ਪੱਕਾ ਮੋਰਚਾ: ਧਰਨਾਕਾਰੀਆਂ ਵੱਲੋਂ ਸੰਘਰਸ਼ ਭਖਾਉਣ ਦਾ ਫ਼ੈਸਲਾ
ਭਗਵਾਨ ਦਾਸ ਗਰਗ
ਨਥਾਣਾ, 28 ਸਤੰਬਰ
ਗੰਦੇ ਪਾਣੀ ਦੀ ਨਿਕਾਸੀ ਲਈ ਚੱਲ ਰਹੇ ਪੱਕੇ ਮੋਰਚੇ ਦੇ ਅੱਜ 16ਵੇਂ ਦਿਨ ਪ੍ਰਬੰਧਕਾਂ ਨੇ ਸੰਘਰਸ਼ ਨੂੰ ਭਖਾਉਣ ਦਾ ਫੈਸਲਾ ਕੀਤਾ ਹੈ। ਇਸ ਲੜੀ ’ਚ ਭਲਕੇ ਐਤਵਾਰ ਨੂੰ ਨਗਰ ਦੇ ਗਲੀਆਂ ਬਾਜ਼ਾਰਾਂ ਵਿੱਚ ਵੱਡਾ ਮਾਰਚ ਕੀਤਾ ਜਾਵੇਗਾ। ਧਰਨੇ ’ਚ ਸ਼ਾਮਲ ਮਹਿਲਾਵਾਂ ਨੇ ਪ੍ਰਬੰਧਕਾਂ ਉੱਪਰ ਦਬਾਅ ਪਾਇਆ ਹੈ ਕਿ ਕਰੋ ਜਾਂ ਮਰੋ ਦੀ ਨੀਤੀ ਅਖਤਿਆਰ ਕੀਤੇ ਬਗੈਰ ਇਹ ਸੰਘਰਸ਼ ਸਫ਼ਲ ਨਹੀਂ ਹੋਵੇਗਾ। ਆਗੂਆਂ ਨੇ ਇਸ ਸੁਝਾਅ ਦਾ ਹਾਂ-ਪੱਖੀ ਹੁੰਗਾਰਾ ਭਰਿਆ ਹੈ। ਅੱਜ ਧਰਨਾਕਾਰੀਆਂ ਦੇ ਚਿਹਰਿਆਂ ’ਤੇ ਝਲਕਦਾ ਰੋਹ ਸਾਫ਼ ਦਿਖਾਈ ਦਿੱਤਾ। ਕਿਸਾਨ ਆਗੂ ਬਹਾਦਰ ਸਿੰਘ, ਰਾਮਰਤਨ ਸਿੰਘ, ਚਮਕੌਰ ਸਿੰਘ, ਗੁਰਮੇਲ ਸਿੰਘ, ਮਹਿਲਾ ਆਗੂ ਕਮਲਜੀਤ ਕੌਰ ਅਤੇ ਪਰਮਜੀਤ ਕੌਰ ਨੇ ਕਿਹਾ ਕਿ ਨਗਰ ਪੰਚਾਇਤ ਦੇ ਅਧਿਕਾਰੀ ਧਰਨਕਾਰੀਆਂ ਦੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਹੈ। ਬੁਲਾਰਿਆਂ ਆਖਿਆ ਕਿ ਇਸ ਪੱਕੇ ਮੋਰਚੇ ਦੇ ਸੰਘਰਸ਼ ਨੂੰ ਕਾਮਯਾਬ ਕਰਨ ਲਈ ਸਰਗਰਮੀਆਂ ਤੇਜ਼ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਧਰਨਾਕਾਰੀਆਂ ਦੇ ਸਬਰ ਦੀ ਪ੍ਰੀਖਿਆ ਲੈਣ ਦੀ ਥਾਂ ਸਮੱਸਿਆ ਨੂੰ ਹੱਲ ਕਰਨ ਦਾ ਯਤਨ ਕਰੇ। ਬੁਲਾਰਿਆਂ ਕਿਹਾ ਕਿ ਲੋਕ ਬੁਨਿਆਦੀ ਸਮੱਸਿਆ ਨਾਲ ਜੂਝਦੇ ਹੋਏ ਲਗਾਤਾਰ ਪ੍ਰੇਸ਼ਾਨ ਹੋ ਰਹੇ ਹਨ ਜਦਕਿ ਹਲਕਾ ਵਿਧਾਇਕ ਮਾਸਟਰ ਜਗਸੀਰ ਸਿੰਘ ਨੇ ਵੀ ਪੀੜਤਾਂ ਦੀ ਸਾਰ ਨਹੀਂ ਲਈ।
ਟਾਲ-ਮਟੋਲ ਦੀ ਨੀਤੀ ਤੋਂ ਲੋਕ ਔਖੇ
ਕਿਸਾਨ ਆਗੂਆਂ ਨੇ ਆਖਿਆ ਕਿ ਪ੍ਰਸ਼ਾਸਨਿਕ ਅਧਿਕਾਰੀ ਗੰਦੇ ਪਾਣੀ ਦੀ ਨਿਕਾਸੀ ਕਰਵਾਉਣ ਦੀ ਬਜਾਏ ਇਹ ਜ਼ਿੰਮੇਵਾਰੀ ਕੌਂਸਲਰਾਂ ਉੱਪਰ ਸੁੱਟ ਰਹੇ ਹਨ। ਉਨ੍ਹਾਂ ਕਿਹਾ ਕਿ ਅਧਿਕਾਰੀ ਸਹਿਯੋਗ ਦੇਣ ਦੀ ਥਾਂ ਟਾਲ ਮਟੋਲ ਦੀ ਨੀਤੀ ਅਪਣਾ ਰਹੇ ਹਨ, ਜਿਸ ਤੋਂ ਲੋਕ ਔਖੇ ਹਨ,