ਪਾਕਿਸਤਾਨ: ਬਿਜਲੀ ਦਰਾਂ ਵਧਾਉਣ ਤੇ ਨਵੇਂ ਟੈਕਸਾਂ ਖ਼ਿਲਾਫ਼ ਵਪਾਰੀਆਂ ਵੱਲੋਂ ਹੜਤਾਲ
ਇਸਲਾਮਾਬਾਦ, 28 ਅਗਸਤ
ਪਾਕਿਸਤਾਨ ਵਿੱਚ ਬਿਜਲੀ ਦਰਾਂ ਵਧਾਉਣ ਅਤੇ ਦੁਕਾਨਦਾਰਾਂ ’ਤੇ ਲਾਏ ਗਏ ਨਵੇਂ ਟੈਕਸਾਂ ਦੇ ਵਿਰੋਧ ਵਿੱਚ ਅੱਜ ਵਪਾਰੀ ਹੜਤਾਲ ’ਤੇ ਚਲੇ ਗਏ ਅਤੇ ਮੁੱਖ ਸ਼ਹਿਰਾਂ ਤੇ ਸ਼ਹਿਰੀ ਖੇਤਰਾਂ ਵਿੱਚ ਆਪਣੇ ਕਾਰੋਬਾਰ ਬੰਦ ਕਰ ਦਿੱਤੇ। ਪਿਛਲੇ ਮਹੀਨੇ ਪਾਕਿਸਤਾਨ ਵੱਲੋਂ ਕੌਮਾਂਤਰੀ ਮੁਦਰਾ ਕੋਸ਼ (ਆਈਐੱਮਐੱਫ) ਨਾਲ ਸੱਤ ਅਰਬ ਅਮਰੀਕੀ ਡਾਲਰ ਦੇ ਨਵੇਂ ਕਰਜ਼ ਲਈ ਸਮਝੌਤਾ ਕੀਤੇ ਜਾਣ ਮਗਰੋਂ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੀ ਸਰਕਾਰ ਨੇ ਬਿਜਲੀ ਦਰਾਂ ਵਿੱਚ ਲਗਾਤਾਰ ਵਾਧਾ ਕੀਤਾ ਹੈ।
ਇਨ੍ਹਾਂ ਵਧਾਈਆਂ ਦਰਾਂ ਨੇ ਭਾਰੀ ਅਸੰਤੋਸ਼ ਪੈਦਾ ਕਰ ਦਿੱਤਾ ਅਤੇ ਲੋਕ ਪ੍ਰਦਰਸ਼ਨ ਕਰ ਰਹੇ ਹਨ। ਅੱਜ ਪੂਰੇ ਪਾਕਿਸਤਾਨ ਵਿੱਚ ਜ਼ਿਆਦਾਤਰ ਬਾਜ਼ਾਰ ਬੰਦ ਰਹੇ। ਹਾਲਾਂਕਿ, ਦਵਾਈਆਂ ਦੀਆਂ ਦੁਕਾਨਾਂ ਤੇ ਕਰਿਆਣਾ ਦੁਕਾਨਾਂ ਖੁੱਲ੍ਹੀਆਂ ਰਹੀਆਂ। ਹੜਤਾਲ ਕਰ ਰਹੇ ਇੱਕ ਆਗੂ ਕਾਸ਼ਿਫ਼ ਚੌਧਰੀ ਨੇ ਕਿਹਾ ਕਿ ਆਮ ਲੋਕਾਂ ਦੀ ਸਮੱਸਿਆ ਨੂੰ ਧਿਆਨ ਵਿੱਚ ਰੱਖਦਿਆਂ ਇਹ ਦੁਕਾਨਾਂ ਬੰਦ ਨਹੀਂ ਕੀਤੀਆਂ। ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ, ਨੇੜਲੇ ਸ਼ਹਿਰ ਰਾਵਲਪਿੰਡੀ ਅਤੇ ਦੇਸ਼ ਦੀ ਸਭਿਆਚਾਰਕ ਰਾਜਧਾਨੀ ਲਾਹੌਰ ਤੇ ਮੁੱਖ ਆਰਥਿਕ ਕੇਂਦਰ ਕਰਾਚੀ ਵਿੱਚ ਦੁਕਾਨਾਂ ਬੰਦ ਰਹੀਆਂ। ਹੜਤਾਲ ਦਾ ਸੱਦ ਜਮਾਤ-ਏ-ਇਸਲਾਮੀ ਪਾਕਿਸਤਾਨ ਪਾਰਟੀ ਦੇ ਮੁਖੀ ਨਈਮ-ਉਰ-ਰਹਿਮਾਨ ਨੇ ਦਿੱਤਾ ਅਤੇ ਵਪਾਰੀਆਂ ਦੀਆਂ ਜ਼ਿਆਦਾਤਰ ਜਥੇਬੰਦੀਆਂ ਤੇ ਐਸੋਸੀਏਸ਼ਨਾਂ ਨੇ ਇਸ ਦਾ ਸਮਰਥਨ ਕੀਤਾ। ਹਾਲਾਂਕਿ, ਉੱਤਰ-ਪੱਛਮੀ ਖੈਬਰ ਪਖ਼ਤੂਨਖਵਾ ਅਤੇ ਦੱਖਣ-ਪੱਛਮੀ ਬਲੋਚਿਸਤਾਨ ਸੂਬਿਆਂ ਵਿੱਚ ਵਪਾਰੀਆਂ ਨੇ ਅੰਸ਼ਿਕ ਹੜਤਾਲ ਕੀਤੀ, ਜਿੱਥੇ ਕੁੱਝ ਦੁਕਾਨਾਂ ਖੁੱਲ੍ਹੀਆਂ ਰਹੀਆਂ। ਹੜਤਾਲ ਦਾ ਉਦੇਸ਼ ਬਿਜਲੀ ਦਰਾਂ ਵਿੱਚ ਹਾਲ ਹੀ ਵਿੱਚ ਕੀਤਾ ਗਿਆ ਵਾਧਾ ਅਤੇ ਆਈਐੱਮਐੱਫ ਨਾਲ ਹੋਈ ਗੱਲਬਾਤ ਮਗਰੋਂ ਲਾਏ ਗਏ ਵਿਵਾਦਿਤ ਟੈਕਸ ਨੂੰ ਵਾਪਸ ਲੈਣ ਲਈ ਸਰਕਾਰ ’ਤੇ ਦਬਾਅ ਪਾਉਣਾ ਹੈ। -ਏਪੀ