ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਾਕਿਸਤਾਨ: ਬਦਹਵਾਸੀ ਦਾ ਆਲਮ

06:19 AM Aug 10, 2023 IST

ਜੀ ਪਾਰਥਾਸਾਰਥੀ

ਪਾਕਿਸਤਾਨ ਦੇ ਬੱਝਵੇਂ ਆਰਥਿਕ ਵਿਕਾਸ ਨੂੰ ਲੈ ਕੇ ਬਦਹਵਾਸੀ ਦਾ ਆਲਮ ਬਣਿਆ ਹੋਇਆ ਹੈ। ਮੁਲਕ ਦੀ ਆਰਥਿਕ ਹਾਲਤ ਡਾਵਾਂਡੋਲ ਹੈ, ਕੌਮਾਂਤਰੀ ਮੁਦਰਾ ਕੋਸ਼ (ਆਈਐੱਮਐੱਫ) ਦੀਆਂ ਲਾਈਆਂ ਸਖ਼ਤ ਸ਼ਰਤਾਂ ਕਰ ਕੇ ਸਰਕਾਰੀ ਖਰਚ ਦੀਆਂ ਲਗਾਮਾਂ ਕੱਸ ਦਿੱਤੀਆਂ ਗਈਆਂ ਹਨ। ਰਹਿੰਦੀ ਖੂੰਹਦੀ ਕਸਰ ਮਹਿੰਗਾਈ ਨੇ ਕੱਢ ਦਿੱਤੀ ਹੈ ਜਿਸ ਕਰ ਕੇ ਆਮ ਲੋਕਾਂ ਦਾ ਜਿਊਣਾ ਮੁਸ਼ਕਿਲ ਹੋ ਗਿਆ ਹੈ। ਵਿਸ਼ਵ ਬੈਂਕ ਦੀ ਹਾਲੀਆ ਰਿਪੋਰਟ ਵਿਚ ਕਿਹਾ ਗਿਆ ਹੈ: “ਵਿਦੇਸ਼ੀ ਮੁਦਰਾ ਭੰਡਾਰ ਘਟਣ, ਮੁਦਰਾ ਦੀ ਕੀਮਤ ਵਿਚ ਗਿਰਾਵਟ ਅਤੇ ਉੱਚ ਮਹਿੰਗਾਈ ਦਰ ਕਰ ਕੇ ਪਾਕਿਸਤਾਨ ਦਾ ਅਰਥਚਾਰਾ ਇਸ ਵੇਲੇ ਭਾਰੀ ਦਬਾਓ ਹੇਠ ਹੈ।” ਚਾਲੂ ਮਾਲੀ ਸਾਲ ਦੌਰਾਨ ਅਰਥਚਾਰੇ ਵਿਚ 0.4 ਫ਼ੀਸਦ ਦੀ ਦਰ ਨਾਲ ਵਾਧਾ ਹੋਣ ਦੀ ਉਮੀਦ ਹੈ ਅਤੇ ਇਸ ਦੌਰਾਨ ਮਹਿੰਗਾਈ ਅਤੇ ਊਰਜਾ ਦੀਆਂ ਕੀਮਤਾਂ ਵਿਚ ਵਾਧਾ ਜਾਰੀ ਰਹੇਗਾ। ਪਾਕਿਸਤਾਨ ਦੇ ਖੇਤੀਬਾੜੀ ਖੇਤਰ ਦੀ ਪੈਦਾਵਾਰ ਵਿਚ ਦੋ ਦਹਾਕਿਆਂ ਵਿਚ ਪਹਿਲੀ ਵਾਰ ਕਮੀ ਆਉਣ ਦਾ ਖ਼ਦਸ਼ਾ ਹੈ ਜਦਕਿ ਸਨਅਤੀ ਪੈਦਾਵਾਰ ਦਾ ਵੀ ਇਹੋ ਹਾਲ ਹੈ ਜਿਸ ਕਰ ਕੇ ਸਪਲਾਈ ਚੇਨ ਵਿਚ ਵਿਘਨ ਪੈ ਰਿਹਾ ਹੈ। ਵਿਦੇਸ਼ੀ ਆਰਥਿਕ ਇਮਦਾਦ ’ਤੇ ਬਹੁਤ ਜਿ਼ਆਦਾ ਟੇਕ ਰੱਖਣ ਦੀ ਸੂਰਤ ਵਿਚ ਨੇੜ ਭਵਿੱਖ ਵਿਚ ਪਾਕਿਸਤਾਨ ਆਰਥਿਕ ਤੌਰ ’ਤੇ ਨਾਕਾਮੀ ਦੀ ਸਥਿਤੀ ਵਿਚ ਘਿਰਦਾ ਜਾਪ ਰਿਹਾ ਹੈ।
ਆਈਐੱਮਐੱਫ ਨਾਲ ਕਰਾਰ ਤੈਅ ਪਾਏ ਜਾਣ ਅਤੇ ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ (ਯੂਏਈ) ਜਿਹੇ ਮੁਲਕਾਂ ਤੋਂ ਦੁਵੱਲੀ ਇਮਦਾਦ ਹਾਸਲ ਕਰਨ ਦੇ ਬਾਵਜੂਦ ਪਾਕਿਸਤਾਨ ਨੂੰ ਆਰਥਿਕ ਸੰਕਟ ’ਚੋਂ ਨਿਕਲਣ ਲਈ ਵਿਦੇਸ਼ੀ ਮੁਦਰਾ ਭੰਡਾਰਾਂ ਅਤੇ ਸਰਕਾਰੀ ਖਰਚ ’ਤੇ ਲਾਈਆਂ ਬੰਦਸ਼ਾਂ ਨੂੰ ਸਖ਼ਤੀ ਨਾਲ ਅਮਲ ਵਿਚ ਲਿਆਉਣਾ ਪਵੇਗਾ। ਹਾਲਾਂਕਿ ਪਾਕਿਸਤਾਨ ਦੇ ਮਨਸੂਬਾਬੰਦੀ ਮੰਤਰੀ ਆਸਿਫ਼ ਇਕਬਾਲ ਨੇ ਇਸ ਸਾਲ ਆਰਥਿਕ ਵਿਕਾਸ ਦਰ 3.5 ਫ਼ੀਸਦ ਰਹਿਣ ਦੀ ਉਮੀਦ ਜਤਾਈ ਹੈ ਪਰ ਬਹੁਤ ਸਾਰੇ ਲੋਕ ਉਨ੍ਹਾਂ ਦੇ ਆਸ਼ਾਵਾਦ ਨਾਲ ਸਹਿਮਤ ਨਹੀਂ ਹਨ। ਲਿਹਾਜ਼ਾ, ਪਾਕਿਸਤਾਨ ਲੰਮੇ ਚਿਰ ਲਈ ਆਰਥਿਕ ਤੌਰ ’ਤੇ ਕੌਮਾਂਤਰੀ ਅਸਫਲਤਾ ਦਾ ਕੇਸ ਬਣਿਆ ਰਹਿ ਸਕਦਾ ਹੈ ਜਿਸ ਲਈ ਹੋਰ ਵਿਦੇਸ਼ੀ ਇਮਦਾਦ ਦੀ ਲੋੜ ਪਵੇਗੀ। ਇਸ ਦੌਰਾਨ ਇਸ ਦੇ ‘ਸਦਾਬਹਾਰ ਦੋਸਤ’ ਚੀਨ ਨੇ ਪਾਕਿਤਸਾਨ ਦੀਆਂ ਕੌਮਾਂਤਰੀ ਤੌਰ ’ਤੇ ਤਬਾਦਲੇਯੋਗ ਕਰੰਸੀਆਂ ਦੀਆਂ ਲੋੜਾਂ ਦੀ ਪੂਰਤੀ ਲਈ ਕੋਈ ਖਾਸ ਉਤਸ਼ਾਹ ਨਹੀਂ ਦਿਖਾਇਆ। ਪੇਈਚਿੰਗ ਦਾ ਧਿਆਨ ਆਪਣੇ ‘ਬੈਲਟ ਐਂਡ ਰੋਡ’ ਪ੍ਰਾਜੈਕਟ ’ਤੇ ਲੱਗਿਆ ਹੋਇਆ ਹੈ। ਇਸ ’ਤੇ ਵੀ ਸੰਦੇਹ ਹੈ ਕਿ ਕੀ ਪਾਕਿਸਤਾਨ ਸ੍ਰੀਲੰਕਾ ਦੇ ਰਾਸ਼ਟਰਪਤੀ ਰਨੀਲ ਵਿਕਰਮਸਿੰਘੇ ਦੀ ਤਰ੍ਹਾਂ ਸਫਲ ਹੋ ਸਕੇਗਾ ਜਿਨ੍ਹਾਂ ਨੇ ਆਪਣੀਆਂ ਸੂਝ ਭਰੀਆਂ ਕੂਟਨੀਤਕ ਅਤੇ ਵਿੱਤੀ ਨੀਤੀਆਂ ਸਦਕਾ ਦੇਸ਼ ਨੂੰ ਆਰਥਿਕ ਦੀਵਾਲੀਏਪਣ ਦੀਆਂ ਚੁਣੌਤੀਆਂ ਨਾਲ ਸਿੱਝਣ ਲਈ ਕਾਫ਼ੀ ਚੰਗੀ ਕਾਰਗੁਜ਼ਾਰੀ ਦਿਖਾਈ ਹੈ।
ਆਰਥਿਕ ਦਿੱਕਤਾਂ ਨਾਲ ਜੂਝਦਿਆਂ ਪਾਕਿਸਤਾਨ ਦੀ ‘ਪਰਮਾਣੂ ਹਥਿਆਰ ਲੀਡਰਸ਼ਿਪ’ ਨੇ ਆਪਣੇ ਲੋਕਾਂ ਨੂੰ ਖੁਸ਼-ਖ਼ਬਰ ਦਿੰਦੇ ਹੋਏ ਐਲਾਨ ਕੀਤਾ ਹੈ ਕਿ ਉਨ੍ਹਾਂ ਦਾ ਦੇਸ਼ ‘ਪਰਮਾਣੂ ਨਿਰਵਾਣ’ ਹਾਸਲ ਕਰਨ ਜਾ ਰਿਹਾ ਹੈ। ਪਾਕਿਸਤਾਨ ਦੇ ਪ੍ਰਥਮ ‘ਪਰਮਾਣੂ ਜ਼ਾਰ’ ਏ ਕਿਊ ਖ਼ਾਨ ਸਨ ਜਿਨ੍ਹਾਂ ਦਾ ਅਕਤੂਬਰ 2021 ਵਿਚ ਦੇਹਾਂਤ ਹੋ ਗਿਆ ਸੀ। ਏ ਕਿਊ ਖ਼ਾਨ ਨੇ ਪਰਮਾਣੂ ਤਕਨਾਲੋਜੀ ਦੀ ਖੋਜ ਅਤੇ ਵਿਕਾਸ ਕਾਰਜਾਂ ਨਾਲ ਜੁੜੀ ਡੱਚ ਕੰਪਨੀ ਵਚ ਨੌਕਰੀ ਲੈ ਲਈ ਸੀ। ਕੰਪਨੀ ਨੇ ਉਚ ਰਫ਼ਤਾਰ ਵਾਲੇ ਸੈਂਟਰੀਫਿਊਜਜ਼ (ਰੋਟੇਟਰ ਮਸ਼ੀਨ) ਦੀ ਵਰਤੋਂ ਕਰਦਿਆਂ ਸੋਧਿਆ ਹੋਇਆ ਯੂਰੇਨੀਅਮ ਤਿਆਰ ਕਰ ਲਿਆ ਸੀ। ਖ਼ਾਨ 1971 ਦੀ ਜੰਗ ਵਿਚ ਪਾਕਿਸਤਾਨ ਦੀ ਹਾਰ ਤੋਂ ਬਹੁਤ ਤੈਸ਼ ਵਿਚ ਆ ਗਿਆ ਸੀ। ਉਸ ਨੇ ਪਰਮਾਣੂ ਹਥਿਆਰ ਬਣਾਉਣ ਲਈ ਜ਼ਰੂਰੀ ਯੂਰੇਨੀਅਮ ਦੀ ਸੁਧਾਈ ਬਾਰੇ ਹਾਸਲ ਕੀਤੀਆਂ ਜਾਣਕਾਰੀਆਂ ਤਤਕਾਲੀ ਪ੍ਰਧਾਨ ਮੰਤਰੀ ਜ਼ੁਲਫਿ਼ਕਾਰ ਅਲੀ ਭੁੱਟੋ ਨਾਲ ਸਾਂਝੀਆਂ ਕੀਤੀਆਂ ਸਨ। ਉਸ ਤੋਂ ਥੋੜ੍ਹੀ ਦੇਰ ਬਾਅਦ ਹੀ ਉਸ ਨੂੰ ਇਸਲਾਮਾਬਾਦ ਨੇੜੇ ਕਹੂਟਾ ਵਿਖੇ ਪਾਕਿਸਤਾਨ ਦੇ ਯੂਰੇਨੀਅਮ ਐਨਰਿਚਮੈਂਟ ਪ੍ਰਾਜੈਕਟ ਦਾ ਮੁਖੀ ਬਣਾ ਦਿੱਤਾ ਗਿਆ ਸੀ। ਇੱਥੇ ਹੀ ਉਹ ਯੂਰੇਨੀਅਮ ਸੁਧਾਈ ਲਈ ਦਰਕਾਰ ਸੈਂਟਰੀਫਿਊਜਜ਼ ਨੂੰ ਸਥਾਪਤ ਕਰਨ ਦੇ ਯੋਗ ਹੋ ਸਕਿਆ ਸੀ।
ਚੀਨ ਵਲੋਂ ਵੀ ਸੋਧੇ ਹੋਏ ਯੂਰੇਨੀਅਮ ਦੀ ਪੈਦਾਵਾਰ ਕੀਤੀ ਜਾ ਰਹੀ ਸੀ ਜਿਸ ਕਰ ਕੇ ਇਹ ਬਿਲਕੁੱਲ ਸੰਭਵ ਹੈ ਕਿ ਪਾਕਿਸਤਾਨ ਨੂੰ ਚੀਨ ਕੋਲੋਂ ਪਰਮਾਣੂ ਹਥਿਆਰਾਂ ਦੇ ਡਿਜ਼ਾਈਨ ਹਾਸਲ ਹੋਏ ਹੋਣ। ਉਸ ਤੋਂ ਬਾਅਦ ਇਸਲਾਮਾਬਾਦ ਆਪਣੇ ਪਰਮਾਣੂ ਹਥਿਆਰ ਤਿਆਰ ਕਰਨ ਲਈ ਤਿਆਰ ਹੋ ਗਿਆ ਸੀ। ਭਾਰਤ ਵਲੋਂ 1998 ਵਿਚ ਪਰਮਾਣੂ ਹਥਿਆਰਾਂ ਦੇ ਤਜਰਬੇ ਕੀਤੇ ਜਾਣ ਤੋਂ ਬਾਅਦ ਪਾਕਿਸਤਾਨ ਨੇ ਵੀ ਅਜਿਹੇ ਧਮਾਕੇ ਕੀਤੇ ਸਨ। ਇਸ ਤੋਂ ਬਾਅਦ ਏ ਕਿਊ ਖ਼ਾਨ ਨੂੰ ਭ੍ਰਿਸ਼ਟਾਚਾਰ ਅਤੇ ਪਰਮਾਣੂ ਹਥਿਆਰਾਂ ਦੇ ਡਿਜ਼ਾਈਨ ਹੋਰਨਾਂ ਦੇਸ਼ਾਂ ਨੂੰ ਵੇਚਣ ਦੇ ਦੋਸ਼ਾਂ ਹੇਠ ਹਟਾ ਦਿੱਤਾ ਗਿਆ ਪਰ ਉਨ੍ਹਾਂ ਦੀ ਮੌਤ ਤੋਂ ਬਾਅਦ ਵੀ ਉਹ ਕੌਮੀ ਨਾਇਕ ਬਣੇ ਹੋਏ ਹਨ ਹਾਲਾਂਕਿ ਉਨ੍ਹਾਂ ’ਤੇ ਪਰਮਾਣੂ ਤਕਨਾਲੋਜੀ ਦੀ ਵੱਡੇ ਪੱਧਰ ’ਤੇ ਤਸਕਰੀ ਕਰਨ ਦੇ ਦੋਸ਼ ਲਗਦੇ ਰਹੇ ਹਨ ਜਿਨ੍ਹਾਂ ਵਿਚ ਇਹ ਵੀ ਸ਼ਾਮਲ ਸੀ ਕਿ ਉਨ੍ਹਾਂ ਕੁਝ ਇਸਲਾਮੀ ਮੁਲਕਾਂ ਨੂੰ ਪਰਮਾਣੂ ਹਥਿਆਰਾਂ ਦੇ ਡਿਜ਼ਾਈਨ ਦਿੱਤੇ ਸਨ। ਜ਼ਾਹਿਰ ਹੈ ਕਿ ਅਮਰੀਕਾ ਜਿਹੇ ਕੁਝ ਦੇਸ਼ ਇਸ ਵਰਤਾਰੇ ਤੋਂ ਬਹੁਤੇ ਖੁਸ਼ ਨਹੀਂ ਸਨ।
ਡਾ. ਏ ਕਿਊ ਖ਼ਾਨ ਤੋਂ ਬਾਅਦ ਲੈਫਟੀਨੈਂਟ ਜਨਰਲ ਖ਼ਾਲਿਦ ਕਿਦਵਈ ਨੂੰ ਪਾਕਿਸਤਾਨ ਦੇ ਪਰਮਾਣੂ ਹਥਿਆਰ ਪ੍ਰੋਗਰਾਮ ਦਾ ਮੁਖੀ ਥਾਪਿਆ ਗਿਆ ਸੀ। ਕਿਦਵਈ ਆਲ੍ਹਾ ਦਰਜਾ ਦੇ ਤੋਪਖਾਨਾ ਅਫਸਰ ਹਨ ਜੋ 1971 ਦੀ ਜੰਗ ਵੇਲੇ ਜੰਗੀ ਕੈਦੀ ਰਹੇ ਸਨ। ਕਿਦਵਈ ਵਲੋਂ ਪਾਕਿਸਤਾਨ ਪਰਮਾਣੂ ਅਥਾਰਿਟੀ ਦਾ ਮੁਖੀ ਬਣਨ ਤੋਂ ਬਾਅਦ ਹੀ ਇਸ ਦੇ ‘ਪਰਮਾਣੂ ਸਿਧਾਂਤ’ ਦਾ ਖੁਲਾਸਾ ਕੀਤਾ ਗਿਆ ਸੀ। ਇਸ ਨੂੰ ਕਿਦਵਈ ਦਾ ਡਾਕਟ੍ਰੀਨ ਵੀ ਕਿਹਾ ਜਾਂਦਾ ਹੈ ਜਿਸ ਤਹਿਤ ਉਨ੍ਹਾਂ ਸਥਿਤੀਆਂ ਦਾ ਬਿਆਨ ਕੀਤਾ ਗਿਆ ਹੈ ਜਿਨ੍ਹਾਂ ਤਹਿਤ ਪਾਕਿਸਤਾਨ ਵਲੋਂ ਪਰਮਾਣੂ ਹਥਿਆਰਾਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਉਨ੍ਹਾਂ ਵਲੋਂ ਇਹ ਦਰਜ ਕੀਤਾ ਗਿਆ ਹੈ ਕਿ ਪਾਕਿਸਤਾਨ ਤਦ ਹੀ ਪਰਮਾਣੂ ਹਥਿਆਰਾਂ ਦਾ ਇਸਤੇਮਾਲ ਕਰਨ ਲਈ ਮਜਬੂਰ ਹੋਵੇਗਾ ਜੇ ਭਾਰਤ ਹਮਲਾ ਕਰ ਕੇ ਪਾਕਿਸਤਾਨ ਦੇ ਵੱਡੇ ਖੇਤਰ ’ਤੇ ਕਬਜ਼ਾ ਕਰਨ ਵਿਚ ਕਾਮਯਾਬ ਹੋ ਜਾਂਦਾ ਹੈ ਜਾਂ ਉਸ ਦੀ ਥਲ ਜਾਂ ਹਵਾਈ ਸੈਨਾ ਦੇ ਵੱਡੇ ਹਿੱਸੇ ਨੂੰ ਤਬਾਹ ਕਰ ਦਿੰਦਾ ਹੈ। ਕਿਦਵਈ ਨੇ
ਕਾਫ਼ੀ ਤਫ਼ਸੀਲ ਵਿਚ ਬਿਆਨ ਕੀਤਾ ਹੈ ਕਿ ਜੇ ਭਾਰਤ ਆਰਥਿਕ ਤੌਰ ’ਤੇ ਪਾਕਿਸਤਾਨ ਦੀ ਸੰਘੀ ਘੁੱਟਣ ਜਾਂ ਵੱਡੇ ਪੱਧਰ ’ਤੇ ਅੰਦਰੂਨੀ ਜਾਂ ਬਾਹਰੀ ਗੜਬੜ ਕਰਵਾ ਕੇ ਅਸਥਿਰ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਪਾਕਿਸਤਾਨ ਵੀ ਇਸ ਤਰ੍ਹਾਂ ਦੀ ਕਾਰਵਾਈ ਕਰੇਗਾ।
ਕਿਦਵਈ ਹਾਲੇ ਵੀ ਪਾਕਿਸਤਾਨ ਦੀਆਂ ਪਰਮਾਣੂ ਖਾਹਸ਼ਾਂ ਅਤੇ ਨੀਤੀਆਂ ਦਾ ਜਨਤਕ ਚਿਹਰਾ ਬਣੇ ਹੋਏ ਹਨ। ਕੁਝ ਹੋਰਨਾਂ ਦੇਸ਼ਾਂ ਵਿਚ ਸਥਿਤ ਅਦਾਰਿਆਂ ਦੇ ਅਨੁਮਾਨ ਮੁਤਾਬਕ ਪਾਕਿਸਤਾਨ ਕੋਲ ਇਸ ਵੇਲੇ 170 ਪਰਮਾਣੂ ਹਥਿਆਰ ਹਨ ਜਦਕਿ ਭਾਰਤ ਕੋਲ 164 ਪਰਮਾਣੂ ਹਥਿਆਰ ਹਨ। ਬਹਰਹਾਲ, ਇਨ੍ਹਾਂ ਦਾਅਵਿਆਂ ਦੇ ਸਹੀ ਹੋਣ ਬਾਰੇ ਕਿੰਤੂ ਪ੍ਰੰਤੂ ਕੀਤੇ ਜਾ ਸਕਦੇ ਹਨ। ਪਾਕਿਸਤਾਨ ਕੋਲ ਪਰਮਾਣੂ ਹਥਿਆਰ ਲਿਜਾਣ ਵਾਲੀਆਂ ਬਹੁਤ ਸਾਰੀਆਂ ਮਿਜ਼ਾਈਲਾਂ ਵੀ ਹਨ ਜਿਨ੍ਹਾਂ ਵਿਚ ਸ਼ਾਹੀਨ-1 (ਰੇਂਜ 750-900 ਕਿਲੋਮੀਟਰ), ਸ਼ਾਹੀਨ-3 (ਰੇਂਜ 2750 ਕਿਲੋਮੀਟਰ) ਸ਼ਾਮਲ ਹਨ। ਇਹ ਗੱਲ ਤੈਅ ਹੋ ਚੁੱਕੀ ਹੈ ਕਿ ਇਨ੍ਹਾਂ ਮਿਜ਼ਾਈਲਾਂ ਦੇ ਡਿਜ਼ਾਈਨ ਚੀਨ ਦੇ ਬਣੇ ਹੋਏ ਹਨ। ਇਸ ਦੇ ਨਾਲ ਹੀ ਪਾਕਿਸਤਾਨ ਇਸ ਗੱਲ ’ਤੇ ਜ਼ੋਰ ਦਿੰਦਾ ਰਿਹਾ ਹੈ ਕਿ ਪਰਮਾਣੂ ਜੰਗ ਦੋਵਾਂ ਧਿਰਾਂ ਲਈ ਤਬਾਹਕੁਨ ਸਾਬਿਤ ਹੋਵੇਗੀ। ਭਾਰਤ ਦੀਆਂ ਪਰਮਾਣੂ ਕੋਸ਼ਿਸ਼ਾਂ ਇਸ ਤਰਕ ’ਤੇ ਆਧਾਰਿਤ ਹਨ ਕਿ ਇਸ ਨੂੰ ‘ਦੋ ਤਰਫ਼ਾ ਪਰਮਾਣੂ ਚੁਣੌਤੀ’ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਚੀਨ ਵਲੋਂ ਲੰਮੇ ਸਮੇਂ ਤੋਂ ਪਾਕਿਸਤਾਨ ਨੂੰ ਆਪਣੇ ਪਰਮਾਣੂ ਹਥਿਆਰਾਂ ਅਤੇ ਮਿਜ਼ਾਈਲ ਸਮੱਰਥਾਵਾਂ ਵਿਚ ਇਜ਼ਾਫ਼ਾ ਕਰਨ ਲਈ ਸਮੱਗਰੀ ਅਤੇ ਜਾਣਕਾਰੀਆਂ ਮੁਹੱਈਆਂ ਕਰਵਾਈਆਂ ਜਾ ਰਹੀਆਂ ਹਨ। ਭਾਰਤ ਦੀਆਂ ਪਰਮਾਣੂ ਸਮੱਰਥਾਵਾਂ ਦਾ ਨਿਸ਼ਾਨਾ ਚੀਨ ਰਿਹਾ ਹੈ ਜਦਕਿ ਨਵੀਂ ਦਿੱਲੀ ਨੂੰ ਆਪਣੀਆਂ ਪਰਮਾਣੂ ਹਥਿਆਰ ਲਿਜਾਣ ਵਾਲੀਆਂ ਪ੍ਰਣਾਲੀਆਂ (ਮਿਜ਼ਾਈਲਾਂ) ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ। ਇਸ ਮੰਤਵ ਲਈ ਘਰੋਗੀ ਤੌਰ ’ਤੇ ਘੱਟੋ-ਘੱਟ ਤਿੰਨ ਹੋਰ ਪਰਮਾਣੂ ਪਣਡੁੱਬੀਆਂ ਵਿਕਸਤ ਕਰਨ ਦੀ ਲੋੜ ਹੈ ਜਿਸ ਨਾਲ ਭਾਰਤ ਦੇ ਪਰਮਾਣੂ ਹਥਿਆਰਾਂ ਦੀ ਮਾਰਕ ਸਮੱਰਥਾ ਬਾਰੇ ਕੋਈ ਵੀ ਸ਼ੱਕ ਸ਼ੁਬਹਾ ਨਹੀਂ ਰਹੇਗਾ ਅਤੇ ਇਸ ਦੇ ਨਾਲ ਇਸ ਦੇ ਡਰਾਵੇ ਦੀ ਭਰੋਸੇਯੋਗਤਾ ਵੀ ਯਕੀਨੀ ਬਣ ਜਾਵੇਗੀ।
ਸੁਰੱਖਿਆ ਦੇ ਅਜਿਹੇ ਮਾਹੌਲ ਵਿਚ ਜਦੋਂ ਕੁਝ ਮਹੀਨਿਆਂ ਬਾਅਦ ਪਾਕਿਸਤਾਨ ਵਿਚ ਕੌਮੀ ਚੋਣਾਂ ਹੋ ਰਹੀਆਂ ਹਨ ਤਾਂ ਪਾਕਿਸਤਾਨੀ ਸੋਚ ਵਿਚ ਕਿਸੇ ਤਰ੍ਹਾਂ ਦੀ ਸੰਜੀਦਾ ਤਬਦੀਲੀ ਦੀ ਤਵੱਕੋ ਕਰਨ ਦੀ ਕੋਈ ਖਾਸ ਤੁੱਕ ਨਹੀਂ ਬਣਦੀ। ਭਾਰਤ ਵੀ ਆਪਣੇ ਚੁਣਾਵੀ ਗੇੜ ਵੱਲ ਵਧ ਰਿਹਾ ਹੈ ਜਿਸ ਕਰ ਕੇ ਇਹ ਗੱਲ ਹੋਰ ਵੀ ਸਾਰਥਕ ਜਾਪਦੀ ਹੈ। ਹਾਲਾਂਕਿ ਫਿਲਹਾਲ ਸਿਆਸੀ ਪੱਧਰ ਦੀ ਵਾਰਤਾ ਏਜੰਡੇ ’ਤੇ ਨਹੀਂ ਹੈ ਜਿਸ ਕਰ ਕੇ ਗੰਭੀਰ ਗੁਪਤ ਵਾਰਤਾ ਹੀ ਚਲਦੀ ਰੱਖਣਾ ਜਿ਼ਆਦਾ ਲਾਹੇਵੰਦ ਹੋ ਸਕਦਾ ਹੈ ਜਿਸ ਵਿਚ ਪਾਕਿਸਤਾਨੀ ਫ਼ੌਜ ਦੀ ਨੁਮਾਇੰਦਗੀ ਵੀ ਹੋ ਰਹੀ ਹੈ। ਪਾਕਿਸਤਾਨ ਦੇ ਥਲ ਸੈਨਾ ਦੇ ਮੁਖੀ ਜਨਰਲ ਆਸਿਮ ਮੁਨੀਰ ਅਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵਿਚਕਾਰ ਦੁਸ਼ਮਣੀ ਬਹੁਤ ਗਹਿਰੀ ਹੈ ਜਿਸ ਦੀਆਂ ਜੜ੍ਹਾਂ ਉਦੋਂ ਪਈਆਂ ਸਨ ਜਦੋਂ ਇਮਰਾਨ ਖ਼ਾਨ ਨੇ ਆਪਹੁਦਰੇ ਢੰਗ ਨਾਲ ਮੁਨੀਰ ਨੂੰ ਆਈਐੱਸਆਈ ਦੇ ਮੁਖੀ ਦੇ ਅਹੁਦੇ ਤੋਂ ਹਟਾ ਦਿੱਤਾ ਸੀ। ਇਮਰਾਨ ਖ਼ਾਨ ਨੂੰ ਬਾਇਡਨ ਪ੍ਰਸ਼ਾਸਨ ਵੀ ਨਾਪਸੰਦ ਕਰਦਾ ਹੈ ਅਤੇ ਉਸ ਦੇ ਸਾਬਕਾ ਥਲ ਸੈਨਾ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨਾਲ ਨਿੱਘੇ ਸਬੰਧ ਰਹੇ ਹਨ। ਇਮਰਾਨ ਖ਼ਾਨ ਦੀ ਸਰਕਾਰ ਡੇਗਣ ਵਿਚ ਜਨਰਲ ਬਾਜਵਾ ਨੇ ਅਹਿਮ ਕਿਰਦਾਰ ਨਿਭਾਇਆ ਸੀ। ਵਰਤਮਾਨ ਸੈਨਾਪਤੀ ਜਨਰਲ ਮੁਨੀਰ ਯਕੀਨਨ ਇਮਰਾਨ ਖ਼ਾਨ ਨਾਲ ਕਰੜੇ ਹੱਥੀਂ ਹੀ ਨਬਿੜਨਗੇ।
*ਲੇਖਕ ਪਾਕਿਸਤਾਨ ਵਿਚ ਭਾਰਤ ਦਾ ਹਾਈ ਕਮਿਸ਼ਨਰ ਰਹਿ ਚੁੱਕਾ ਹੈ।

Advertisement

Advertisement