ਪੱਕਾ ਮੋਰਚਾ: ਅਧਿਕਾਰੀਆਂ ’ਤੇ ਲਾਏ ਸਹਿਯੋਗ ਨਾ ਦੇਣ ਦੇ ਦੋਸ਼
ਭਗਵਾਨ ਦਾਸ ਗਰਗ
ਨਥਾਣਾ, 25 ਸਤੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਚੱਲ ਰਿਹਾ ਪੱਕਾ ਮੋਰਚਾ ਅੱਜ ਤੇਰਵੇਂ ਦਿਨ ਵੀ ਜਾਰੀ ਰਿਹਾ। ਇਕੱਠ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਦੋਸ਼ ਲਾਇਆ ਕਿ ਨਗਰ ਪੰਚਾਇਤ ਦੇ ਅਧਿਕਾਰੀ ਮੌਜੂਦਾ ਸਥਿਤੀ ਵਿੱਚ ਵੀ ਕੋਈ ਸਹਿਯੋਗ ਨਹੀਂ ਦੇ ਰਹੇ। ਕਿਸਾਨ ਆਗੂਆਂ ਕਿਹਾ ਕਿ ਪੁਲੀਆਂ ਅਤੇ ਨਾਲੀਆਂ ਬੰਦ ਹੋਣ ਕਾਰਨ ਘਰਾਂ ਦਾ ਗੰਦਾ ਪਾਣੀ ਗਲੀਆਂ ’ਚ ਜਮ੍ਹਾਂ ਹੋ ਰਿਹੈ।
ਕੌਂਸਲਰ, ਕਿਸਾਨ ਆਗੂ ਅਤੇ ਪਿੰਡ ਵਾਸੀ ਉਨ੍ਹਾਂ ਕਿਸਾਨਾਂ ਨਾਲ ਲਗਾਤਾਰ ਸੰੰਪਰਕ ਕਰ ਰਹੇ ਹਨ ਜਿਨ੍ਹਾਂ ਦੀਆਂ ਜ਼ਮੀਨਾਂ ਵਿੱਚ ਛੱਪੜਾਂ ਦਾ ਇਹ ਪਾਣੀ ਕੱਢਿਆ ਜਾ ਸਕਦਾ ਹੈ। ਵਧੀਆ ਗੱਲ ਇਹ ਹੋ ਰਹੀ ਹੈ ਕਿ ਬਹੁ ਗਿਣਤੀ ਕਿਸਾਨ ਇਸ ਸਬੰਧੀ ਭਰਵਾਂ ਹੁੰਗਾਰਾ ਦੇ ਰਹੇ ਹਨ। ਨਥਾਣਾ ਤੋਂ ਪੂਹਲੀ ਜਾਣ ਵਾਲੀ ਸੜਕ ’ਤੇ ਪਾਈਪਾਂ ਪਾਉਣ ਦੇ ਮਾਮਲੇ ’ਚ ਬੇਲੋੜੀ ਦੇਰੀ ਕੀਤੀ ਜਾ ਰਹੀ ਹੈ ਇਸ ਸੜਕ ਨੂੰ ਚੌੜਾ ਕਰਕੇ ਬਣਾਉਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਜੇ ਇਹ ਪਾਈਪਾਂ ਪਾਉਣ ਵਿੱਚ ਦੇਰੀ ਕੀਤੀ ਗਈ ਤਾਂ ਸੜਕ ਬਣਾਉਣ ਦੀ ਸਮੱਸਿਆ ਆਵੇਗੀ ਅਤੇ ਇਸ ਸੜਕ ਦੇ ਅਨਾਜ ਮੰਡੀ ਹੋਣ ਕਰਕੇ ਝੋਨੇ ਦੀ ਫ਼ਸਲ ਢੇਰੀ ਕਰਨ ਸਮੇ ਵੱਡਾ ਸੰਕਟ ਪੈਦਾ ਹੋ ਜਾਵੇਗਾ। ਕਿਸਾਨ ਆਗੂ ਤੇ ਧਰਨਾਕਾਰੀ ਯੂਨੀਅਨ ’ਤੇ ਦਬਾਅ ਦੇ ਰਹੇ ਹਨ ਕਿ ਇਸ ਮੋਰਚੇ ਨੂੰ ਲੰਬਾ ਲਮਕਾਉਣ ਦੀ ਥਾਂ ਸਖਤ ਐਕਸ਼ਨ ਕਰਕੇ ਨਗਰ ਪੰਚਾਇਤ ਅਧਿਕਾਰੀਆਂ ਤੋਂ ਮੰਗਾਂ ਮੰਨਵਾਈਆਂ ਜਾਣ। ਜਾਣਕਾਰੀ ਅਨੁਸਾਰ ਧਰਨਾਕਾਰੀਆਂ ਨੇ ਐਲਾਨ ਕੀਤਾ ਸੀ ਜਦੋ ਤੱਕ ਿਨਕਾਸੀ ਦਾ ਪੱਕਾ ਪ੍ਰਬੰਧ ਨਹੀਂ ਹੋ ਜਾਂਦਾ ਉਹ ਮੋਰਚੇ ’ਤੇ ਡਟੇ ਰਹਿਣਗੇ।