ਪਾਕਿਸਤਾਨ: ਫਿਸ਼ ਪਲੇਟ ਨਾ ਹੋਣ ਕਾਰਨ ਵਾਪਰਿਆ ਸੀ ਰੇਲ ਹਾਦਸਾ
ਕਰਾਚੀ, 8 ਅਗਸਤ
ਪਾਕਿਸਤਾਨ ਵਿਚ ਐਤਵਾਰ ਨੂੰ ਵਾਪਰੇ ਰੇਲ ਹਾਦਸੇ ਦਾ ਕਾਰਨ ਫਿਸ਼ ਪਲੇਟ (ਰੇਲ ਪਟੜੀਆਂ ਦੇ ਦੋ ਸਿਰਿਆਂ ਨੂੰ ਜੋੜਨ ਵਾਲੇ ਯੰਤਰ) ਦੀ ਅਣਹੋਂਦ ਅਤੇ ਨੁਕਸਾਨੀ ਹੋਈ ਪਟੜੀ ਸੀ। ਇਸੇ ਕਾਰਨ ਐਕਸਪ੍ਰੈੱਸ ਰੇਲਗੱਡੀ ਪਟੜੀ ਤੋਂ ਉਤਰ ਗਈ, ਜਿਸ ਨਾਲ ਘੱਟੋ ਘੱਟ 34 ਵਿਅਕਤੀਆਂ ਦੀ ਮੌਤ ਹੋ ਗਈ। ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਵਾਪਰੇ ਇਸ ਰੇਲ ਹਾਦਸੇ ਦੀ ਮੁੱਢਲੀ ਜਾਂਚ ਰਿਪੋਰਟ ਆ ਗਈ ਹੈ। ਅਧਿਕਾਰੀਆਂ ਨੇ ਇਸ ਹਾਦਸੇ ਪਿੱਛੇ ਕਿਸੇ ਤਰ੍ਹਾਂ ਦੀ ਸਾਜਿਸ਼ ਹੋਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਹੈ। ਕਰਾਚੀ ਤੋਂ ਰਾਵਲਪਿੰਡੀ ਜਾ ਰਹੀ ਹਜ਼ਾਰਾ ਐਕਸਪ੍ਰੈਸ ਐਤਵਾਰ ਨੂੰ ਕਰਾਚੀ ਤੋਂ 275 ਕਿਲੋਮੀਟਰ ਦੂਰ ਨਵਾਬਸ਼ਾਹ ਜ਼ਿਲ੍ਹੇ ਦੇ ਸਰਹਾਰੀ ਰੇਲਵੇ ਸਟੇਸ਼ਨ ਨੇੜੇ ਪਟੜੀ ਤੋਂ ਉਤਰ ਗਈ ਸੀ।
‘ਡਾਅਨ’ ਅਖਬਾਰ ਨੇ ਮੁਢਲੀ ਜਾਂਚ ਰਿਪੋਰਟ ਦੇ ਹਵਾਲੇ ਨਾਲ ਕਿਹਾ ਕਿ ਫਿਸ਼ ਪਲੇਟ ਨਾ ਹੋਣ ਅਤੇ ਪਟੜੀ ਨੁਕਸਾਨੀ ਹੋਣ ਕਾਰਨ ਹਜ਼ਾਰਾ ਐਕਸਪ੍ਰੈਸ ਲੀਹ ਤੋਂ ਲੱਥ ਗਈ ਸੀ। ਪਾਕਿਸਤਾਨ ਰੇਲਵੇ ਦੀ ਛੇ ਮੈਂਬਰੀ ਜਾਂਚ ਟੀਮ ਨੇ ਰਿਪੋਰਟ ’ਚ ਕਿਹਾ, ‘‘ਸਾਰੇ ਪਹਿਲੂਆਂ ਦੀ ਜਾਂਚ ਕਰਨ ਤੋਂ ਬਾਅਦ ਅਸੀਂ ਇਸ ਨਤੀਜੇ ’ਤੇ ਪਹੁੰਚੇ ਹਾਂ ਕਿ ਇਹ ਹਾਦਸਾ ਪੱਟੜੀ ਦੇ ਟੁੱਟਣ ਅਤੇ ਫਿਸ਼ ਪਲੇਟ ਨਾ ਹੋਣ ਕਾਰਨ ਵਾਪਰਿਆ।’’ ਜਾਂਚ ਟੀਮ ਨੇ ਇੰਜਣ ਦੇ ਫਿਸਲਣ ਨੂੰ ਵੀ ਇਸ ਹਾਦਸੇ ਦਾ ਕਾਰਨ ਦੱਸਿਆ ਹੈ। ਰੇਲਵੇ ਦੇ ਕੁਝ ਅਧਿਕਾਰੀ ਹਾਦਸੇ ਪਿੱਛੇ ਕੋਈ ਸਾਜਿਸ਼ ਹੋਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕਰ ਰਹੇ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਹਾਦਸੇ ਵਾਲੀ ਜਗ੍ਹਾ ਤੋਂ ਥੋੜ੍ਹੀ ਦੂਰ ਲੋਹੇ ਦੀ ਫਿਸ਼ ਪਲੇਟ ਅਤੇ ਲੱਕੜ ਦੇ ਟਰਮੀਨਲ ’ਤੇ ‘ਕੋਈ ਚੀਜ਼ ਮਾਰੇ ਜਾਣ ਦੇ ਮਾਮੂਲੀ ਨਿਸ਼ਾਨ’ ਮਿਲੇ ਹਨ। ਹਾਲਾਂਕਿ ਟੀਮ ਦੇ ਦੋ ਮੈਂਬਰ ਇਨ੍ਹਾਂ ਕਾਰਨਾਂ ਨਾਲ ਸਹਿਮਤ ਨਹੀਂ ਹਨ। -ਪੀਟੀਆਈ