ਪਾਕਿਸਤਾਨ: ਸੁਪਰੀਮ ਕੋਰਟ ਫਿਰ ‘ਕਟਹਿਰੇ’ ਵਿਚ...
ਵਾਹਗਿਓਂ ਪਾਰ
ਦੋ ਸੀਨੀਅਰ ਜੱਜਾਂ ਵੱਲੋਂ ਪਿਛਲੇ ਹਫ਼ਤੇ ਅਸਤੀਫ਼ਾ ਦਿੱਤੇ ਜਾਣ ਕਾਰਨ ਪਾਕਿਸਤਾਨ ਸੁਪਰੀਮ ਕੋਰਟ ਇਕ ਵਾਰ ਫਿਰ ਵਿਵਾਦ ਦੇ ਘੇਰੇ ਵਿਚ ਆ ਗਿਆ ਹੈ। ਪਹਿਲਾਂ ਵੀਰਵਾਰ ਨੂੰ ਜਸਟਿਸ ਸੱਯਦ ਮਜ਼ਹਰ ਅਲੀ ਅਕਬਰ ਨਕਵੀ ਨੇ ਅਸਤੀਫ਼ਾ ਦਿੱਤਾ ਅਤੇ ਅਗਲੇ ਦਿਨ ਜਸਟਿਸ ਇਜਾਜ਼ੁਲ ਅਹਿਸਨ ਨੇ ਸਦਰ-ਇ-ਪਾਕਿਸਤਾਨ ਡਾ. ਆਰਿਫ਼ ਅਲਵੀ ਨੂੰ ਖ਼ਤ ਭੇਜ ਕੇ ਕਿਹਾ ਕਿ ਉਹ ਉਸੇ ਦਿਨ ਆਪਣੇ ਅਹੁਦੇ ਤੋਂ ਫ਼ਾਰਗ ਹੋਣਾ ਚਾਹੁੰਦੇ ਹਨ। ਦੋਵਾਂ ਜੱਜਾਂ ਦੇ ਅਸਤੀਫ਼ਿਆਂ ਨੂੰ ਇਕੋ ਲੜੀ ਵਿਚ ਪਰੋਣਾ ਭਾਵੇਂ ਰਸਮੀ ਤੌਰ ’ਤੇ ਜਾਇਜ਼ ਨਹੀਂ ਜਾਪਦਾ, ਪਰ ਇਕ ਗੱਲ ਸਾਫ਼ ਹੈ ਕਿ ਦੋਵੇਂ ‘ਬੰਦਿਆਲ ਗਰੁੱਪ’ (ਸਾਬਕਾ ਚੀਫ ਜਸਟਿਸ ਉਮਰ ਅਤਾ ਬੰਦਿਆਲ ਦੇ ਖੇਮੇ) ਨਾਲ ਸਬੰਧਿਤ ਸਨ। ਕਾਨੂੰਨੀ ਹਲਕਿਆਂ ਵੱਲੋਂ ਇਹ ਮੰਨਿਆ ਜਾ ਰਿਹਾ ਹੈ ਕਿ ਜਸਟਿਸ ਨਕਵੀ ਨੂੰ ਤਾਂ ਅਸਤੀਫ਼ਾ ਦੇਣ ਲਈ ਮਜਬੂਰ ਕੀਤਾ ਗਿਆ, ਪਰ ਜਸਟਿਸ ਅਹਿਸਨ ਨੂੰ ਸਿੱਧੇ ਤੌਰ ’ਤੇ ਮਜਬੂਰ ਨਹੀਂ ਕੀਤਾ ਗਿਆ। ਉਹ ਸੁਪਰੀਮ ਕੋਰਟ ਵਿਚ ਅਲੱਗ-ਥਲੱਗ ਪੈ ਜਾਣ ਕਾਰਨ ਘੁਟਨ ਮਹਿਸੂਸ ਕਰ ਰਹੇ ਸਨ। ਇਹ ਵੱਖਰੀ ਗੱਲ ਹੈ ਕਿ ਉਨ੍ਹਾਂ ਦੇ ਅਸਤੀਫ਼ੇ ਤੋਂ ਜਿਸ ਕਿਸਮ ਦੇ ਪ੍ਰਤੀਕਰਮ ਉਨ੍ਹਾਂ ਦੇ ਹੱਕ ਵਿਚ ਉੱਭਰੇ ਹਨ, ਉਨ੍ਹਾਂ ਪ੍ਰਤੀਕਰਮਾਂ ਦਾ ਅਸਰ ਘਟਾਉਣ ਲਈ ਘੱਟੋ-ਘੱਟ ਦੋ ਅਜਿਹੇ ਮਾਮਲੇ ਨਵੇਂ ਸਿਰਿਓਂ ਖੁੱਲ੍ਹ ਸਕਦੇ ਹਨ ਜਿਨ੍ਹਾਂ ਬਾਰੇ ਜਸਟਿਸ ਅਹਿਸਨ ਦੇ ਫ਼ੈਸਲੇ ਵਿਵਾਦਿਤ ਅਤੇ ਇਨਸਾਫ਼ ਦੇ ਸੱਚੇ-ਸੁੱਚੇ ਤਕਾਜ਼ਿਆਂ ’ਤੇ ਖ਼ਰੇ ਉਤਰਨ ਵਾਲੇ ਨਹੀਂ ਸਨ।
ਪਾਕਿਸਤਾਨ ਸੁਪਰੀਮ ਕੋਰਟ ਵਿਚ ਚੀਫ ਜਸਟਿਸ ਸਮੇਤ ਜੱਜਾਂ ਦੀਆਂ ਕੁੱਲ 17 ਅਸਾਮੀਆਂ ਹਨ। ਇਨ੍ਹਾਂ ਵਿਚੋਂ ਇਕ ਪਹਿਲਾਂ ਹੀ ਖਾਲੀ ਸੀ। ਹੁਣ ਦੋ ਅਸਤੀਫ਼ਿਆਂ ਕਾਰਨ ਜੱਜਾਂ ਦੀ ਕੁੱਲ ਗਿਣਤੀ 14 ਰਹਿ ਗਈ ਹੈ। ਇਨ੍ਹਾਂ ਵਿਚੋਂ 10 ਚੀਫ ਜਸਟਿਸ ਕਾਜ਼ੀ ਫ਼ੈਜ਼ ਈਸਾ ਦੇ ਕੱਟੜ ਹਮਾਇਤੀ ਮੰਨੇ ਜਾਂਦੇ ਹਨ। ਬਾਕੀ ਚਾਰ ਉਹ ਹਨ ਜੋ ਕਦੇ ਪਿਛਲੇ ਚੀਫ ਜਸਟਿਸ ਬੰਦਿਆਲ ਦੇ ਨਾਲ ਹੋਇਆ ਕਰਦੇ ਸਨ, ਪਰ ਹੁਣ ਉਹ ਚੀਫ ਜਸਟਿਸ ਈਸਾ ਦੀ ਹਾਂ ਨਾਲ ਹਾਂ ਮਿਲਾਉਂਦੇ ਆ ਰਹੇ ਹਨ। ਸੋ, ਕੰਮ-ਕਾਜ ਪੱਖੋਂ ਤਵਾਜ਼ਨ ਹੁਣ ਚੀਫ ਜਸਟਿਸ ਦੇ ਪੱਖ ਵਿਚ ਹੈ। ਜਸਟਿਸ ਅਹਿਸਨ ਨਾਲ ਜ਼ਾਹਰਾ ਤੌਰ ’ਤੇ ਉਨ੍ਹਾਂ ਦਾ ਚੰਗਾ ਤਾਲਮੇਲ ਸੀ। ਸੀਨੀਆਰਤਾ ਪੱਖੋਂ ਜਸਟਿਸ ਅਹਿਸਨ ਨੰਬਰ 2 ਭਾਵ ਭਵਿੱਖ ਦੇ ਚੀਫ ਜਸਟਿਸ ਸਨ। ਦਰਅਸਲ, ਉਨ੍ਹਾਂ ਨੇ 25 ਅਕਤੂਬਰ 2024 ਨੂੰ ਨਵਾਂ ਚੀਫ ਜਸਟਿਸ ਬਣਨਾ ਸੀ। ਉਹ ਤਿੰਨ ਸਭ ਤੋਂ ਸੀਨੀਅਰ ਜੱਜਾਂ ਦੀ ਉਸ ਕਮੇਟੀ ਦੇ ਵੀ ਮੈਂਬਰ ਸਨ ਜੋ ਕਿ ਸਾਰੇ ਅਹਿਮ ਮੁਕੱਦਮਿਆਂ ਲਈ ਜੱਜਾਂ ਦੇ ਬੈਂਚ ਨਿਰਧਾਰਤ ਕਰਦੀ ਹੈ। ਇਸੇ ਤਰ੍ਹਾਂ, ਉੱਚ ਨਿਆਂਇਕ ਅਹੁਦਿਆਂ ਲਈ ਨਿਯੁਕਤੀਆਂ ਕਰਨ ਅਤੇ ਸੁਪਰੀਮ ਕੋਰਟ ਤੇ ਹਾਈ ਕੋਰਟਾਂ ਦੇ ਜੱਜਾਂ ਖਿਲਾਫ਼ ਸ਼ਿਕਾਇਤਾਂ ਦੀ ਜਾਂਚ ਕਰਨ ਵਾਲੀ ਸੁਪਰੀਮ ਜੁਡੀਸ਼ਲ ਕੌਂਸਲ (ਐੱਸ.ਜੇ.ਸੀ.) ਦੇ ਵੀ ਉਹ ਮੈਂਬਰ ਸਨ। ਅਜਿਹੇ ਅਹਿਮ ਅਹੁਦਿਆਂ ਤੇ ਮਾਣ-ਸਨਮਾਨ ਦੇ ਬਾਵਜੂਦ ਉਨ੍ਹਾਂ ਵੱਲੋਂ ਅਸਤੀਫ਼ਾ ਦਿੱਤੇ ਜਾਣਾ ਨਿਆਂਇਕ ਹਲਕਿਆਂ ਵਿਚ ਹੈਰਾਨੀ ਦੀ ਵਜ੍ਹਾ ਬਣਨਾ ਸੁਭਾਵਿਕ ਹੈ।
ਇਸ ਤੋਂ ਉਲਟ ਜਸਟਿਸ ਨਕਵੀ ਦੇ ਅਸਤੀਫ਼ੇ ਬਾਰੇ ਕਿਆਸਅਰਾਈਆਂ ਡੇਢ ਮਹੀਨੇ ਤੋਂ ਚੱਲ ਰਹੀਆਂ ਸਨ। ਉਨ੍ਹਾਂ ਖਿਲਾਫ਼ ਮਾਇਕ ਭ੍ਰਿਸ਼ਟਾਚਾਰ ਤੇ ਬਦਗ਼ੁਮਾਨੀ ਦੀਆਂ 10 ਸ਼ਿਕਾਇਤਾਂ ਸੁਪਰੀਮ ਜੁਡੀਸ਼ਲ ਕੌਂਸਲ ਕੋਲ 2020 ਤੋਂ ਵਿਚਾਰ-ਅਧੀਨ ਸਨ। ਇਹ ਮੰਨਿਆ ਜਾਂਦਾ ਰਿਹਾ ਹੈ ਕਿ ਪਹਿਲਾਂ ਕੌਂਸਲ ਦੇ ਤਤਕਾਲੀ ਮੁਖੀ (ਤੇੇ ਚੀਫ ਜਸਟਿਸ) ਸਾਕਬਿ ਨਿਸਾਰ ਤੇ ਫਿਰ ਅਗਲੇ ਮੁਖੀ (ਤੇ ਚੀਫ ਜਸਟਿਸ) ਉਮਰ ਅਤਾ ਬੰਦਿਆਲ ਨੇ ਉਪਰੋਕਤ ਸ਼ਿਕਾਇਤਾਂ ਨੂੰ ਠੰਢੇ ਬਸਤੇ ਵਿਚ ਪਾਈ ਰੱਖਿਆ। ਹੁਣ ਚੀਫ ਜਸਟਿਸ ਕਾਜ਼ੀ ਈਸਾ ਵੱਲੋਂ ਇਨ੍ਹਾਂ ਸ਼ਿਕਾਇਤਾਂ ਦੀ ਘੋਖ-ਪੜਤਾਲ ਆਰੰਭੇ ਜਾਣ ਅਤੇ ਸੁਪਰੀਮ ਜੁਡੀਸ਼ਲ ਕੌਂਸਲ ਵੱਲੋਂ ਸ਼ਿਕਾਇਤਕਾਰਾਂ ਦਾ ਪੱਖ ਸੁਣਨਾ ਸ਼ੁਰੂ ਕੀਤੇ ਜਾਣ ਮਗਰੋਂ ਜਸਟਿਸ ਨਕਵੀ ਕੋਲ ਅਸਤੀਫ਼ੇ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਸੀ ਬਚਿਆ। ਉਨ੍ਹਾਂ ਦੇ ਅਸਤੀਫ਼ੇ ਦੇ ਬਾਵਜੂਦ ਜੁਡੀਸ਼ਲ ਕੌਂਸਲ ਵੱਲੋਂ ਉਨ੍ਹਾਂ ਖਿਲਾਫ਼ ਸੁਣਵਾਈ ਜਾਰੀ ਰਹਿਣੀ ਇਹ ਦਰਸਾਉਂਦੀ ਹੈ ਕਿ ਸ਼ਿਕਾਇਤਾਂ ਸੱਚਮੁੱਚ ਗੰਭੀਰ ਕਿਸਮ ਦੀਆਂ ਹਨ।
ਜਸਟਿਸ ਨਕਵੀ ਅਜੇ ਤੱਕ ਕੌਂਸਲ ਸਾਹਮਣੇ ਖ਼ੁਦ ਪੇਸ਼ ਨਹੀਂ ਹੋਏ। ਉਨ੍ਹਾਂ ਦੇ ਵਕੀਲ ਖ਼ਵਾਜਾ ਹੈਰਿਸ ਅਹਿਮਦ ਨੇ ਵੀਰਵਾਰ ਨੂੰ ਜੁਡੀਸ਼ਲ ਕੌਂਸਲ ਅੱਗੇ ਹਾਜ਼ਰੀ ਭਰਦਿਆਂ ਕਿਹਾ ਕਿ ਉਸ ਦੇ ਮੁਵੱਕਿਲ ਦੇ ਅਸਤੀਫ਼ੇ ਮਗਰੋਂ ਹੋਰ ਕਾਰਵਾਈ ਦੀ ਲੋੜ ਹੀ ਨਹੀਂ ਰਹੀ, ਪਰ ਅਟਾਰਨੀ ਜਨਰਲ ਮਨਸੂਰ ਉਸਮਾਨ ਅਵਾਨ ਨੇ ਇਸ ਦਲੀਲ ਦਾ ਵਿਰੋਧ ਕਰਦਿਆਂ ਕਿਹਾ ਕਿ ਅਪਰਾਧ ਤਾਂ ਅਪਰਾਧ ਹੀ ਹੈ, ਅਸਤੀਫ਼ਾ ਅਪਰਾਧਾਂ ਦੇ ਦਾਗ਼ ਤੇ ਅਸਰਾਤ ਨਹੀਂ ਮਿਟਾ ਸਕਦਾ। ਇਸ ਸੁਣਵਾਈ ਦੌਰਾਨ ਜਸਟਿਸ ਅਹਿਸਨ ਨੇ ਨਕਵੀ ਮਾਮਲੇ ਵਿਚ ‘ਜਲਦਬਾਜ਼ੀ’ ਨਾ ਕੀਤੇ ਜਾਣ ’ਤੇ ਜ਼ੋਰ ਦਿੱਤਾ। ਪਰ ਚੀਫ ਜਸਟਿਸ ਤੇ ਕੌਂਸਲ ਦੇ ਹੋਰ ਮੈਂਬਰ ਰਾਜ਼ੀ ਨਹੀਂ ਹੋਏ। ਅੰਗਰੇਜ਼ੀ ਅਖ਼ਬਾਰ ‘ਡਾਅਨ’ ਦੇ ਅਦਾਰੀਏ (ਸੰਪਾਦਕੀ) ਮੁਤਾਬਿਕ ‘‘ਆਪਣੇ ਖਿਲਾਫ਼ ਇਸ ਕਿਸਮ ਦੀ ਸਫ਼ਬੰਦੀ ਦੇਖ ਕੇ ਸ਼ਾਇਦ ਜਸਟਿਸ ਅਹਿਸਨ ਨੇ ਅਸਤੀਫ਼ਾ ਦੇਣਾ ਵਾਜਬ ਸਮਝਿਆ। ਬਹਰਹਾਲ, ਜੋ ਕੁਝ ਵੀ ਵਾਪਰਿਆ, ਉਹ ਉਚੇਰੀ ਨਿਆਂਪਾਲਿਕਾ ਦੇ ਅਕਸ ਤੇ ਵਕਾਰ ਲਈ ਚੰਗਾ ਨਹੀਂ।’’ ਪਰ ਇਸ ਨਜ਼ਰੀਏ ਤੋਂ ਉਲਟ ਅਖ਼ਬਾਰ ‘ਡੇਲੀ ਐਕਸਪ੍ਰੈੱਸ’ ਨੇ ਆਪਣੇੇ ਅਦਾਰੀਏ ਵਿਚ ਲਿਖਿਆ, ‘‘ਜਸਟਿਸ ਅਹਿਸਨ ਦੇ ਅਸਤੀਫ਼ੇ ’ਤੇ ਹੰਝੂ ਵਹਾਉਣ ਦੀ ਲੋੜ ਨਹੀਂ। ਉਨ੍ਹਾਂ ਦੇ ਅਸਤੀਫ਼ੇ ਨੂੰ ਅਸਹਿਮਤੀ ਦੀ ਬਲੀ ਨਹੀਂ ਮੰਨਿਆ ਜਾ ਸਕਦਾ। ਉਨ੍ਹਾਂ ਨੂੰ ਅਸਹਿਮਤੀ ਜਤਾਉਣ ਤੇ ਆਪਣੀ ਰਾਇ ਪ੍ਰਗਟਾਉਣ ਦਾ ਪੂਰਾ ਮੌਕਾ ਮਿਲਿਆ। ਸੁਪਰੀਮ ਜੁਡੀਸ਼ਲ ਕੌਂਸਲ ਦੇ ਬਾਕੀ ਮੈਂਬਰ ਜੇਕਰ ਇਸ ਰਾਇ ਨਾਲ ਮੁਤਫ਼ਿਕ ਨਹੀਂ ਤਾਂ ਇਸ ਨੂੰ ਅਸਹਿਮਤੀ ਦਾ ਗਲਾ ਘੁੱਟਣਾ ਨਹੀਂ ਕਿਹਾ ਜਾਣਾ ਚਾਹੀਦਾ।’’ ਇਕ ਹੋਰ ਅਖ਼ਬਾਰ ‘ਦਿ ਨਿਊਜ਼’ ਨੇ ਲਿਖਿਆ ਹੈ ਕਿ ‘‘ਅਗਲਾ ਸਮਾਂ ਚੀਫ ਜਸਟਿਸ ਕਾਜ਼ੀ ਈਸਾ ਲਈ ਇਮਤਿਹਾਨ ਦੀ ਘੜੀ ਵਾਂਗ ਹੈ। ਸੁਪਰੀਮ ਕੋਰਟ ਵਿਚ ਸਭ ਅੱਛਾ ਹੈ, ਇਹ ਦਰਸਾਉਣਾ ਤੇ ਸਾਬਤ ਕਰਨਾ ਹੁਣ ਉਨ੍ਹਾਂ ਦੀ ਜ਼ਿੰਮੇਵਾਰੀ ਹੈ।’’
ਕਾਵੜ ਕਥਾ ਦੀ ਪੇਸ਼ਕਾਰੀ
ਕਰਾਚੀ ਦੀ ਨੈਸ਼ਨਲ ਅਕੈਡਮੀ ਆਫ ਪਰਫੌਰਮਿੰਗ ਆਰਟਸ (ਨਾਪਾ) ਵਿਚ ਕਾਵੜ ਕਥਾ ਦੀ ਪੇਸ਼ਕਾਰੀ ਪਾਕਿਸਤਾਨੀ ਪ੍ਰਿੰਟ ਤੇ ਵਿਜ਼ੂਅਲ ਮੀਡੀਆ ਵਿਚ ਚਰਚਾ ਦਾ ਵਿਸ਼ਾ ਬਣੀ ਰਹੀ। ਇਹ ਪ੍ਰੋਗਰਾਮ ਸ਼ੁੱਕਰਵਾਰ ਤੋਂ ਐਤਵਾਰ ਤੱਕ ਲਗਾਤਾਰ ਤਿੰਨ ਸ਼ਾਮਾਂ ਚੱਲਿਆ। ਰਾਓ ਜਮਾਲ ਸਿੰਘ ਰਾਜਪੂਤ ਵੱਲੋਂ ਨਿਰਦੇਸ਼ਿਤ ਇਹ ਪ੍ਰੋਗਰਾਮ ਦਾਸਤਾਨਗੋਈ ਦੀ ਰਾਜਸਥਾਨੀ ਪ੍ਰਥਾ ਉੱਤੇ ਆਧਾਰਿਤ ਸੀ। ਰਾਜਪੂਤ ਨੇ ਇਸ ਰਾਹੀਂ ਅਤੀਤ ਤੇ ਵਰਤਮਾਨ ਦਾ ਸੁਮੇਲ ਪੇਸ਼ ਕੀਤਾ, ਉਹ ਵੀ ਭੂਗੋਲਿਕ, ਰੂਹਾਨੀ ਤੇ ਭੌਤਿਕ ਸਰਹੱਦਾਂ ਮਿਟਾ ਕੇ। ਹਰ ਪ੍ਰੋਗਰਾਮ ਵਿਚ ਤਿੰਨ ਕਹਾਣੀਆਂ ਸ਼ਾਮਲ ਹੁੰਦੀਆਂ ਸਨ। ਹਰ ਕਾਵੜੀਆ (ਦਾਸਤਾਨਗੋ ਜਾਂ ਪੇਸ਼ਕਾਰ) ਦੋ ਸਾਜ਼ਿੰਦਿਆਂ- ਸਾਰੰਗੀਨਵਾਜ਼ ਤੇ ਤਬਲਾਨਵਾਜ਼ ਦੀ ਮਦਦ ਨਾਲ ਇਕ ਕਹਾਣੀ ਪੇਸ਼ ਕਰਦਾ ਸੀ। ‘ਕਾਰੋਂਝਰ ਜੋ ਕੈਦੀ’ (ਸਿੰਧੀ) ਦਾ ਦਾਸਤਾਨਗੋ ਜ਼ੁਬੈਰ ਬਲੋਚ ਸੀ। ਮੀਡੀਆ ਰਿਪੋਰਟਾਂ ਮੁਤਾਬਿਕ ਉਸ ਦਾ ਅੰਦਾਜ਼-ਇ-ਬਿਆਨ ਸੱਚ-ਮੁੱਚ ਬਾਕਮਾਲ ਸੀ। ਹਸਨੈਨ ਫ਼ਲਕ ਨੇ ਰਾਜਸਥਾਨੀ+ਉਰਦੂ ਵਿਚ ‘ਮੀਰਾ ਬਾਈ ਤੇ ਭਗਵਾਨ ਕ੍ਰਿਸ਼ਨ’ ਦੀ ਕਹਾਣੀ ਬਿਆਨ ਕੀਤੀ। ‘ਰਾਜਾ ਅੰਬ ਤੇ ਰਾਣੀ ਅੰਬਲੀ’ ਦੀ ਕਹਾਣੀ ਦਾ ਪੇਸ਼ਕਾਰ ਖ਼ੁਦ ਰਾਜਪੂਤ ਰਿਹਾ। ਇਹ ਕਹਾਣੀ ਹਰਿਆਣਵੀ ਵਿਚ ਪੇਸ਼ ਕੀਤੀ ਗਈ। ਇਹ ਸ਼ਾਇਦ ਪਹਿਲੀ ਵਾਰ ਸੀ ਜਦੋਂ ਕਰਾਚੀ ਦੇ ਦਰਸ਼ਕਾਂ/ਸਰੋਤਿਆਂ ਨੂੰ ਹਰਿਆਣਵੀ ਵਿਚ ਕੁਝ ਸੁਣਨ ਨੂੰ ਮਿਲਿਆ। ਦੁਨੀਆ ਟੀ.ਵੀ. ਦੀ ਰਿਪੋਰਟ ਮੁਤਾਬਿਕ ਪਹਿਲੇ ਦਿਨ ਸਰੋਤਿਆਂ ਦੀ ਗਿਣਤੀ ਘੱਟ ਸੀ, ਪਰ ਅਗਲੇ ਦੋ ਦਿਨ ‘ਨਾਪਾ’ ਦਾ ਆਡੀਟੋਰੀਅਮ ਖਚਾਖਚ ਭਰਿਆ ਰਿਹਾ। ਇਸ ਹੁੰਗਾਰੇ ਨੇ ਦਰਸਾਇਆ ਕਿ ਸਰਹੱਦਾਂ ਦੇ ਬਟਵਾਰੇ ਤੇ ਕੌਮਪ੍ਰਸਤੀ ਦੀਆਂ ਵਲਗਣਾਂ ਦੇ ਬਾਵਜੂਦ ਦੋ ਗੁਆਂਢੀ ਮੁਲਕਾਂ ਦੇ ਲੋਕ ਸਭਿਆਚਾਰਕ ਤੌਰ ’ਤੇ ਆਪਸ ਵਿਚ ਕਿੰਨਾ ਜੁੜਿਆ ਮਹਿਸੂਸ ਕਰਦੇ ਹਨ।
ਇਨਾਇਤ ਭੱਟੀ ਨਮਿਤ ਸਮਾਗਮ
ਗਾਇਕ, ਅਦਾਕਾਰ, ਨਿਰਮਾਤਾ, ਨਿਰਦੇਸ਼ਕ, ਪਟਕਥਾ ਲੇਖਕ, ਕਾਲਮਨਵੀਸ ਅਤੇ ਪੰਜਾਬੀ ਜ਼ੁਬਾਨ ਤੇ ਅਦਬ ਦੇ ਅਲੰਬਰਦਾਰ ਇਨਾਇਤ ਹੁਸੈਨ ਭੱਟੀ ਦਾ ਜਨਮ ਦਿਨ ਸ਼ੁੱਕਰਵਾਰ ਨੂੰ ਇਸਲਾਮਾਬਾਦ ਤੇ ਲਾਹੌਰ ਵਿਚ ਸਮਾਗਮ ਰਚਾ ਕੇ ਮਨਾਇਆ ਗਿਆ। ਭੱਟੀ ਦਾ ਜਨਮ 12 ਜਨਵਰੀ 1928 ਨੂੰ ਗੁਜਰਾਤ ਸ਼ਹਿਰ ਵਿਚ ਹੋਇਆ ਸੀ। ਗਿਆਰਾਂ ਵਰ੍ਹਿਆਂ ਦੀ ਉਮਰ ਵਿਚ ਉਸ ਨੂੰ ਪੜ੍ਹਾਈ ਲਈ ਲਾਹੌਰ ਭੇਜ ਦਿੱਤਾ ਗਿਆ। 19 ਵਰ੍ਹਿਆਂ ਦੀ ਉਮਰ ਵਿਚ ਉਸ ਨੇ ਰੇਡੀਓ ’ਤੇ ਗਾਉਣਾ ਸ਼ੁਰੂ ਕੀਤਾ ਅਤੇ ਫਿਰ 1949 ਵਿਚ ਉਹ ਪੰਜਾਬੀ ਫਿਲਮ ‘ਫੇਰੇ’ ਰਾਹੀਂ ਪਲੇਅਬੈਕ ਸਿੰਗਰ ਬਣ ਗਿਆ।
ਬਚਪਨ ਤੋਂ ਹੀ ਉਸ ਦਾ ਸੂਫ਼ੀ ਕਾਵਿ ਨਾਲ ਮੋਹ ਸੀ। ਬਾਅਦ ਵਿਚ ਉਸ ਨੇ ਸ਼ਿਵ ਕੁਮਾਰ ਬਟਾਲਵੀ ਨੂੰ ਵੀ ਗਾ ਕੇ ਪਾਕਿਸਤਾਨ ਵਿਚ ਮਕਬੂਲ ਬਣਾਇਆ। ਉਸ ਵੱਲੋਂ 500 ਦੇ ਕਰੀਬ ਫਿਲਮਾਂ ਵਿਚ ਗਾਏ ਗੀਤਾਂ ਦੀ ਗਿਣਤੀ 2500 ਤੋਂ ਵੱਧ ਹੈ। 1997 ਵਿਚ ਅਧਰੰਗ ਕਾਰਨ ਉਸ ਦੀ ਜ਼ੁਬਾਨ ਵਿਗੜ ਗਈ। ਇਸ ਮਗਰੋਂ ਉਹ ਕਈ ਬਿਮਾਰੀਆਂ ਨਾਲ ਜੂਝਦਾ ਰਿਹਾ ਅਤੇ 31 ਮਈ 1999 ਨੂੰ ਇਸ ਜਹਾਨ ਤੋਂ ਰੁਖ਼ਸਤ ਹੋ ਗਿਆ। ਉਸ ਦੇ ਪ੍ਰਸੰਸਕਾਂ ਵੱਲੋਂ ਹਰ ਵਰ੍ਹੇ ਉਸ ਦੇ ਜਨਮ ਦਿਨ ਮੌਕੇ ਉਸ ਨੂੰ ਯਾਦ ਕੀਤਾ ਜਾਂਦਾ ਹੈ। ਇਨ੍ਹਾਂ ਸਮਾਗਮਾਂ ਵਿਚ ਉਸ ਦੇ ਗੀਤ ਵੀ ਪੇਸ਼ ਕੀਤੇ ਜਾਂਦੇ ਹਨ ਅਤੇ ਉਸ ਨਾਲ ਜੁੜੇ ਕਿੱਸੇ ਵੀ ਸਾਂਝੇ ਕੀਤੇ ਜਾਂਦੇ ਹਨ।
ਜ਼ਿਮੀਂਦਾਰਾਂ ਦੀ ਚੜ੍ਹਤ
ਪਾਕਿਸਤਾਨ ਵਿਚ ਚੋਣਾਂ ਦਾ ਮਾਹੌਲ ਗਰਮ ਹੈ। ਸਿਆਸੀ ਪਾਰਟੀਆਂ ਵੱਲੋਂ ਉਮੀਦਵਾਰਾਂ ਦੇ ਨਾਵਾਂ ਦੇ ਐਲਾਨ ਵੀ ਮੁਕੰਮਲ ਹੋਣ ਵਾਲੇ ਹਨ। ਸੂਬਾ ਪੰਜਾਬ ਵਿਚ ਸਭ ਤੋਂ ਵੱਧ ਲੋਕ ਹੁੰਗਾਰਾ ਪਾਕਿਸਤਾਨ ਮੁਸਲਿਮ ਲੀਗ- ਨਵਾਜ਼ ਜਾਂ ਪੀ.ਐਮ.ਐੱਲ.-ਐੱਨ. ਨੂੰ ਮਿਲ ਰਿਹਾ ਹੈ। ਇਸ ਪਾਰਟੀ ਨੇ ਕੌਮੀ ਅਸੈਂਬਲੀ ਲਈ ਸਭ ਤੋਂ ਵੱਧ 60 ਟਿਕਟਾਂ ਜ਼ਿਮੀਂਦਾਰਾਂ ਨੂੰ ਦਿੱਤੀਆਂ ਹਨ। ਉਹ ਵੀ 40 ਏਕੜ ਤੋਂ ਵੱਧ ਜ਼ਮੀਨ ਵਾਲਿਆਂ ਨੂੰ। ਉਸ ਤੋਂ ਬਾਅਦ ਕਾਰੋਬਾਰੀ (ਬਿਜ਼ਨਸਮੈਨ) ਆਉਂਦੇ ਹਨ। ਉਨ੍ਹਾਂ ਦੀ ਗਿਣਤੀ 53 ਹੈ। ਇਨ੍ਹਾਂ ਕਾਰੋਬਾਰੀਆਂ ਵਿਚ ਹੀ ਪਾਰਟੀ ਦੇ ਸਰਵੋ-ਸਰਵਾ ਮੀਆਂ ਨਵਾਜ਼ ਸ਼ਰੀਫ਼, ਉਨ੍ਹਾਂ ਦੇ ਭਰਾ (ਤੇ ਸਾਬਕਾ ਵਜ਼ੀਰੇ ਆਜ਼ਮ) ਸ਼ਹਬਿਾਜ਼ ਸ਼ਰੀਫ਼ ਤੇ ਨਵਾਜ਼ ਸ਼ਰੀਫ਼ ਦੀ ਬੇਟੀ ਮਰੀਅਮ ਨਵਾਜ਼ ਸ਼ਾਮਲ ਹਨ। ਸ਼ਹਬਿਾਜ਼ ਦੇ ਬੇਟੇ ਹਮਜ਼ਾ ਨੂੰ ਸੂਬਾਈ ਅਸੈਂਬਲੀ ਵਾਸਤੇ ਦੋ ਹਲਕਿਆਂ ਤੋਂ ਖੜ੍ਹਾ ਕੀਤਾ ਗਿਆ ਹੈ। ਬਾਕੀ ਉਮੀਦਵਾਰਾਂ ਵਿਚੋਂ 7 ਪੇਸ਼ੇ ਵਜੋਂ ਵਕੀਲ, 6 ਡਾਕਟਰ ਅਤੇ ਬਾਕੀ ‘ਖ਼ਾਲਸ’ ਸਿਆਸਤਦਾਨ ਹਨ।
- ਸੁਰਿੰਦਰ ਸਿੰਘ ਤੇਜ