ਵਿਧਾਇਕ ਅਮੋਲਕ ਸਿੰਘ ਦੀ ਰਿਹਾਇਸ਼ ਅੱਗਿਓਂ ਪੱਕਾ ਮੋਰਚਾ ਸਮਾਪਤ
ਪੱਤਰ ਪ੍ਰੇਰਕ
ਜੈਤੋ, 3 ਨਵੰਬਰ
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਦੀ ਰਿਹਾਇਸ਼ ਅੱਗੇ 18 ਅਕਤੂਬਰ ਤੋਂ ਜਾਰੀ ਪੱਕਾ ਮੋਰਚਾ ਅੱਜ ਇਸ ਐਲਾਨ ਨਾਲ ਸਮਾਪਤ ਹੋ ਗਿਆ ਕਿ ‘ਕਿਸਾਨਾਂ ਵੱਲੋਂ ਜਿਹੜੇ ਵੀ ਪਿੰਡ ਦੀ ਦਾਣਾ ਮੰਡੀ ਵਿੱਚ ਝੋਨੇ ਦੀ ਵਿਕਰੀ ਜਾਂ ਲਿਫਟਿੰਗ ਦੀ ਦਿੱਕਤ ਪੇਸ਼ ਆਵੇਗੀ, ਉੱਥੇ ਪਹੁੰਚ ਕੇ ਝੋਨੇ ਦੀ ਖਰੀਦ ਅਤੇ ਲਿਫਟਿੰਗ ਚਾਲੂ ਕਰਵਾਈ ਜਾਵੇਗੀ।’ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਜਬੂਰੀ ਵੱਸ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾਂ ’ਤੇ ਪਰਚੇ ਦਰਜ ਕਰਨੇ ਬੰਦ ਕੀਤੇ ਜਾਣ ਅਤੇ ਹੁਣ ਤੱਕ ਪਾਏ ਪਰਚੇ ਤੁਰੰਤ ਰੱਦ ਕੀਤੇ ਜਾਣ। ਸਹਿਕਾਰੀ ਸੁਸਾਇਟੀਆਂ ਵਿੱਚ ਡੀਏਪੀ ਖਾਦ ਪਹੁੰਚਾਈ ਜਾਵੇ। ਕਿਸਾਨ ਆਗੂਆਂ ਨੇ ਕਿਸਾਨਾਂ ਨੂੰ ਜ਼ੋਰਦਾਰ ਅਪੀਲ ਕੀਤੀ ਕਿ ਉਹ ਆਪਣੇ ਝੋਨੇ ਦੀ ਕਾਟ ਲਗਾ ਕੇ ਤੁਲਾਈ ਨਾ ਕਰਵਾਉਣ ਅਤੇ ਜੇਕਰ ਕਿਸੇ ਕਿਸਾਨ ਤੋਂ ਕੋਈ ਸਰਕਾਰੀ ਅਧਿਕਾਰੀ ਜਾਂ ਆੜ੍ਹਤੀਆ ਕਾਟ ਦੀ ਮੰਗ ਕਰਦਾ ਹੈ ਤਾਂ ਉਹ ਜਥੇਬੰਦੀ ਦੇ ਆਗੂਆਂ ਨਾਲ ਸੰਪਰਕ ਕਰਨ। ਇਸ ਮੌਕੇ ਬੁਲਾਰਿਆਂ ਨੇ ਮੰਗ ਕੀਤੀ ਕਿ ਕਿਸਾਨਾਂ ਦੇ ਝੋਨੇ ਦੀ ਬਿਨਾਂ ਸ਼ਰਤ ਨਿਰਵਿਘਨ ਖਰੀਦ ਅਤੇ ਤੇਜ਼ੀ ਲਿਆਂਦੀ ਜਾਵੇ।