ਪੱਕਾ ਮੋਰਚਾ: ਧਰਨਕਾਰੀਆਂ ਤੇ ਪੁਲੀਸ ਵਿਚਾਲੇ ਮਾਹੌਲ ਤਣਾਅਪੂਰਨ
ਭਗਵਾਨ ਦਾਸ ਗਰਗ
ਨਥਾਣਾ, 4 ਅਕਤੂਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋ ਨਗਰ ਵਾਸੀਆਂ ਦੇ ਸਹਿਯੋਗ ਨਾਲ ਪਾਣੀ ਦੀ ਨਿਕਾਸੀ ਨੂੰ ਲੈ ਕੇ ਇਥੇ ਲਾਇਆ ਪੱਕਾ ਮੋਰਚਾ ਅੱਜ 22ਵੇਂ ਦਿਨ ਵੀ ਜਾਰੀ ਰਿਹਾ। ਅੱਜ ਧਰਨਾਕਾਰੀਆਂ ਅਤੇ ਪੁਲੀਸ ਵਿਚਕਾਰ ਦਿਨ ਭਰ ਤਲਖੀ ਅਤੇ ਤਣਾਅ ਵਾਲਾ ਮਾਹੌਲ ਬਣਿਆ ਰਿਹਾ। ਦਰਅਸਲ ਧਰਨਾਕਾਰੀ ਨਗਰ ਪੰਚਾਇਤ ਕੰਪਲੈਕਸ ਅੰਦਰ ਪੱਕਾ ਮੋਰਚਾ ਲਾਈ ਬੈਠੇ ਹਨ। ਅੱਜ ਪੰਚਾਇਤ ਚੋਣਾਂ ਦੀਆਂ ਨਾਮਜ਼ਦਗੀਆਂ ਦਾ ਅੰਤਿਮ ਦਿਨ ਹੋਣ ਕਰਕੇ ਪਿੰਡਾਂ ਦੇ ਚੋਣਾਂ ਲੜਨ ਦੇ ਚਾਹਵਾਨ ਪੰਚ ਸਰਪੰਚ ਆਪਣੇ ਕਾਗਜਾਤ ਜਮਾਂ ਕਰਵਾਉਣ ਪੁੱਜੇ ਹੋਏ ਸਨ। ਇਹ ਕਾਗ਼ਜ਼ਾਤ ਨਗਰ ਪੰਚਾਇਤ ਦੇ ਦਫ਼ਤਰ ਅਤੇ ਨਾਲ ਲੱਗਦੇ ਬੀਡੀਪੀਓ ਦਫ਼ਤਰ ਜਮ੍ਹਾਂ ਹੋਣੇ ਸਨ। ਇਸੇ ਕਾਰਨ ਦੋਵਾਂ ਥਾਵਾਂ ’ਤੇ ਲੋਕਾਂ ਦੀ ਭਾਰੀ ਭੀੜ ਜਮ੍ਹਾਂ ਹੋ ਗਈ ਸੀ। ਪੁਲੀਸ ਨੇ ਇਸ ਭੀੜ ’ਚ ਹੋਣ ਵਾਲੇ ਕਿਸੇ ਤਕਰਾਰ ਨੂੰ ਮੁੱਖ ਰਖਦਿਆਂ ਧਰਨਾਕਾਰੀਆਂ ਨੂੰ ਉਥੋਂ ਧਰਨਾ ਹਟਾਉਣ ਦੇ ਆਦੇਸ਼ ਦੇ ਦਿੱਤੇ। ਇਸੇ ਕਾਰਨ ਇੱਕ ਵਾਰ ਧਰਨਾਕਾਰੀਆਂ ਅਤੇ ਪੁਲੀਸ ਵਿਚਕਾਰ ਤਲਖੀ ਵਾਲਾ ਮਾਹੌਲ ਬੁਣ ਗਿਆ ਜਦੋਂ ਪੁਲੀਸ ਨੇ ਧਰਨਾ ਜਬਰੀ ਚੁਕਵਾਉਣ ਦੀ ਗੱਲ ਆਖੀ ਤਾਂ ਧਰਨਾਕਾਰੀ ਅਤੇ ਕਿਸਾਨ ਵਰਕਰ ਰੋਹ ’ਚ ਆ ਗਏ ਅਤੇ ਨਥਾਣਾ ਭੁੱਚੋ ਮੁੱਖ ਸੜਕ ਜਾਮ ਕਰਨ ਦੀ ਚਿਤਾਵਨੀ ਦੇ ਦਿੱਤੀ। ਨਤੀਜੇ ਵਜੋਂ ਧਰਨਾਕਾਰੀ ਦਿਨ ਭਰ ਡਟੇ ਰਹੇ। ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਰਾਮਰਤਨ ਸਿੰਘ, ਲਖਵੀਰ ਸਿੰਘ ਬੀਰਾ, ਗੁਰਮੇਲ ਸਿੰਘ, ਜਸਕਰਨ ਸਿੰਘ ਨੰਬਰਦਾਰ ਅਤੇ ਮਹਿਲਾ ਕਿਸਾਨ ਕਰਮਜੀਤ ਕੌਰ ਲਹਿਰਾ ਖਾਨਾ ਨੇ ਕਿਹਾ ਕਿ ਜੇਕਰ ਪੁਲੀਸ ਨੇ ਸ਼ਾਤਮਈ ਧਰਨੇ ’ਤੇ ਜਬਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਥੇ ਸੰਘਰਸ਼ ਵਿੱਢਿਆ ਜਾਵੇਗਾ। ਉਨ੍ਹਾਂ ਪਾਣੀ ਦੀ ਨਿਕਾਸੀ ਦਾ ਹੱਲ ਹੋਣ ਤੱਕ ਧਰਨੇ ’ਚ ਡਟੇ ਰਹਿਣ ਦਾ ਅਹਿਦ ਲਿਆ।