ਪਾਕਿਸਤਾਨ: ਅਤਿਵਾਦੀਆਂ ਵੱਲੋਂ ਫੌਜੀ ਟਿਕਾਣੇ ’ਤੇ ਹਮਲਾ, ਚਾਰ ਜਵਾਨ ਹਲਾਕ
ਇਸਲਾਮਾਬਾਦ, 12 ਜੁਲਾਈ
ਭਾਰੀ ਹਥਿਆਰਾਂ ਨਾਲ ਲੈਸ ਅਤਿਵਾਦੀਆਂ ਨੇ ਅੱਜ ਤੜਕੇ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਫੌਜੀ ਟਿਕਾਣੇ ’ਤੇ ਹਮਲਾ ਕਰ ਦਿੱਤਾ ਜਿਸ ਵਿੱਚ ਘੱਟੋ ਘੱਟ ਚਾਰ ਜਵਾਨ ਮਾਰੇ ਗਏ, ਜਦੋਂਕਿ ਪੰਜ ਹੋਰ ਜ਼ਖ਼ਮੀ ਹੋ ਗਏ। ਫ਼ੌਜ ਦੇ ਮੀਡੀਆ ਵਿੰਗ ਇੰਟਰ-ਸਰਵਿਸ ਪਬਲਿਕ ਰਿਲੇਸ਼ਨਜ਼ (ਆਈਐੱਸਪੀਆਰ) ਨੇ ਇੱਕ ਬਿਆਨ ਵਿੱਚ ਕਿਹਾ ਕਿ ਅਤਿਵਾਦੀਆਂ ਦੇ ਇੱਕ ਗਰੁੱਪ ਨੇ ਸੂਬੇ ਦੇ ਉੱਤਰ ਵਿੱਚ ਅਸਲਾ ਡਿੱਪੂ ’ਤੇ ਘਾਤਕ ਹਮਲਾ ਕੀਤਾ। ਇਸ ਦੌਰਾਨ ਹੋਏ ਮੁਕਾਬਲੇ ਵਿੱਚ ਤਿੰਨ ਅਤਿਵਾਦੀ ਵੀ ਮਾਰੇ ਗਏ। ਬਿਆਨ ਮੁਤਾਬਕ ਗੋਲੀਬਾਰੀ ਦੌਰਾਨ ਉੱਥੋਂ ਲੰਘ ਰਹੀ ਇੱਕ ਔਰਤ ਦੀ ਵੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖ਼ਮੀ ਹੋ ਗਏ। ਅਤਿਵਾਦੀ ਜਥੇਬੰਦੀ ਤਹਿਰੀਕ-ਏ-ਜਹਾਦ ਪਾਕਿਸਤਾਨ ਨੇ ਬਿਆਨ ਰਾਹੀਂ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਅਤਿਵਾਦੀਆਂ ਦੇ ਸੰਨ੍ਹ ਲਾਉਣ ਦੀ ਕੋਸ਼ਿਸ਼ ਦਾ ਡਿਊਟੀ ’ਤੇ ਤਾਇਨਾਤ ਫੌਜੀਆਂ ਨੇ ਡਟ ਕੇ ਸਾਹਮਣਾ ਕੀਤਾ। ਇਸ ਦੌਰਾਨ ਹੋਈ ਭਾਰੀ ਗੋਲੀਬਾਰੀ ਕਾਰਨ ਅਤਿਵਾਦੀ ਚਾਰਦੀਵਾਰੀ ਨੇੜੇ ਇੱਕ ਛੋਟੇ ਹਿੱਸੇ ਤੱਕ ਸਿਮਟ ਗਏ। ਬਿਆਨ ਮੁਤਾਬਕ, ‘‘ਬਾਕੀ ਬਚੇ ਦੋ ਅਤਿਵਾਦੀਆਂ ਨੂੰ ਫੜਨ ਲਈ ਸੁਰੱਖਿਆ ਬਲਾਂ ਵੱਲੋਂ ਮੁਹਿੰਮ ਚਲਾਈ ਜਾ ਰਹੀ ਹੈ। ਸੁਰੱਖਿਆ ਬਲ ਬਲੋਚਿਸਤਾਨ ਵਿੱਚ ਸ਼ਾਂਤੀ ਭੰਗ ਕਰਨ ਦੇ ਇਸ ਤਰ੍ਹਾਂ ਦੇ ਘਨਿਾਉਣੇ ਯਤਨਾਂ ਨੂੰ ਨਾਕਾਮ ਕਰਨ ਲਈ ਦ੍ਰਿੜ੍ਹ ਹਨ।’’ ਬਲੋਚਿਸਤਾਨ ਦੇ ਮੁੱਖ ਮੰਤਰੀ ਮੀਰ ਅਬਦੁੱਲ ਕੁਦੂਸ ਬਿਜ਼ੈਂਜੋ ਨੇ ਹਮਲੇ ਦੀ ਨਿਖੇਧੀ ਕਰਦਿਆਂ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਹੈ। -ਪੀਟੀਆਈ