ਪਾਕਿਸਤਾਨ: ਸੁਰੱਖਿਆ ਪੋਸਟ ’ਤੇ ਫਿਦਾਈਨ ਹਮਲੇ ’ਚ ਤਿੰਨ ਫ਼ੌਜੀ ਅਤੇ ਇੱਕ 10 ਸਾਲਾ ਬੱਚਾ ਹਲਾਕ
ਪਿਸ਼ਾਵਰ, 5 ਜੁਲਾਈ
ਉੱਤਰ-ਪੂਰਬੀ ਪਾਕਿਸਤਾਨ ਵਿੱਚ ਅੱਜ ਇਕ ਸੁਰੱਖਿਆ ਚੈੱਕਪੋਸਟ ’ਤੇ ਫਿਦਾਈਨ ਹਮਲਾ ਹੋ ਗਿਆ। ਇਸ ਹਮਲੇ ਵਿੱਚ ਘੱਟੋ-ਘੱਟ ਤਿੰਨ ਸੈਨਿਕ ਤੇ ਇਕ 10 ਸਾਲਾ ਲੜਕੇ ਦੀ ਮੌਤ ਹੋ ਗਈ ਜਦਕਿ 14 ਹੋਰ ਆਮ ਲੋਕ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਅੱਜ ਅਧਿਕਾਰੀਆਂ ਨੇ ਦਿੱਤੀ। ਅਫਗਾਨਿਸਤਾਨ ਨਾਲ ਲੱਗਦੇ ਸੂਬੇ ਖੈਬਰ ਪਖਤੂਨਖਵਾ ਵਿੱਚ ਪੈਂਦੇ ਇਕ ਕਸਬੇ ਮੀਰਾਂ ਸ਼ਾਹ ਵਿੱਚ ਇਹ ਧਮਾਕਾ ਹੋਇਆ। ਇੱਥੇ ਅਤਿਵਾਦੀ ਪਾਕਿਸਤਾਨੀ ਤਾਲਿਬਾਨੀ ਜਥੇਬੰਦੀ ‘ਤਹਿਰੀਕ-ਏ-ਤਾਲਿਬਾਨ ਪਾਕਿਸਤਾਨ’ ਦੀ ਕਾਫੀ ਦਹਿਸ਼ਤ ਹੈ। ਜ਼ਿਲ੍ਹਾ ਪੁਲਿਸ ਅਧਿਕਾਰੀ (ਡੀਪੀਓ) ਸਲੀਮ ਰਿਆਜ਼ ਨੇ ਦੱਸਿਆ ਕਿ ਆਤਮਘਾਤੀ ਹਮਲਾ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਉੱਤਰੀ ਵਜ਼ੀਰਿਸਤਾਨ ਕਬਾਇਲੀ ਜ਼ਿਲ੍ਹੇ ਦੇ ਬੰਨੂ-ਮੀਰਾਨ ਸ਼ਾਹ ਰੋਡ ’ਤੇ ਹਮੀਦੁੱਲਾ ਸ਼ਹੀਦ ਸੁਰੱਖਿਆ ਚੌਕੀ ’ਤੇ ਹੋਇਆ। ਇਕ ਪੁਲੀਸ ਅਧਿਕਾਰੀ ਰਾਸ਼ਿਦ ਖਾਨ ਮੁਤਾਬਕ ਇਸ ਹਮਲੇ ਵਿੱਚ ਘੱਟੋ-ਘੱਟ 14 ਆਮ ਨਾਗਰਿਕ ਅਤੇ ਕੁਝ ਸੈਨਿਕ ਜ਼ਖ਼ਮੀ ਹੋ ਗਏ। ਉਨ੍ਹਾਂ ਕਿਹਾ ਕਿ ਸੁਰੱਖਿਆ ਬਲਾਂ ਵੱਲੋਂ ਫਿਦਾਈਨ ਦੇ ਆਕਾਵਾਂ ਦੀ ਭਾਲ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਕਿਹਾ, ‘‘ਹਮਲੇ ਵਿੱਚ ਪੈਰਾਮਿਲਟਰੀ ਫੋਰਸ ਦੇ ਘੱਟੋ-ਘੱਟ ਤਿੰਨ ਜਵਾਨ ਅਤੇ ਇਕ 10 ਸਾਲਾ ਬੱਚਾ ਮੁਹੰਮਦ ਕਾਸਿਮ ਸ਼ਹੀਦ ਹੋ ਗਿਆ।’’ ਹਾਲੇ ਤੱਕ ਕਿਸੇ ਜਥੇਬੰਦੀ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਪਰ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ ਇਹ ਕਾਰਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦਾ ਹੈ। -ਏਪੀ