ਪਾਕਿਸਤਾਨ: TikTok ਸਟਾਰ ਸਨਾ ਯੂਸਫ਼ ਦੀ ਗੋਲੀ ਮਾਰ ਕੇ ਹੱਤਿਆ
ਇਸਲਾਮਾਬਾਦ, 3 ਜੂਨ
TikTok ਸਟਾਰ ਸਨਾ ਯੂਸਫ਼ (17) ਦੀ ਉਸ ਦੇ ਇਸਲਾਮਾਬਾਦ ਵਿਚਲੇ ਘਰ ਵਿਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਦਿ ਐਕਸਪ੍ਰੈੱਸ ਟ੍ਰਿਬਿਊਨ ਤੇ ਸਮਾ ਟੀਵੀ ਦੀ ਰਿਪੋਰਟ ਮੁਤਾਬਕ ਇਹ ਘਟਨਾ ਸੁੰਬਲ ਪੁਲੀਸ ਥਾਣੇ ਅਧੀਨ ਆਉਂਦੇ ਖੇਤਰ ਦੀ ਦੱਸੀ ਜਾਂਦੀ ਹੈ। ਦਿ ਐਕਸਪ੍ਰੈੱਸ ਟ੍ਰਿਬਿਊਨ ਮੁਤਾਬਕ ਇਕ ਅਣਪਛਾਤਾ ਹਮਲਾਵਰ ਘਰ ਵਿਚ ਦਾਖ਼ਲ ਹੋਇਆ ਤੇ ਟਿਕਟੌਕ ਸਟਾਰ ਨੂੰ ਗੋਲੀ ਮਾਰਨ ਮਗਰੋਂ ਉਥੋਂ ਰਫੂਚੱਕਰ ਹੋ ਗਿਆ।
ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਚਿਤਰਾਲ ਨਾਲ ਸਬੰਧਤ ਸਨਾ ਆਪਣੇ ਟਿਕਟੌਕ ਵੀਡੀਓਜ਼ ਕਰਕੇ ਕਾਫ਼ੀ ਮਕਬੂਲ ਹੋਈ ਸੀ। ਇਸ ਦੌਰਾਨ ਸਮਾਂ ਟੀਵੀ ਨੇ ਆਪਣੀ ਰਿਪੋਰਟ ਵਿਚ ਪੁਲੀਸ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਅਣਪਛਾਤਾ ਮਸ਼ਕੂਕ ਮਹਿਮਾਨ ਵਜੋੋਂ ਘਰ ਵਿਚ ਦਾਖ਼ਲ ਹੋਇਆ ਸੀ। ਪੁਲੀਸ ਨੇ ਘਟਨਾ ਤੋਂ ਫੌਰੀ ਮਗਰੋਂ ਮਸ਼ਕੂਕ ਦੀ ਭਾਲ ਲਈ ਤਲਾਸ਼ੀ ਮੁਹਿੰਮ ਵਿੱਢ ਦਿੱਤੀ ਹੈ। ਸਨਾ ਯੂਸਫ਼ ਦੀ ਮ੍ਰਿਤਕ ਦੇਹ ਪੋਸਟ ਮਾਰਟਮ ਲਈ ਪਾਕਿਸਤਾਨ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਵਿਚ ਤਬਦੀਲ ਕਰ ਦਿੱਤੀ ਹੈ। ਕਤਲ ਪਿਛਲੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ।
ਸਨਾ ਦੇ ਕਤਲ ਮਗਰੋਂ ਸੋਸ਼ਲ ਮੀਡੀਆ ’ਤੇ ਇਸ ਘਟਨਾ ਖਿਲਾਫ਼ ਲੋਕਾਂ ਦਾ ਗੁੱਸਾ ਫੁਟ ਪਿਆ ਹੈ। ਟਿਕਟੌਕ ਸਟਾਰ ਦੇ ਕਈ ਫਾਲੋਅਰਜ਼ ਨੇ ਨਿਆਂ ਦੀ ਮੰਗ ਕੀਤੀ ਹੈ। ਕਾਬਿਲੇਗੌਰ ਹੈ ਕਿ ਪਾਕਿਸਤਾਨ ਵਿੱਚ ਕਿਸ਼ੋਰ ਉਮਰ ਦੀਆਂ ਮੁਟਿਆਰਾਂ ਦੇ ਕਤਲ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਸਾਲ ਦੇ ਸ਼ੁਰੂ ਵਿੱਚ ਹੀਰਾ ਨਾਮ ਦੀ 15 ਸਾਲਾ ਕੁੜੀ ਨੂੰ ਕੋਇਟਾ ਵਿੱਚ ਉਸ ਦੇ ਪਿਤਾ ਅਤੇ ਮਾਮੇ ਨੇ ਟਿਕਟੌਕ ’ਤੇ ਉਸ ਦੀ ਮੌਜੂਦਗੀ ਨੂੰ ਲੈ ਕੇ ਅਣਖ ਖਾਤਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। -ਏਐੱਨਆਈ