇ-ਸੱਤ ਜਲੇਬੀਆਂ ਮਾਂਜ ਗਿਆ। ਮੈਨੂੰ ਤਾਏ ਵੱਲ ਦੇਖ ਕੇ ਬਹੁਤ ਹਾਸੀ ਆਈ। ਤਾਇਆ ਜਿਸ ਨੂੰ ਡਾਕਟਰ ਨੇ ਮਿੱਠਾ ਖਾਣ ਤੋਂ ਪ੍ਰਹੇਜ਼ ਦੱਸਿਆ ਸੀ, ਉਸ ਨੇ ਫਿੱਕੀ ਚਾਹ ਨਾਲ ਜਲੇਬੀਆਂ ਖਾਣ ਦੇ ਕੜਿਲ ਕੱਢ ਦਿੱਤੇ। ਵਾਪਸ ਆਉਣ ਵੇਲੇ ਮੈਂ ਉਸ ਨੂੰ ਪੁਛਿਆ, ‘‘ਤਾਇਆ ਜੀ, ਜੇ ਜਲੇਬੀਆਂ ਹੀ ਖਾਣੀਆਂ ਸੀ ਤਾਂ ਫਿੱਕੀ ਚਾਹ ’ਤੇ ਵਿਚਾਰਿਆਂ ਦਾ ਸਮਾਂ ਕਿਉਂ ਬਰਬਾਦ ਕਰਵਾਇਆ?’’ ਜਵਾਬ ਵਿੱਚ ਤਾਇਆ ਕਹਿੰਦਾ, ‘‘ਭਤੀਜ, ਫਿੱਕੀ ਚਾਹ ਤਾਂ ਸਾਡੇ ਦਿਮਾਗ ਵਿੱਚ ਵਸੀ ਹੋਈ ਐ। ਪਰ ਮਿੱਠੇ ਤੋਂ ਪ੍ਰਹੇਜ਼ ਹੋਣ ਕਰਕੇ ਮਿੱਠਾ ਖਾਣ ਨੂੰ ਚਿੱਤ ਹੀ ਬਹੁਤ ਕਰਦੈ। ਨਾਲੇ ਜਲੇਬੀਆਂ ਨੂੰ ਦੇਖ ਕੇ ਤਾਂ ਜਾਨ ਹੀ ਨਿਕਲਣ ਲੱਗ ਪੈਂਦੀ ਐ।’’ ਰਾਤ ਨੂੰ ਤਾਏ ਦੀ ਸ਼ੂਗਰ ਵਧ ਗਈ ਤੇ ਡਾਕਟਰ ਕੋਲ ਦਾਖਲ ਕਰਵਾਉਣਾ ਪਿਆ। ਅੱਠ ਜਲੇਬੀਆਂ 250 ਰੁਪਏ ਪ੍ਰਤੀ ਜਲੇਬੀ ਦੇ ਹਿਸਾਬ ਨਾਲ ਦੋ ਹਜ਼ਾਰ ਰੁਪਏ ’ਚ ਪੈ ਗਈਆਂ।
ਪਿਛਲੇ ਐਤਵਾਰ ਮੈਂ ਇੱਕ ਬਜ਼ੁਰਗ ਔਰਤ ਦੇ ਭੋਗ ’ਤੇ ਚਲਾ ਗਿਆ। ਮਾਤਾ ਬੜੇ ਕਰਮਾਂ ਵਾਲੀ ਸੀ। ਨੱਬੇ ਸਾਲ ਦੀ ਤਸੱਲੀਬਖਸ਼ ਉਮਰ ਭੋਗ ਕੇ ਸਵਰਗ ਸਿਧਾਰ ਗਈ ਸੀ। ਪਰਿਵਾਰ ਵਾਲਿਆਂ ਨੇ ਖ਼ੁਸ਼ੀ ਵਿੱਚ ਜਲੇਬੀਆਂ, ਪਕੌੜੇ, ਖੀਰ, ਸਬਜ਼ੀਆਂ ਕਈ ਤਰ੍ਹਾਂ ਦੇ ਸੁਆਦਲੇ ਪਕਵਾਨ ਬਣਵਾਏ। ਮੇਜ਼ਾਂ ਉੱਤੇ ਦੋ ਤਰ੍ਹਾਂ ਦੀ ਫਿੱਕੀ, ਮਿੱਠੀ ਚਾਹ ’ਤੇ ਪਰਚੀ ਚਿਪਕਾਈ ਹੋਈ ਸੀ ਅਤੇ ਇਹ ਮੈਂ ਪਹਿਲੀ ਵਾਰ ਦੇਖਿਆ ਸੀ ਕਿ ਉੱਥੇ ਮਿੱਠੀਆਂ ਤੇ ਫਿੱਕੀਆਂ ਦੋ ਤਰ੍ਹਾਂ ਦੀਆਂ ਜਲੇਬੀਆਂ ਵੀ ਸਨ। ਫਿੱਕੀਆਂ ਜਲੇਬੀਆਂ ਤੇ ਕਾਲਾ ਨਮਕ ਲੱਗਿਆ ਹੋਇਆ ਸੀ ਜੋ ਕਿ ਬਹੁਤ ਸਵਾਦ ਸਨ। ਕੁਝ ਸ਼ੂਗਰ ਦੇ ਮਰੀਜ਼ ਫਿੱਕੀ ਚਾਹ ਲੈ ਰਹੇ ਸਨ। ਮੈਂ ਸਾਰਾ ਦ੍ਰਿਸ਼ ਦੇਖ ਰਿਹਾ ਸੀ। ਫਿੱਕੀ ਚਾਹ ਪੀਣ ਵਾਲਿਆਂ ਵਿੱਚੋਂ ਅੱਧ ਨਾਲੋਂ ਜ਼ਿਆਦਾ ਨਾਲ ਮਿੱਠੀਆਂ ਜਲੇਬੀਆਂ ਖਾ ਰਹੇ ਸਨ। ਮੈਂ ਇੱਕ ਦੋ ਜਾਣ ਪਛਾਣ ਵਾਲਿਆਂ ਤੋਂ ਪੁੱਛਿਆ, ਬਈ, ‘‘ਇਹ ਤੁਹਾਡਾ ਕੀ ਹਿਸਾਬ ਕਿਤਾਬ ਐ? ਚਾਹ ਫਿੱਕੀ ਤੇ ਜਲੇਬੀ ਮਿੱਠੀ।’’ ਜਵਾਬ ਵਿੱਚ ਉਹ ਕਹਿਣ ਲੱਗੇ, ‘‘ਦੇਖੋ ਜੀ, ਜੇ ਅਸੀਂ ਚਾਹ ਮਿੱਠੀ ਪੀਦੇਂ ਹਾਂ ਤਾਂ ਸਾਨੂੰ ਆਪਣੇ ਅੰਦਰੋਂ ਆਵਾਜ਼ ਆਉਂਦੀ ਐ, ਦੇਖੀਂ ਗਲਤ ਕੰਮ ਨਾ ਕਰੀਂ ਤੈਨੂੰ ਸ਼ੂਗਰ ਐ, ਡਾਕਟਰ ਨੇ ਪ੍ਰਹੇਜ਼ ਦੱਸਿਐ। ਪਰ ਜਲੇਬੀਆਂ ਨੂੰ ਦੇਖ ਕੇ ਮਨ ਵੱਸ ਤੋਂ ਬਾਹਰ ਹੋ ਜਾਂਦੈ। ਉਂਝ ਸਾਨੂੰ ਪਤਾ ਵੀ ਐ ਕਿ ਜਲੇਬੀਆਂ ਨੇ ਬਾਅਦ ਵਿੱਚ ਸਾਡਾ ਨੁਕਸਾਨ ਵੀ ਕਰਨੈ। ਕੀ ਕਰੀਏ ਸ਼ੂਗਰ ਬੜੀ ਮਾੜੀ ਬਿਮਾਰੀ ਐ। ਬਿਮਾਰੀ ਨੇ ਸਾਡੀ ਅੰਦਰ ਦੀ ਮਿਠਾਸ ਖਤਮ ਕਰ ਦਿੱਤੀ ਐ, ਧੁਰ ਅੰਦਰੋਂ ਖੋਖਲਾ ਕਰ ਦਿੱਤੈ। ਤੁਹਾਨੂੰ ਅਜੇ ਅਹਿਸਾਸ ਨਹੀਂ ਕਿ ਮਿੱਠੇ ਤੋਂ ਦੂਰ ਰਹਿ ਕੇ ਜਿਉਣਾ ਕਿੰਨਾ ਔਖਾ ਕੰਮ ਹੁੰਦਾ ਹੈ।’’ ਜਵਾਬ ਵਿੱਚ ਮੈਂ ਕਿਹਾ, ‘‘ਤੁਹਾਡੀ ਗੱਲ ਵਜ਼ਨਦਾਰ ਐ ਪਰ ਫਿੱਕੀ ਚਾਹ ਤੇ ਮਿੱਠੀ ਜਲੇਬੀ ਵਿਰੋਧੀ ਸ਼ਬਦ ਹੈ।’’ ਭੋਗ ਦੌਰਾਨ ਇੱਕ ਗੱਲ ਜੋ ਬਹੁਤ ਵਧੀਆ ਲੱਗੀ ਕਿ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਕੁਝ ਲੋਕ ਫਿੱਕੀਆਂ ਜਲੇਬੀਆਂ ਖਾ ਰਹੇ ਸਨ। ਭੋਗ ਦੌਰਾਨ ਮੈਂ ਇੱਕ ਪੁਰਾਣੇ ਮੁਲਾਜ਼ਮ ਦੋਸਤ ਸ਼ਰਮਾ ਜੀ ਨੂੰ ਮਿਲਿਆ। ਅਸੀਂ ਦੋਵੇਂ ਇਕੱਠੇ ਚਾਹ ਪੀਣ ਲੱਗੇ। ਮੈਂ ਮਿੱਠੀ ਚਾਹ ਦਾ ਕੱਪ ਲਿਆ ਤੇ ਸ਼ਰਮਾ ਜੀ ਨੇ ਸ਼ੂਗਰ ਕਾਰਨ ਫਿੱਕੀ ਚਾਹ ਲੈ ਲਈ। ਮੈਂ ਆਪਣੇ ਦੋਸਤ ਵੱਲ ਦੇਖ ਕੇ ਬਹੁਤ ਪ੍ਰਸੰਨ ਹੋਇਆ ਜੋ ਬਿਮਾਰੀ ਦੀ ਗੰਭੀਰਤਾ ਨੂੰ ਧਿਆਨ ਵਿੱਚ ਰੱਖਦਿਆਂ ਫਿੱਕੀਆਂ ਜਲੇਬੀਆਂ ਖਾ ਰਿਹਾ ਸੀ। ਭੋਗ ਪੈਣ ਤੋਂ ਬਾਅਦ ਜਦੋਂ ਅਸੀਂ ਵਾਪਸ ਪਰਤਣ ਲੱਗੇ ਤਾਂ ਸ਼ਰਮਾ ਜੀ ਤੋਂ ਰਿਹਾ ਨਾ ਗਿਆ, ਦੁਬਾਰਾ ਚਾਹ ਪੀਣ ਬਹਾਨੇ ਮੈਥੋਂ ਅੱਖ ਬਚਾ ਕੇ ਜਾਂਦਾ ਹੋਇਆ ਫਿਰ ਵੀ ਇੱਕ ਮਿੱਠੀ ਜਲੇਬੀ ਖਾ ਹੀ ਲਈ। ਮੈਂ ਉਸ ਨੂੰ ਮੂੰਹ ’ਤੇ ਤਾਂ ਕੁਝ ਨਾ ਕਿਹਾ, ਪਰ ਮਨ ਵਿੱਚ ਜ਼ਰੂਰ ਸੋਚਿਆ ਕਿ ਬਾਹਰੋਂ ਫਿੱਕੀ ਚਾਹ ਦਾ ਭੁਲੇਖਾ ਪਾ ਕੇ ਬਿਮਾਰੀ ਦੇ ਉਲਟ ਲੁਕ ਛਿਪ ਕੇ ਮਿੱਠਾ ਖਾਣ ਵਾਲੇ ਲੋਕ ਅਸਲ ਵਿੱਚ ਆਪਣੀ ਸਿਹਤ ਨਾਲ ਖਿਲਵਾੜ ਕਰਦੇ ਹਨ।
ਸੰਪਰਕ: 98725-15652

Advertisement
Advertisement