ਪਾਕਿਸਤਾਨ: ਹਵਾਈ ਅੱਡੇ ਦੇ ਬਾਹਰ ਬੰਬ ਧਮਾਕੇ ਵਿੱਚ ਚੀਨ ਦੇ ਦੋ ਵਿਅਕਤੀਆਂ ਦੀ ਮੌਤ, ਕਈ ਜ਼ਖਮੀ
ਕਰਾਚੀ, 7 ਅਕਤੂਬਰ
Blast in Pakistan: ਪਾਕਿਸਤਾਨ ਦੇ ਕਰਾਚੀ ਹਵਾਈ ਅੱਡੇ ਦੇ ਬਾਹਰ ਐਤਵਾਰ ਦੀ ਰਾਤ ਹੋਏ ਇਕ ਧਮਾਕੇ ਵਿੱਚ ਦੋ ਚੀਨੀ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ ਅੱਠ ਵਿਅਕਤੀ ਜ਼ਖਮੀ ਹੋ ਗਏ। ਇਸ ਸਬੰਧੀ ਪੁਲੀਸ ਅਤੇ ਸੂਬਾ ਸਰਕਾਰ ਨੇ ਦੱਸਿਆ ਕਿ ਪਾਕਿਸਤਾਨ ਦੇ ਸਭ ਤੋਂ ਵੱਡੇ ਹਵਾਈ ਅੱਡੇ ਦੇ ਬਾਹਰ ਇੱਕ ਕੈਂਟਰ ਵਿਚ ਧਮਾਕਾ ਹੋਇਆ। ਚੀਨੀ ਦੂਤਾਵਾਸ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੋਰਟ ਕਾਸਿਮ ਇਲੈਕਟ੍ਰਿਕ ਪਾਵਰ ਪ੍ਰਾਈਵੇਟ ਲਿਮਿਟਡ ਕੰਪਨੀ ਦੇ ਕਰਮਚਾਰੀਆਂ ਨੂੰ ਲੈ ਕੇ ਜਾ ਰਹੇ ਕਾਫ਼ਲੇ ’ਤੇ ਦੇਰ ਰਾਤ ਕਰੀਬ 11 ਵਜੇ ਹਮਲਾ ਹੋਇਆ, ਜਿਸ ਵਿਚ ਦੋ ਚੀਨੀ ਨਾਗਰਿਕ ਮਾਰੇ ਗਏ ਅਤੇ ਇਕ ਹੋਰ ਜ਼ਖਮੀ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪਾਕਿਸਤਾਨੀ ਨਾਗਰਿਕ ਵੀ ਜ਼ਖਮੀ ਹੋਏ ਹਨ।
ਸੂਬੇ ਦੇ ਗ੍ਰਹਿ ਮੰਤਰੀ ਜਿਆ ਉਲ ਹਸਨ ਨੇ ਸਥਾਨਕ ਟੀਵੀ ਚੈੱਨਲ ‘ਜਿਓ’ ਨੂੰ ਦੱਸਿਆ ਕਿ ਧਮਾਕਾ ਵਿਦੇਸੀਆਂ ਨੂੰ ਨਿਸ਼ਾਨਾ ਬਣਾ ਕਿ ਕੀਤਾ ਗਿਆ ਹੈ। ਉਧਰ ਚੀਨ ਨੇ ਜਾਰੀ ਕੀਤੇ ਬਿਆਨ ਵਿਚ ਵਿਸਫੋਟ ਨੂੰ ਅਤਿਵਾਦੀ ਹਮਲਾ ਦੱਸਿਆ ਹੈ ਅਤੇ ਕਿਹਾ ਹੈ ਕਿ ਸਥਿਤੀ ਨਾਲ ਨਜਿੱਠਣ ਲਈ ਚੀਨ ਪਾਕਿਸਤਾਨ ਨਾਲ ਮਿਲ ਕੇ ਕੰਮ ਕਰ ਰਿਹਾ ਹੈ। -ਏਪੀ