ਭਗਵਾਨ ਦਾਸ ਗਰਗਨਥਾਣਾ, 30 ਨਵੰਬਰਨਥਾਣਾ ’ਚ ਗੰਦੇ ਪਾਣੀ ਦੀ ਨਿਕਾਸੀ ਚੱਲ ਰਹੇ ਪੱਕੇ ਮੋਰਚੇ ਦੇ 80ਵੇਂ ਦਿਨ ਧਰਨਾਕਾਰੀਆਂ ਨੇ ਸੰਘਰਸ਼ ਨੂੰ ਤੇਜ਼ ਕਰਦਿਆਂ ਆਰ-ਪਾਰ ਦੀ ਲੜਾਈ ਲਈ ਲਾਮਬੰਦੀ ਵਿੱਢ ਦਿੱਤੀ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਨਗਰ ਵਾਸੀਆਂ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਇਸ ਮੋਰਚੇ ਦਾ ਘੇਰਾ ਵਿਸ਼ਾਲ ਕਰਨ ਦਾ ਫੈਸਲਾ ਕੀਤਾ ਗਿਆ। ਝੋਨਾ ਸਾਂਭਣ ਅਤੇ ਕਣਕ ਦੀ ਬਿਜਾਈ ਤੋਂ ਵਿਹਲੇ ਲਏ ਧਰਨਾਕਾਰੀਆਂ ਦੇ ਹੌਸਲੇ ਬੁਲੰਦ ਹਨ। ਧਰਨਕਾਰੀਆਂ ਨੇ ਸੰਘਰਸ਼ ਦੇ 100ਵੇਂ ਦਿਨ ਕਾਫ਼ੀ ਵੱਡਾ ਇਕੱਠ ਕਰ ਕੇ ਪ੍ਰਸ਼ਾਸਨ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਦਾ ਐਲਾਨ ਕੀਤਾ ਹੈ ਜਿਸ ਸਬੰਧੀ ਅੱਜ ਪਿੰਡ ਦੀਆਂ ਗਲੀਆਂ ਵਿਚ ਲਾਮਬੰਦੀ ਮਾਰਚ ਕੀਤਾ ਗਿਆ। ਇਸ ਦੌਰਾਨ ਯੂਨੀਅਨ ਆਗੂਆਂ ਵੱਲੋਂ ਪਿੰਡ ਦੇ ਵੱਖ-ਵੱਖ ਹਿੱਸਿਆਂ ’ਚ ਨੁੱਕੜ ਮੀਟਿੰਗਾਂ ਕਰ ਕੇ ਲੋਕਾਂ ਨੂੰ ਲਾਮਬੰਦ ਕਰਨ ਦ ਪ੍ਰੋਗਰਾਮ ਉਲੀਕਿਆ ਗਿਆ ਹੈ। ਪੱਕੇ ਮੋਰਚੇ ਦੇ 80ਵੇਂ ਦਿਨ ਅੱਜ ਜਥੇਬੰਦੀ ਦੇ ਆਗੂਆਂ, ਵਰਕਰਾਂ ਅਤੇ ਨਗਰ ਵਾਸੀਆਂ ਨੇ ਇੱਕਠੇ ਹੋ ਕੇ ਪ੍ਰਸ਼ਾਸਨ ਖ਼ਿਲਾਫ਼ ਰੋਸ ਵਿਖਾਵਾ ਕੀਤਾ। ਲੋਕਾਂ ਦਾ ਮਾਰਚ ਸਥਾਨਕ ਗੁਰਦੁਆਰਾ ਪਾਤਸ਼ਾਹੀ ਛੇਵੀਂ ਤੋਂ ਸ਼ੁਰੂ ਹੋ ਕੇ ਪਿੰਡੀਆਂ ਤੇ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਬੱਸ ਅੱਡੇ ’ਚ ਜਾ ਕੇ ਸਮਾਪਤ ਹੋਇਆ। ਬੱਸ ਅੱਡੇ ’ਚ ਇਕੱਠ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਬਲਾਕ ਪ੍ਰਧਾਨ ਹੁਸ਼ਿਆਰ ਸਿੰਘ ਨੇ ਕਿਹਾ ਕਿ ਲੋਕ 80 ਦਿਨਾਂ ਤੋਂ ਪੱਕੇ ਮੋਰਚੇ ’ਤੇ ਡਟੇ ਹੋਏ ਹਨ ਪਰ ਪ੍ਰਸ਼ਾਸਨ ਵੱਲੋਂ ਵਾਰ-ਵਾਰ ਵੱਖੋ-ਵੱਖਰੇ ਭਰੋਸੇ ਦੇ ਕੇ ਧਰਨਾਕਾਰੀਆਂ ਨੂੰ ਗੁਮਰਾਹ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਧਰਨਾ ਚੁਕਵਾਉਣ ਲਈ ਜ਼ੋਰ ਦੇਣ ਦੀ ਬਜਾਏ ਨਿਕਾਸੀ ਸਮੱਸਿਆ ਨੂੰ ਹੱਲ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ।ਡੱਬੀ: ਪ੍ਰਸ਼ਾਸਨ ’ਤੇ ਲਾਰੇ ਲਾਉਣ ਦੇ ਦੋਸ਼ਮਹਿਲਾ ਕਿਸਾਨ ਆਗੂ ਕਮਲਜੀਤ ਕੌਰ ਨੇ ਕਿਹਾ ਕਿ ਹੁਣ ਤੱਕ ਸਮੱਸਿਆ ਹੱਲ ਕਰਨ ਦੀ ਥਾਂ ਲਾਰੇ ਲਾਏ ਗਏ ਹਨ। ਉਨ੍ਹਾਂ ਆਖਿਆ ਕਿ ਜਦੋਂ ਤੱਕ ਮਸਲੇ ਦਾ ਪੱਕਾ ਹੱਲ ਨਹੀਂ ਹੋ ਜਾਂਦਾ ਇਹ ਮੋਰਚਾ ਜਾਰੀ ਰਹੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮਸਲੇ ਦੇ ਹੱਲ ਪੱਕੇ ਮੋਰਚੇ ਵਿਚ ਸ਼ਾਮਲ ਹੋਣ। ਉਨ੍ਹਾਂ ਦੁਹਰਾਇਆ ਕਿ ਲੋਕ ਆਪਣੀਆਂ ਮੰਗਾਂ ਮੰਨਵਾਏ ਬਗੈਰ ਸੰਘਰਸ਼ ਤੋਂ ਪਿੱਛੇ ਹਟਣ ਵਾਲੇ ਨਹੀਂ ਹਨ।