For the best experience, open
https://m.punjabitribuneonline.com
on your mobile browser.
Advertisement

ਪੱਕਾ ਮੋਰਚਾ: ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਫੂਕਿਆ ਮੁੱਖ ਮੰਤਰੀ ਦਾ ਪੁਤਲਾ

07:33 AM May 10, 2024 IST
ਪੱਕਾ ਮੋਰਚਾ  ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਫੂਕਿਆ ਮੁੱਖ ਮੰਤਰੀ ਦਾ ਪੁਤਲਾ
ਜ਼ਿਲ੍ਹਾ ਪੁਲੀਸ ਮੁਖੀ ਦੇ ਦਫ਼ਤਰ ਅੱਗੇ ਮੁੱਖ ਮੰਤਰੀ ਦਾ ਪੁਤਲਾ ਫੂਕਦੇ ਹੋਏ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਕਾਰਕੁਨ।-ਫੋਟੋ: ਰਾਣੂ
Advertisement

ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 9 ਮਈ
ਪਿੰਡ ਲਾਂਗੜੀਆਂ ਵਿੱਚ ਪਿਛਲੇ ਦਿਨੀਂ ਹੋਈ ਦਲਿਤਾਂ ਦੀ ਕੁੱਟਮਾਰ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਐੱਸ.ਸੀ.ਐੱਸ.ਟੀ. ਐਕਟ ਤਹਿਤ ਪਰਚਾ ਦਰਜ ਕਰਵਾਉਣ ਦੀ ਮੰਗ ਲਈ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਜ਼ਿਲ੍ਹਾ ਪੁਲੀਸ ਮੁਖੀ ਮਾਲੇਰਕੋਟਲਾ ਦੇ ਦਫ਼ਤਰ ਅੱਗੇ ਚੱਲ ਰਿਹਾ ਪੱਕਾ ਮੋਰਚਾ ਚੌਥੇ ਦਿਨ ਵੀ ਜਾਰੀ ਰਿਹਾ। ਧਰਨਾਕਾਰੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦੇ ਹੱਕ ’ਚ ਬੁੱਧਵਾਰ ਦੇ ਮਾਲੇਰਕੋਟਲਾ ਰੋਡ ਸ਼ੋਅ ਤੋਂ ਪਹਿਲਾਂ ਮੋਰਚੇ ਤੋਂ ਪੁਲੀਸ ਨੇ ਦਰਜਨਾਂ ਦਲਿਤਾਂ ਨੂੰ ਜਬਰੀ ਚੁੱਕ ਕੇ ਦਸ ਘੰਟੇ ਥਾਣੇ ਅੰਦਰ ਬਿਠਾਉਣ ਦੇ ਰੋਸ ’ਚ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ੋਨਲ ਆਗੂ ਬਿੱਕਰ ਸਿੰਘ ਹਥੋਆ ਅਤੇ ਜਗਤਾਰ ਸਿੰਘ ਤੋਲੇਵਾਲ ਨੇ ਕਿਹਾ ਕਿਪਿੰਡ ਲਾਂਗੜੀਆਂ ਦੀ ਲੜਾਈ ਦੇ ਮਸਲੇ ਉੱਪਰ ਜਿੱਥੇ ਇੱਕ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਕਾਰਵਾਈ ਕਰਨ ਦੀ ਥਾਂ ਘਟਨਾ ਦੇ ਜ਼ਿੰਮੇਵਾਰ ਵਿਅਕਤੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਉੱਥੇ ਹੀ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਦਾ ਦਲਿਤ ਵਿਰੋਧੀ ਚਿਹਰਾ ਵੀ ਨੰਗਾ ਹੋ ਗਿਆ ਹੈ। ਆਗੂਆਂ ਕਿਹਾ ਕਿ ਪੁਲੀਸ ਪ੍ਰਸ਼ਾਸਨ ਵੱਲੋਂ ਸ਼ਾਂਤਮਈ ਢੰਗ ਨਾਲ ਮੋਰਚੇ ਵਿੱਚ ਬੈਠੇ ਦਲਿਤਾਂ ਕੋਲੋਂ ਜਬਰੀ ਖੋਹਿਆ ਖਾਣ ਪੀਣ ਅਤੇ ਹੋਰ ਜ਼ਰੂਰੀ ਸਾਮਾਨ ਹਾਲੇ ਤੱਕ ਵਾਪਸ ਨਹੀਂ ਕੀਤਾ ਗਿਆ।
ਆਗੂਆਂ ਐਲਾਨ ਕੀਤਾ ਕਿ ਜੇਕਰ ਧਰਨਾਕਾਰੀਆਂ ਨੂੰ ਜਲਦੀ ਇਨਸਾਫ਼ ਨਹੀਂ ਮਿਲਦਾ ਅਤੇ ਮੁਲਜ਼ਮਾਂ ਖ਼ਿਲਾਫ਼ ਐੱਸ.ਸੀ.ਐੱਸ ਟੀ. ਐਕਟ ਤਹਿਤ ਪਰਚਾ ਦਰਜ ਨਹੀਂ ਹੁੰਦਾ ਤਾਂ 17 ਮਈ ਨੂੰ ਮਾਲੇਰਕੋਟਲਾ ਵਿੱਚ ਵੱਡਾ ਇਕੱਠ ਕਰ ਕੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਕਿਰਤੀ ਕਿਸਾਨ ਯੂਨੀਅਨ ਦੇ ਆਗੂ ਚਮਕੌਰ ਸਿੰਘ ਹਥਨ, ਮਾਨ ਸਿੰਘ ਸੱਦੋਪੁਰ, ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਆਗੂ ਕਮਲਦੀਪ ਕੌਰ, ਰੁਕਸਾਨਾ, ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੇ ਜ਼ਿਲ੍ਹਾ ਆਗੂ ਮੇਘਰਾਜ ਸਿੰਘ, ਨੌਜਵਾਨ ਭਾਰਤ ਸਭਾ ਦੇ ਅੰਮ੍ਰਿਤਪਾਲ ਸਿੰਘ ਗੋਸਲਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਮਾਲੇਰਕੋਟਲਾ ਤੋਂ ਪਹਿਲਾਂ ਸ਼ਾਂਤਮਈ ਢੰਗ ਨਾਲ ਜ਼ਿਲ੍ਹਾ ਪੁਲੀਸ ਮੁਖੀ ਮਾਲੇਰਕੋਟਲਾ ਦੇ ਦਫ਼ਤਰ ਅੱਗੇ ਬੈਠੇ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਦੀ ਨਿਖੇਧੀ ਕੀਤੀ।

Advertisement

Advertisement
Author Image

sukhwinder singh

View all posts

Advertisement
Advertisement
×