ਪੱਕਾ ਮੋਰਚਾ: ਪੰਚਾਇਤੀ ਜ਼ਮੀਨ ਵਿੱਚ ਕੱਢਿਆ ਜਾਣ ਲੱਗਿਆ ਗੰਦਾ ਪਾਣੀ
ਭਗਵਾਨ ਦਾਸ ਗਰਗ
ਨਥਾਣਾ, 12 ਅਕਤੂਬਰ
ਵਾਟਰ ਵਰਕਸ ਦੇ ਟੈਂਕਾਂ ਵਿੱਚ ਛੱਪੜ ਦਾ ਗੰਦਾ ਪਾਣੀ ਸੁੱਟਣ ਸਬੰਧੀ 12 ਅਕਤੂਬਰ ਦੇ ‘ਪੰਜਾਬੀ ਟ੍ਰਿਬਿਊਨ’ ਵਿੱਚ ਖ਼ਬਰ ਛਪਣ ਤੋਂ ਬਾਅਦ ਨਗਰ ਪੰਚਾਇਤ ਦੇ ਅਧਿਕਾਰੀਆਂ ਨੇ ਛੱਪੜ ਦੇ ਪਾਣੀ ਦੀ ਨਿਕਾਸੀ ਮੂੰਹ ਪੰਚਾਇਤੀ ਜ਼ਮੀਨ ਵੱਲ ਮੋੜ ਦਿੱਤਾ ਹੈ। ਅਧਿਕਾਰੀਆਂ ਨੇ ਅੱਜ ਸਵੇਰੇ ਸਾਝਰੇ ਵਾਟਰ ਵਰਕਸ ਦੇ ਟੈਂਕਾਂ ਕੋਲ ਲੱਗਿਆ ਪੀਟਰ ਇੰਜਣ ਅਤੇ ਪਾਈਪਾਂ ਪੁੱਟ ਕੇ ਛੱਪੜ ਦੇ ਦੂਜੇ ਸਿਰੇ ਲਾਉਣ ਮਗਰੋਂ ਪੰਚਾਇਤੀ ਜ਼ਮੀਨ ’ਚ ਪਾਣੀ ਦੀ ਨਿਕਾਸੀ ਸ਼ੁਰੂ ਕਰ ਦਿੱਤੀ ਹੈ। ਨਥਾਣਾ ਭੁੱਚੋ ਮੇਨ ਰੋਡ ’ਤੇ ਇਹ ਪੰਚਾਇਤੀ ਜ਼ਮੀਨ ਛੱਪੜ ਦੇ ਪਾਣੀ ਦੀ ਨਿਕਾਸੀ ਖਾਤਰ ਵਿਹਲੀ ਰੱਖੀ ਹੋਈ ਸੀ ਪ੍ਰੰਤੂ ਸਿਆਸੀ ਦਖਲਅੰਦਾਜ਼ੀ ਕਾਰਨ ਇਹ ਮਾਮਲਾ ਸਿਰੇ ਨਾ ਚੜ੍ਹ ਸਕਿਆ। ਧਰਨਾਕਾਰੀਆਂ ਦੇ ਵਧ ਰਹੇ ਦਬਾਅ ਕਾਰਨ ਨਗਰ ਪੰਚਾਇਤ ਅਧਿਕਾਰੀਆਂ ਨੂੰ ਹੁਣ ਮਜਬੂਰ ਹੋ ਕੇ ਉਕਤ ਫ਼ੈਸਲਾ ਲੈਣਾ ਪਿਆ। ਆਗਾਮੀ ਦੋ ਦਿਨਾਂ ਤੱਕ ਪੋਕਲੀਨ ਮਸ਼ੀਨ ਚਲਾ ਕੇ ਸਾਰੇ ਛੱਪੜਾਂ ਵਿੱਚੋਂ ਗਾਰ ਕੱਢਣ ਦੀ ਆਸ ਬੱਝ ਗਈ ਹੈ। ਦੱਸਣਯੋਗ ਹੈ ਕਿ ਰਾਜਸੀ ਦਖ਼ਲ-ਅੰਦਾਜ਼ੀ ਕਾਰਨ ਹੀ ਇਸ ਪੰਚਾਇਤੀ ਜ਼ਮੀਨ ਵਿੱਚ ਛੱਪੜ ਦਾ ਪਾਣੀ ਪੈਣ ਤੋਂ ਰੋਕਿਆ ਜਾ ਰਿਹਾ ਸੀ। ਹੁਣ ਨਗਰ ਪੰਚਾਇਤ ਅਧਿਕਾਰੀਆਂ ਦੇ ਸਖਤ ਫੈਸਲੇ ਨਾਲ ਲੋਕਾਂ ਨੂੰ ਰਾਹਤ ਮਿਲੀ ਹੈ। ਪਾਣੀ ਦੀ ਨਿਕਾਸੀ ਨੂੰ ਲੈ ਕੇ ਇਥੇ ਚਲਾਇਆ ਜਾ ਰਿਹਾ ਪੱਕਾ ਮੋਰਚਾ ਅੱਜ ਇੱਕ ਮਹੀਨਾ (30 ਦਿਨ) ਬੀਤ ਜਾਣ ’ਤੇ ਵੀ ਜਾਰੀ ਹੈ।