ਬਮਿਆਲ ਸੈਕਟਰ ਵਿੱਚ ਪਾਕਿ ਡਰੋਨ ਦੀ ਹਲਚਲ
ਐੱਨ.ਪੀ. ਧਵਨ
ਪਠਾਨਕੋਟ, 22 ਦਸੰਬਰ
ਭਾਰਤ-ਪਾਕਿਸਤਾਨ ਸਰਹੱਦ ’ਤੇ ਬਮਿਆਲ ਸੈਕਟਰ ਅੰਦਰ ਲੰਘੀ ਰਾਤ ਇੱਕ ਵਾਰ ਫਿਰ ਡਰੋਨ ਦੀ ਹਲਚਲ ਹੋਈ। ਇੱਥੇ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਦੀ ਚੌਕਸੀ ਸਦਕਾ ਇਹ ਡਰੋਨ ਅੱਗੇ ਨਹੀਂ ਆ ਸਕਿਆ। ਇਸ ਡਰੋਨ ’ਤੇ ਬੀਐੱਸਐੱਫ ਜਵਾਨਾਂ ਨੇ ਗੋਲੀਆਂ ਚਲਾਈਆਂ ਜਿਸ ਮਗਰੋਂ ਡਰੋਨ ਵਾਪਸ ਮੁੜ ਗਿਆ। ਬੀਐੱਸਐੱਫ ਦੀ 121ਵੀਂ ਬਟਾਲੀਅਨ ਦੇ ਬੀਓਪੀ ਸਿੰਬਲ ਫਾਰਵਰਡ ਦੀ ਪੋਸਟ ਨੰਬਰ-7 ਅਤੇ ਪੋਸਟ ਨੰਬਰ-8 ਵਿਚਕਾਰ ਜਵਾਨਾਂ ਨੇ ਡਰੋਨ ਦੀ ਆਵਾਜ਼ ਸੁਣੀ। ਇਸ ਮਗਰੋਂ ਉੱਥੇ ਤਾਇਨਾਤ ਜਵਾਨਾਂ ਨੇ ਇਸ ਸ਼ੱਕੀ ਡਰੋਨ ਵੱਲ ਨੂੰ ਕਈ ਗੋਲੀਆਂ ਚਲਾਈਆਂ। ਅੱਜ ਸਵੇਰੇ ਜ਼ਿਲ੍ਹਾ ਪਠਾਨਕੋਟ ਦੀ ਪੁਲੀਸ, ਕਮਾਂਡੋ ਸਣੇ ਹੋਰ ਸੁਰੱਖਿਆ ਏਜੰਸੀਆਂ ਨੇ ਸਰਹੱਦੀ ਖੇਤਰ ’ਚ ਤਲਾਸ਼ੀ ਮੁਹਿੰਮ ਚਲਾਈ ਪਰ ਇਸ ਦੌਰਾਨ ਕਿਸੇ ਵੀ ਤਰ੍ਹਾਂ ਦੀ ਕੋਈ ਸ਼ੱਕੀ ਵਸਤੂ ਨਹੀਂ ਮਿਲੀ। ਜਾਣਕਾਰੀ ਅਨੁਸਾਰ ਸਰਦੀ ਦੇ ਮੌਸਮ ਵਿੱਚ ਪਾਕਿਸਤਾਨੀ ਤਸਕਰਾਂ ਨੇ ਘੁਸਪੈਠ ਕਰਨ ਦੇ ਨਵੇਂ-ਨਵੇਂ ਤਰੀਕੇ ਅਪਨਾਉਣੇ ਸ਼ੁਰੂ ਕਰ ਦਿੱਤੇ ਗਏ ਹਨ। ਇਸ ਦੌਰਾਨ ਇਲਾਕੇ ਵਿੱਚ ਧੁੰਦ ਪੈਣ ਕਾਰਨ ਸਰਹੱਦ ਪਾਰ ਤੋਂ ਇੱਧਰ ਘੁਸਪੈਠ ਦੀਆਂ ਕੋਸ਼ਿਸ਼ਾਂ ਵਿੱਚ ਵਾਧਾ ਹੋ ਜਾਂਦਾ ਹੈ। ਇਸ ਕਾਰਨ ਸਰਹੱਦੀ ਖੇਤਰ ਵਿੱਚ ਸੁਰੱਖਿਆ ਏਜੰਸੀਆਂ ਚੌਕਸ ਹੋ ਚੁੱਕੀਆਂ ਹਨ। ਪਠਾਨਕੋਟ ਨਾਲ ਲੱਗਦੇ ਗੁਰਦਾਸਪੁਰ ਜ਼ਿਲ੍ਹੇ ਅੰਦਰ ਪੁਲੀਸ ਚੌਕੀਆਂ ’ਤੇ ਵੀ ਚੌਕਸੀ ਵਧਾ ਦਿੱਤੀ ਗਈ ਹੈ।