ਪੱਕਾ ਮੋਰਚਾ: ਧਰਨਾਕਾਰੀਆਂ ਵੱਲੋਂ ਨੁੱਕੜ ਮੀਟਿੰਗਾਂ
ਪੱਤਰ ਪ੍ਰੇਰਕ
ਨਥਾਣਾ, 6 ਅਕਤੂਬਰ
ਨਥਾਣਾ ਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਨਗਰ ਵਾਸੀਆਂ ਦੇ ਸਹਿਯੋਗ ਨਾਲ ਇੱਥੇ ਲਾਇਆ ਪੱਕਾ ਮੋਰਚਾ ਅੱਜ 24ਵੇਂ ਦਿਨ ਵੀ ਜਾਰੀ ਰਿਹਾ। ਇਸ ਦੌਰਾਨ ਜਥੇਬੰਦੀ ਵੱਲੋਂ ਵਰਕਰਾਂ ਦੇ ਗੁੱਟ ਬਣਾ ਕੇ ਵੱਖ-ਵੱਖ ਮੁਹੱਲਿਆਂ ਅਤੇ ਵਾਰਡਾਂ ’ਚ ਨੁੱਕੜ ਮੀਟਿੰਗਾਂ ਕੀਤੀਆਂ ਗਈਆਂ। ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਅਵਤਾਰ ਸਿੰਘ ਤਾਰੀ, ਰਾਮਰਤਨ ਸਿੰਘ, ਜਸਵੰਤ ਸਿੰਘ ਗੋਰਾ ਅਤੇ ਗੁਰਮੇਲ ਸਿੰਘ ਨੇ ਕਿਹਾ ਕਿ ਪੱਕੇ ਮੋਰਚੇ ਦੇ 23ਵੇਂ ਦਿਨ ਬੀਤਣ ਦੇ ਬਾਵਜੂਦ ਅਧਿਕਾਰੀਆਂ ਨੇ ਮੋਟਰਾਂ ਰਾਹੀਂ ਲੋਕਾਂ ਦੇ ਖੇਤਾਂ ’ਚੋਂ ਮੁਸ਼ਕਲ ਨਾਲ ਚਾਰ ਦਿਨ ਪਾਣੀ ਕੱਢਿਆ ਹੈ। ਬੁਲਾਰਿਆਂ ਨੇਕਿਹਾ ਕਿ ਜੇਕਰ ਮੌਸਮ ’ਚ ਖਰਾਬੀ ਆਉਣ ’ਤੇ ਪਾਣੀ ਦੀ ਨਿਕਾਸੀ ਦੀ ਸਥਿਤੀ ਪਹਿਲਾਂ ਨਾਲੋਂ ਵੀ ਮਾੜੀ ਹੋ ਜਾਵੇਗੀ ਜਿਸ ਨਾਲ ਨਜਿੱਠਣਾ ਬੇਹੱਦ ਮੁਸ਼ਕਲ ਹੋਵੇਗਾ। ਯੂਨੀਅਨ ਆਗੂਆਂ ਨੇ ਦੋਸ਼ ਲਾਇਆ ਕਿ ਡਰੇਨ ’ਚ ਪਾਣੀ ਪਾਉਣ ਜਾਂ ਟਰੀਟਮੈਟ ਪਲਾਂਟ ਲਾਉਣ ਦੇ ਮੁੱਦੇ ਠੰਢੇ ਬਸਤੇ ’ਚ ਪੈ ਚੁੱਕੇ ਹਨ ਅਤੇ ਹੁਣ ਪ੍ਰਸ਼ਾਸਨ ਛੱਪੜਾਂ ਦੀ ਗਾਰ ਕਢਵਾਉਣ ਲਈ ਕੋਈ ਕਾਰਵਾਈ ਕਰਨ ਲਈ ਤਿਆਰ ਨਹੀਂ ਹੈ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਕਿਸੇ ਰਾਜਨੀਤਕ ਪਾਰਟੀ ਦੇ ਆਗੂ ਨੇ ਬੁਨਿਆਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਦੇ ਹੱਕ ’ਚ ਹਾਅ ਦਾ ਨਾਅਰਾ ਤੱਕ ਨਹੀਂ ਮਾਰਿਆ। ਉਨ੍ਹਾਂ ਕਿਹਾ ਕਿ ਸੋਮਵਾਰ ਦੇ ਐਕਸ਼ਨ ਤੋਂ ਬਾਅਦ ਮੋਰਚੇ ਦੀਆਂ ਸਰਗਰਮੀਆਂ ਤੇਜ਼ ਕੀਤੀਆਂ ਜਾਣਗੀਆਂ।