For the best experience, open
https://m.punjabitribuneonline.com
on your mobile browser.
Advertisement

ਪਾਕਿ ਦੀ ਆਯਸ਼ਾ ਨੂੰ ਚੇਨੱਈ ’ਚ ਮਿਲੀ ਨਵੀਂ ਜ਼ਿੰਦਗੀ

06:48 AM Apr 29, 2024 IST
ਪਾਕਿ ਦੀ ਆਯਸ਼ਾ ਨੂੰ ਚੇਨੱਈ ’ਚ ਮਿਲੀ ਨਵੀਂ ਜ਼ਿੰਦਗੀ
ਆਯਸ਼ਾ ਰਸ਼ਾਨ
Advertisement

ਕਰਾਚੀ/ਚੇਨੱਈ, 28 ਅਪਰੈਲ
ਪਾਕਿਸਤਾਨੀ ਮੁਟਿਆਰ ਦਾ ਭਾਰਤ ’ਚ ਦਿਲ ਸਫ਼ਲਤਾਪੂਰਬਕ ਬਦਲਣ (ਹਾਰਟ ਟਰਾਂਸਪਲਾਂਟ) ਨਾਲ ਜਿਥੇ ਉਸ ਨੂੰ ਨਵੀਂ ਜ਼ਿੰਦਗੀ ਮਿਲੀ ਹੈ ਉਥੇ ਇਹ ਚਰਚਾ ਵੀ ਚੱਲ ਪਈ ਹੈ ਕਿ ਕਿਵੇਂ ਮਾਨਵੀ ਉਦੇਸ਼ਾਂ ਲਈ ਗੁਆਂਢੀ ਮੁਲਕ ਇਕ-ਦੂਜੇ ਦੇ ਕੰਮ ਆ ਸਕਦੇ ਹਨ। ਕਰਾਚੀ ਦੀ ਆਯਸ਼ਾ ਰਸ਼ਾਨ (19) ਦਾ ਚੇਨੱਈ ਦੇ ਐੱਮਜੀਐੱਮ ਹੈਲਥਕੇਅਰ ’ਚ ਹਾਰਟ ਟਰਾਂਸਪਲਾਂਟ ਕੀਤਾ ਗਿਆ। ਦਿਮਾਗੀ ਤੌਰ ’ਤੇ ਮ੍ਰਿਤਕ ਐਲਾਨਿਆ ਗਿਆ ਦਿੱਲੀ ਦਾ ਡੋਨਰ ਮਿਲਣ ਮਗਰੋਂ ਉਸ ਦਾ ਇਸ ਵਰ੍ਹੇ 31 ਜਨਵਰੀ ਨੂੰ ਅਪਰੇਸ਼ਨ ਹੋਇਆ ਸੀ ਅਤੇ ਅਪਰੈਲ ’ਚ ਉਸ ਨੂੰ ਛੁੱਟੀ ਦੇ ਦਿੱਤੀ ਗਈ ਹੈ। ਇੰਸਟੀਚਿਊਟ ਆਫ਼ ਹਾਰਟ ਐਂਡ ਲੰਗ ਟਰਾਂਸਪਲਾਂਟ ਐਂਡ ਮਕੈਨੀਕਲ ਸਰਕੁਲੇਟਰੀ ਸਪੋਰਟ ਦੇ ਕਾਰਡਿਐਕ ਸਾਇੰਸਿਜ਼ ਡਾਇਰੈਕਟਰ ਡਾਕਟਰ ਕੇ ਆਰ ਬਾਲਾਕ੍ਰਿਸ਼ਨਨ ਨੇ ਕਿਹਾ ਕਿ ਆਯਸ਼ਾ 2019 ’ਚ ਉਨ੍ਹਾਂ ਕੋਲ ਆਈ ਸੀ। ਉਸ ਸਮੇਂ ਉਹ 14 ਵਰ੍ਹਿਆਂ ਦੀ ਸੀ ਅਤੇ ਉਸ ਦਾ ਦਿਲ ਬੁਰੀ ਤਰ੍ਹਾਂ ਖ਼ਰਾਬ ਸੀ। ‘ਉਸ ਨੂੰ ਦਿਲ ਦਾ ਦੌਰਾ ਪਿਆ ਸੀ ਅਤੇ ਬੜੀ ਮੁਸ਼ਕਲ ਨਾਲ ਸੀਪੀਆਰ ਰਾਹੀਂ ਸਾਹ ਮੁੜ ਤੋਂ ਲਿਆਂਦੇ ਗਏ ਸਨ। ਬਾਅਦ ’ਚ ਉਸ ਨੂੰ ਐਕਮੋ ਮਸ਼ੀਨ ’ਤੇ ਰੱਖਿਆ ਗਿਆ ਤੇ ਫਿਰ ਅਸੀਂ ਆਰਟੀਫੀਸ਼ੀਅਲ ਹਾਰਟ ਪੰਪ ’ਤੇ ਰੱਖਿਆ ਜਿਸ ਮਗਰੋਂ ਉਸ ਦੀ ਤਬੀਅਤ ’ਚ ਸੁਧਾਰ ਹੋਇਆ ਅਤੇ ਉਹ ਆਪਣੇ ਮੁਲਕ ਪਰਤ ਗਈ ਸੀ।’ ਉਨ੍ਹਾਂ ਕਿਹਾ ਕਿ ਦੋ ਕੁ ਸਾਲ ਮਗਰੋਂ ਉਹ ਮੁੜ ਬਿਮਾਰ ਪੈ ਗਈ ਅਤੇ ਉਸ ਦੇ ਦਿਲ ਦੇ ਵਾਲਵ ਲੀਕ ਹੋਣੇ ਸ਼ੁਰੂ ਹੋ ਗਏ ਸਨ। ਬਾਲਾਕ੍ਰਿਸ਼ਨਨ ਨੇ ਕਿਹਾ ਕਿ ਉਸ ਲਈ ਵੀਜ਼ਾ ਲੈਣਾ ਬਹੁਤ ਮੁਸ਼ਕਲ ਸੀ ਅਤੇ ਫਿਰ ਉਸ ਦੀ ਇਕੱਲੀ ਮਾਂ ਹੋਣ ਕਾਰਨ ਪੈਸਿਆਂ ਦਾ ਵੀ ਪ੍ਰਬੰਧ ਕਰਨਾ ਪਿਆ। ਚੇਨੱਈ ਆਧਾਰਿਤ ਐੱਨਜੀਓ ਐਸ਼ਵਰਿਆ ਟਰੱਸਟ ਦੀ ਸਹਾਇਤਾ ਨਾਲ ਆਯਸ਼ਾ ਦਾ ਅਪਰੇਸ਼ਨ ਹੋਇਆ। ਫੈਸ਼ਨ ਡਿਜ਼ਾਈਨਰ ਬਣਨ ਦੀ ਖਾਹਿਸ਼ ਰੱਖਣ ਵਾਲੀ ਆਯਸ਼ਾ ਨੇ ਇਲਾਜ ਲਈ ਵੀਜ਼ਾ ਦੇਣ ਵਾਸਤੇ ਭਾਰਤ ਸਰਕਾਰ ਦਾ ਧੰਨਵਾਦ ਕੀਤਾ। ਆਯਸ਼ਾ ਦੀ ਮਾਂ ਨੇ ਕਿਹਾ ਕਿ ਪਾਕਿਸਤਾਨ ’ਚ ਅਜਿਹੀ ਸਹੂਲਤ ਨਹੀਂ ਹੈ ਪਰ ਉਸ ਨੂੰ ਭਾਰਤ ਤੋਂ ਪੂਰਾ ਸਹਿਯੋਗ ਮਿਲਿਆ। ਆਯਸ਼ਾ ਤੋਂ ਪਹਿਲਾਂ 2014 ’ਚ ਕਰਾਚੀ ਦੇ ਮੁਹੰਮਦ ਆਮਿਰ (ਬਦਲਿਆ ਨਾਮ) ਅਤੇ ਪਾਕਿਸਤਾਨੀ ਗੁਜਰਾਤ ਦੇ ਇਮਾਮ ਕਾਰੀ ਜ਼ੁਬੈਰ ਨੇ ਵੀ ਹਾਰਟ ਟਰਾਂਸਪਲਾਂਟ ਕਰਵਾਇਆ ਸੀ। ਆਮਿਰ ਨੇ ਕਿਹਾ ਕਿ ਜਾਣਕਾਰੀ ਮੁਤਾਬਕ ਕਰੀਬ ਛੇ ਪਾਕਿਸਤਾਨੀ ਭਾਰਤ ’ਚ ਹਾਰਟ ਟਰਾਂਸਪਲਾਂਟ ਕਰਵਾ ਚੁੱਕੇ ਹਨ ਜਿਨ੍ਹਾਂ ’ਚੋਂ ਚਾਰ ਦੀ ਮੌਤ ਹੋ ਚੁੱਕੀ ਹੈ। -ਪੀਟੀਆਈ

Advertisement

Advertisement
Author Image

Advertisement
Advertisement
×