ਪੈਲੇਸ ਨੂੰ ਲੱਗੀ ਅੱਗ, ਲੱਖਾਂ ਦਾ ਨੁਕਸਾਨ
ਜੰਗ ਬਹਾਦਰ ਸਿੰਘ ਸੇਖੋਂ
ਗੜ੍ਹਸ਼ੰਕਰ, 5 ਨਵੰਬਰ
ਗੜ੍ਹਸ਼ੰਕਰ-ਹੁਸ਼ਿਆਰਪੁਰ ਰੋਡ ’ਤੇ ਸਥਿਤ ਪਿੰਡ ਪਦਰਾਣਾ ਵਿੱਚ ਗਰੈਂਡ ਮੇਨਰ ਪੈਲੇਸ ਵਿੱਚ ਅੱਜ ਭਿਆਨਕ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਲੋਕਾਂ ਨੇ ਬੜੀ ਮੁਸ਼ਕਿਲ ਨਾਲ ਅੱਗ ’ਤੇ ਕਾਬੂ ਪਾਇਆ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਚੱਲ ਸਕਿਆ। ਘਟਨਾ ਦਾ ਅੱਜ ਦੁਪਹਿਰ ਕਰੀਬ ਇਕ ਵਜੇ ਪਤਾ ਲੱਗਿਆ।
ਰਾਹਗੀਰਾਂ ਵਲੋਂ ਮੌਕੇ ’ਤੇ ਪਹੁੰਚ ਕੇ ਸਾਮਾਨ ਬਾਹਰ ਕੱਢਣਾ ਸ਼ੁਰੂ ਕੀਤਾ ਅਤੇ ਅੱਗ ਲੱਗਣ ਦੀ ਸੂਚਨਾ ਥਾਣਾ ਗੜ੍ਹਸ਼ੰਕਰ ਅਤੇ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਸੂਚਨਾ ਮਿਲਣ ’ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ’ਤੇ ਕਾਬੂ ਪਾਇਆ ਪਰ ਉਦੋਂ ਤਕ ਪੈਲੇਸ ਦਾ ਵੱਡਾ ਹਿੱਸਾ ਸੜ ਕੇ ਸੁਆਹ ਹੋ ਚੁੱਕਾ ਸੀ। ਮੌਕੇ ’ਤੇ ਪੁੱਜੇ ਥਾਣਾ ਗੜ੍ਹਸ਼ੰਕਰ ਦੇ ਐੱਸਐੱਚ ਓ ਬਲਜਿੰਦਰ ਸਿੰਘ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਅਤੇ ਨੁਕਸਾਨ ਦਾ ਪਤਾ ਨਹੀਂ ਚੱਲ ਸਕਿਆ ਪਰ ਅੱਗ ’ਤੇ ਕਾਬੂ ਪਾ ਲਿਆ ਹੈ।
ਘਰ ਨੂੰ ਅੱਗ ਲੱਗਣ ਕਾਰਨ ਕੁੱਤੇ ਦੀ ਮੌਤ
ਜਲੰਧਰ (ਪੱਤਰ ਪ੍ਰੇਰਕ): ਖੋਦਿਆ ਮੁਹੱਲੇ ’ਚ ਘਰ ਨੂੰ ਅੱਗ ਲੱਗ ਗਈ। ਜਦੋਂ ਇਹ ਘਟਨਾ ਵਾਪਰੀ ਤਾਂ ਉਸ ਸਮੇਂ 20 ਸਾਲਾ ਲੜਕੀ ਘਰ ’ਚ ਮੌਜੂਦ ਸੀ ਜਿਸ ਨੂੰ ਇਲਾਕਾ ਨਿਵਾਸੀਆਂ ਨੇ ਬਾਹਰ ਕੱਢਿਆ। ਫਿਲਹਾਲ ਅੱਗ ਲੱਗਣ ਦਾ ਕਾਰਨ ਮੰਦਰ ਵਿਚਲੀ ਜੋਤ ਨੂੰ ਦੱਸਿਆ ਜਾ ਰਿਹਾ ਹੈ। ਪਹਿਲਾਂ ਮੰਦਰ ’ਚ ਅੱਗ ਲੱਗੀ, ਫਿਰ ਕੁਝ ਹੀ ਸਮੇਂ ’ਚ ਅੱਗ ਪੂਰੇ ਘਰ ’ਚ ਫੈਲ ਗਈ। ਘਟਨਾ ਵਿੱਚ ਘਰ ਦੇ ਅੰਦਰ ਸੌਂ ਰਹੇ ਕੁੱਤੇ ਦੀ ਸੜਨ ਕਾਰਨ ਮੌਤ ਹੋ ਗਈ। ਜਲੰਧਰ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਬਾਜ਼ਾਰ ਤੰਗ ਹੋਣ ਕਾਰਨ ਫਾਇਰ ਬ੍ਰਿਗੇਡ ਦੀ ਗੱਡੀ ਅੰਦਰ ਨਹੀਂ ਆ ਸਕੀ। ਇਸ ਕਾਰਨ ਘਰ ਤੋਂ ਕਰੀਬ 150 ਮੀਟਰ ਦੀ ਦੂਰੀ ’ਤੇ ਗੱਡੀਆਂ ਖੜ੍ਹੀਆਂ ਕਰਕੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਜਾਣਕਾਰੀ ਮੁਤਾਬਕ ਪੀੜਤ ਮਕਾਨ ਮਾਲਕ ਬਾਜ਼ਾਰ ’ਚ ਬੁਟੀਕ ਚਲਾਉਂਦੀ ਸੀ। ਰੋਜ਼ ਦੀ ਤਰ੍ਹਾਂ ਉਹ ਆਪਣੇ ਬੁਟੀਕ ’ਤੇ ਗਈ ਹੋਈ ਸੀ। ਉਸ ਦੀ ਧੀ ਘਰ ’ਚ ਸੁੱਤੀ ਪਈ ਸੀ। 11 ਵਜੇ ਅਚਾਨਕ ਘਰ ਦੇ ਅੰਦਰੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ। ਜਿਸ ਤੋਂ ਬਾਅਦ ਇਲਾਕਾ ਨਿਵਾਸੀਆਂ ਨੇ ਤੁਰੰਤ ਘਰ ਦੇ ਅੰਦਰ ਮੌਜੂਦ ਲੜਕੀ ਨੂੰ ਬਾਹਰ ਕੱਢਿਆ ਅਤੇ ਮਾਮਲੇ ਦੀ ਸੂਚਨਾ ਫਾਇਰ ਬ੍ਰਿਗੇਡ ਟੀਮ ਨੂੰ ਦਿੱਤੀ ਗਈ। ਪਰਿਵਾਰ ਮੁਤਾਬਕ ਅੱਗ ਲੱਗਣ ਦਾ ਕਾਰਨ ਜੋਤ ਦੱਸੀ ਜਾ ਰਹੀ ਹੈ। ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ। ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।