ਪਾਕਿਸਤਾਨ ਦੇ ਐੱਮਐੱਨਏ ਤੇ ਸੈਨੇਟਰ ਵੱਲੋਂ ਅੰਮ੍ਰਿਤਸਰ ਦਾ ਦੌਰਾ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 31 ਜਨਵਰੀ
ਪਾਕਿਸਤਾਨ ਦੇ ਐੱਮਐੱਨਏ (ਕੌਮੀ ਅਸੈਂਬਲੀ ਮੈਂਬਰ) ਸ਼ਾਜ਼ੀਆ ਮੈਰੀ, ਮਨਾਜ਼ਾ ਹਸਨ ਅਤੇ ਸੈਨੇਟਰ ਕੁਰਤੈਨੁਲ ਮੈਰੀ ਨੇ ਆਪਣੇ ਅੰਮ੍ਰਿਤਸਰ ਦੌਰੇ ਦੌਰਾਨ ਆਖਿਆ ਕਿ ਦੋਵਾਂ ਮੁਲਕਾਂ ਦੇ ਲੋਕਾਂ ਦੇ ਦਿਲਾਂ ’ਚ ਇਕਜੁੱਟ ਹੋਣ ਅਤੇ ਆਪਸ ਵਿਚ ਮਿਲਵਰਤਨ ਸ਼ੁਰੂ ਕਰਨ ਦੀ ਇੱਛਾ ਹੈ। ਇਸ ਵਫ਼ਦ ਨੇ ਅੱਜ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਇਤਿਹਾਸਕ ਖ਼ਾਲਸਾ ਕਾਲਜ ਦਾ ਦੌਰਾ ਕੀਤਾ। ਖਾਲਸਾ ਕਾਲਜ ਵਿੱਚ ਪਾਕਿਸਤਾਨ ਦੇ ਐੱਮਐੱਨਏ ਅਤੇ ਸੈਨੇਟਰ ਨੇ ਆਪਣੇ ਦੌਰੇ ਦੌਰਾਨ ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨਾਲ ਗੱਲਬਾਤ ਕਰਦਿਆਂ ਅੰਮ੍ਰਿਤਸਰ ਨੂੰ ਖੂਬਸੂਰਤ ਤੇ ਵਧੀਆ ਸ਼ਹਿਰ ਦੱਸਿਆ। ਉਨ੍ਹਾਂ ਕਿਹਾ ਕਿ ਦੋਵਾਂ ਮੁਲਕਾਂ ਦੇ ਲੋਕਾਂ ਦੇ ਦਿਲਾਂ ’ਚ ਆਪਸੀ ਮਿਲਵਰਤਣ ਸਬੰਧੀ ਖਿੱਚ ਹੈ।
ਪਾਕਿਸਤਾਨ ਦੇ ਇਹ ਸਿਆਸੀ ਆਗੂ ਇੱਥੇ ਆਪਣੇ ਨਿੱਜੀ ਦੌਰੇ ’ਤੇ ਪੁੱਜੇ ਸਨ। ਉਨ੍ਹਾਂ ਨੇ ਲਗਪਗ 132 ਸਾਲ ਪੁਰਾਣੀ ਵਿੱਦਿਅਕ ਸੰਸਥਾ ਦੀ ਸ਼ਲਾਘਾ ਕਰਦਿਆਂ ਵਿਰਾਸਤੀ ਇਮਾਰਤ ਅਤੇ ਭਵਨ ਨਿਰਮਾਣ ਕਲਾ ਦੇ ਨਮੂਨੇ ਨੂੰ ਸਲਾਹਿਆ। ਇਸ ਮੌਕੇ ਸ੍ਰੀ ਛੀਨਾ ਨੇ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਆਪਸੀ ਰਿਸ਼ਤੇ ਮਜ਼ਬੂਤ ਕਰਨ ’ਤੇ ਜ਼ੋਰ ਦਿੰਦਿਆਂ ਇਨ੍ਹਾਂ ਸ਼ਖ਼ਸੀਅਤਾਂ ਨੂੰ ਇਹ ਮੰਗ ਪਾਕਿਸਤਾਨ ਸਰਕਾਰ ਅੱਗੇ ਉਠਾਉਣ ਲਈ ਕਿਹਾ। ਖ਼ਾਲਸਾ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਤਮਿੰਦਰ ਸਿੰਘ ਭਾਟੀਆ ਨੇ ਵਫ਼ਦ ਦੇ ਮੈਂਬਰਾਂ ਨੂੰ ਕਾਲਜ ਦੀ ਕੌਫ਼ੀ ਟੇਬਲ ਬੁੱਕ ਭੇਟ ਕੀਤਾ। ਇਸ ਮੌਕੇ ਕਾਲਜ ਦੀ ਇਮਾਰਤ ਨੂੰ ਦੇਖ ਕੇ ਪ੍ਰਭਾਵਿਤ ਹੋਏ ਸ਼ਾਜ਼ੀਆ, ਹਸਨ ਅਤੇ ਕੁਰਤੈਨੁਲ ਨੇ ਕਿਹਾ ਕਿ ਉਨ੍ਹਾਂ ਨੂੰ ਇੰਝ ਮਹਿਸੂਸ ਹੋ ਰਿਹਾ ਹੈ ਕਿ ਜਿਵੇਂ ਉਹ ਲਹਿੰਦੇ ਪੰਜਾਬ ’ਚ ਹੀ ਇਮਾਰਤਾਂ ਦਾ ਦੌਰਾ ਕਰ ਰਹੇ ਹੋਣ। ਉਨ੍ਹਾਂ ਕਿਹਾ ਕਿ ਪਰਮਾਤਮਾ ਦੋਵਾਂ ਮੁਲਕਾਂ ’ਚ ਪ੍ਰੇਮ-ਪਿਆਰ ਅਤੇ ਇਤਫ਼ਾਕ ਦੀਆਂ ਤੰਦਾਂ ਨੂੰ ਮਜ਼ਬੂਤ ਕਰੇ।
ਇਸ ਦੌਰਾਨ ਖ਼ਾਲਸਾ ਕਾਲਜ ਵਿੱਚ ਕਾਰਜਕਾਰੀ ਪ੍ਰਿੰਸੀਪਲ ਡਾ. ਅਰਵਿੰਦਰ ਕੌਰ ਕਾਹਲੋਂ ਅਤੇ ਡਾ. ਭਾਟੀਆ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਰਜਿੰਦਰ ਸਿੰਘ ਰੂਬੀ, ਅੰਡਰ ਸੈਕਟਰੀ ਡੀਐੱਸ ਰਟੌਲ ਵੀ ਹਾਜ਼ਰ ਸਨ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਸੂਚਨਾ ਕੇਂਦਰ ’ਚ ਸ਼੍ਰੋਮਣੀ ਕਮੇਟੀ ਵੱਲੋਂ ਵੀ ਸਨਮਾਨਿਆ ਗਿਆ।